ਆਪੋ ਆਪਣਾ ਹੰਕਾਰ ਛੱਡ ਕੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਲੋਕ ਲਹਿਰ ਪੈਦਾ ਕਰਨ : ਹਮੀਰ ਸਿੰਘ
ਨਾਭਾ, (ਤਰੁਣ ਕੁਮਾਰ ਸ਼ਰਮਾ) ਸਿੱਖਿਆ ਨੀਤੀ 2020 ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਡੇਰਾ ਸ਼੍ਰੀ ਗੁਰੂ ਰਵਿਦਾਸ ਜੀ ਕਮਿਊਨਿਟੀ ਹਾਲ ਵਿਖੇ ਕਰਵਾਈ ਵਿਚਾਰ ਚਰਚਾ ‘ਚ ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ। ਮੰਚ ਦੇ ਜਨਰਲ ਸਕੱਤਰ ਰਾਜੇਸ ਕੁਮਾਰ ਦਾਨੀ ਨੇ ਆਏ ਲੋਕਾਂ ਦਾ ਸਵਾਗਤ ਕੀਤਾ ਜਦਕਿ ਮੰਚ ਦੇ ਪ੍ਰਧਾਨ ਜਗਜੀਤ ਸਿੰਘ ਨੌਹਰਾ ਨੇ ਦੇਸ਼ ਵਿੱਚ ਬਣੇ ਹਾਲਾਤਾਂ ਅਤੇ ਸਿੱਖਿਆ ਨੀਤੀ 2020 ਰਾਹੀਂ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਮਨਮਾਨੀ ਤੋਂ ਜਾਣੂ ਕਰਵਾਇਆ। ਡਾ. ਕੁਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ, ਦੇਸ਼ ਦੀ ਵੰਨ ਸੁਵੰਨਤਾ, ਵੱਖ-ਵੱਖ ਸੱਭਿਆਚਾਰਾਂ ਆਦਿ ਨੂੰ ਬੇਧਿਆਨ ਕਰਕੇ ਨੀਵੀਂ ਨੀਤੀ ਜਾਰੀ ਕੀਤੀ ਹੈ।
ਕਰੋਨਾ ਦੀ ਆੜ ਵਿੱਚ ਬਿਨਾਂ ਕਿਸੇ ਚਰਚਾ ਤੋਂ ਪਾਰਲੀਮੈਂਟ ਵਿੱਚ ਪਾਸ ਕਰਨਾ ਇੱਕ ਗੰਭੀਰ ਸਵਾਲ ਪੈਦਾ ਕਰਦਾ ਹੈ। ਨਵੀਂ ਨੀਤੀ ਨੇ ਨਿੱਜੀਕਰਨ ਦੀ ਪ੍ਰਕ੍ਰਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਬਰਾਬਰ ਦੀ ਸਿੱਖਿਆ ਦੀ ਗੱਲ ਨੀਤੀ ‘ਚੋਂ ਗਾਇਬ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਦੇਸ਼ ਵਿੱਚ ਕਰੋਨਾ ਦੀ ਆੜ ਵਿੱਚ ਕੇਂਦਰ ਦੀ ਸਰਕਾਰ ਤਾਨਾਸ਼ਾਹੀ ਤਰੀਕੇ ਦਾ ਵਿਵਹਾਰ ਕਰ ਰਹੀ ਹੈ। ਜਮਹੂਰੀਅਤ ਦਾ ਜਨਾਜ਼ਾ ਕੱਢ ਦਿੱਤਾ ਹੈ। ਦੇਸ਼ ਵਿੱਚ ਨਸ਼ਿਆਂ, ਫੂਡ ਅਤੇ ਸਿੱਖਿਆ ਮਾਫ਼ੀਆ ਪੂਰੀ ਤਰਾਂ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ।
ਸਰਕਾਰ ਇਸੇ ਨੂੰ ਮਜ਼ਬੂਤ ਕਰਨ ਲੱਗੀ ਹੋਈ। ਖੇਤੀ ਆਰਡੀਨੈਂਸ, ਸਿੱਖਿਆ ਨੀਤੀ 2020 ਅਤੇ ਵਾਤਾਵਰਨ ਸੰਬੰਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਆਜਾਦੀ ਸਮੇਂ ਜੋ ਸੁਪਨਾ ਲੈ ਕੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆ, ਮੌਜ਼ੂਦਾ ਕੇਂਦਰ ਸਰਕਾਰ ਉਨਾਂ ਸੁਪਨਿਆਂ ਨੂੰ ਤਬਾਹ ਕਰ ਦਿੱਤਾ ਹੈ। ਸਿੱਖਿਆ ਨੀਤੀ ਨਾਲ ਮੁੱਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਕਾਨੂੰਨ 2009 ਬੇਧਿਆਨ ਕੀਤਾ ਗਿਆ ਹੈ। ਅੱਜ ਸਮਾਂ ਆ ਗਿਆ ਹੈ ਕਿ ਲੋਕ ਵੱਡੇ ਪੱਧਰ ‘ਤੇ ਇਕੱਠੇ ਹੋ ਕੇ ਲੋਕ ਲਹਿਰ ਖੜੀ ਕਰਨ ਅਤੇ ਸਾਰੀਆਂ ਧਿਰਾਂ ਨੂੰ ਆਪੋ ਆਪਣਾ ਹੰਕਾਰ ਛੱਡ ਕੇ ਇੱਕ ਮੁੱਠ ਹੋ ਕੇ ਲੜਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਰਜੀਤ ਸਿੰਘ ਲਲੌਛੀ ਨੇ ਨਿਭਾਈ।
ਇਸ ਮੌਕੇ ਆਈ ਡੀ ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ ਸੰਗਰੂਰ, ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਪ੍ਰਧਾਨ ਹਰਜਿੰਦਰ ਕੌਰ ਲੋਪੇ, ਤਾਰਾ ਸਿੰਘ ਫੱਗੂਵਾਲ, ਤਰਲੋਚਨ ਸਿੰਘ ਸੂਲਰਘਰਾਟ, ਤੇਜਿੰਦਰ ਸਿੰਘ ਬਾਗੜੀਆਂ, ਦਲੇਰੀ ਪ੍ਰੈਸ ਨਾਭਾ ਤੋਂ ਗੁਲਾਬ ਸਿੰਘ ਭੋਲਾ, ਡਿਪਟੀ ਡੀ ਈ ਓ ਦੀਦਾਰ ਸਿੰਘ, ਕੁਲਦੀਪ ਸਿੰਘ ਰਾਈਏਵਾਲ, ਬਚਿੱਤਰ ਸਿੰਘ ਦੰਦਰਾਲਾ ਖਰੋੜ, ਰਣਧੀਰ ਸਿੰਘ ਦਿੱਤੂਪੁਰ, ਦਰਸਨ ਦਾਸ ਸਾਧੋਹੇੜੀ, ਬਲਜਿੰਦਰ ਸਿੰਘ ਰੋਹਟੀ ਮੌੜਾਂ, ਜਸਪਾਲ ਬਹਿਰ ਜੱਸ, ਨਵਦੀਪ ਕੌਰ ਜਖੇਪਲ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਮਨਮਾਨੀਆਂ ਦੀ ਨਿਖੇਧੀ ਕੀਤੀ। ਇਸ ਮੌਕੇ ਡੇਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਮੇਟੀ ਦੇ ਸਕੱਤਰ ਮਾਸਟਰ ਅਮਰ ਸਿੰਘ ਨੇ ਆਏ ਲੋਕਾਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.