ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਸਖ਼ਤ ਸੰਦੇਸ਼
ਐਲਏਸੀ (LAC) ‘ਤੇ ਵੱਡੀ ਗਿਣਤੀ ‘ਚ ਚੀਨੀ ਫੌਜੀਆਂ ਦੀ ਤਾਇਨਾਤੀ ‘ਤੇ ਚੁੱਕੇ ਸਵਾਲ
ਮਾਸਕੋ। ਸਰਹੱਦ ‘ਤੇ ਚੀਨ ਤੇ ਭਾਰਤ ਦਰਮਿਆਨ ਜਾਰੀ ਤਣਾਅ ਦੌਰਾਨ ਮਾਸਕੋ ‘ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ (Wang Yi) ਦੇ ਨਾਲ 2 ਘੰਟਿਆਂ ਤੋਂ ਵੱਧ ਬੈਠਕ ਹੋਈ। ਬੈਠਕ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ (Wang Yi) ਨੂੰ ਕਿਹਾ ਕਿ ਸਰਹੱਦ ‘ਤੇ ਜਿਉਂ ਦੀ ਤਿਉਂ ਸਥਿਤੀ ‘ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਜੈਸ਼ੰਕਰ ਨੇ ਵਾਂਗ ਯੀ ਨੂੰ ਸਾਫ਼-ਸਾਫ਼ ਕਿਹਾ ਕਿ ਸਰਹੱਦ ਨਾਲ ਜੁੜੇ ਸਾਰੇ ਸਮਝੌਤਿਆਂ ‘ਤੇ ਪੂਰੀ ਪਾਲਣਾ ਕੀਤੀ ਜਾਵੇ।
ਮੀਟਿੰਗ ‘ਚ ਦੋਵੇਂ ਆਗੂਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਮਤਭੇਦ ਵਿਵਾਦ ‘ਚ ਨਹੀਂ ਬਦਲਣੇ ਚਾਹੀਦੇ। ਸੂਤਰਾਂ ਅਨੁਸਾਰ ਬੈਠਕ ‘ਚ ਚੀਨੀ ਵਿਦੇਸ਼ ਮੰਤਰੀ ਨੂੰ ਇਹ ਦੱਸਿਆ ਗਿਆ ਕਿ ਭਾਰਤੀ ਜਵਾਨਾਂ ਨੇ ਤਣਾਅ ਦੌਰਾਨ ਵੀ ਸਰਹੱਦ ਨਾਲ ਜੁੜੇ ਸਾਰੇ ਸਮਝੌਤਿਆਂ ਦੀ ਪਾਲਣਾ ਕੀਤੀ ਹੈ। ਇਸ ਦੁਵੱਲੀ ਗੱਲਬਾਤ ‘ਚ ਭਾਰਤੀ ਪੱਖ ਨੇ ਐਲਏਸੀ ‘ਤੇ ਵੱਡੀ ਗਿਣਤੀ ‘ਚ ਚੀਨੀ ਫੌਜੀਆਂ ਤੇ ਉਪਕਰਨਾਂ ਦੀ ਤਾਇਨਾਤੀ ‘ਤੇ ਸਵਾਲ ਚੁੱਕੇ। ਭਾਰਤ ਵੱਲੋਂ ਕਿਹਾ ਗਿਆ ਕਿ ਅਜਿਹੇ ਕਦਮ ਸਾਲ 1993 ਤੇ 1996 ਦੇ ਸਮਝੌਤਿਆਂ ਦੀ ਉਲੰਘਣਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਲੱਦਾਖ ‘ਚ ਐਲਏਸੀ ਸਬੰਧੀ ਚੀਨ ਨਾਲ ਅੜਿੱਕਾ ਜਾਰੀ ਹੈ। ਜੂਨ ‘ਚ ਦੋਵਾਂ ਦੇਸ਼ਾਂ ਦੇ ਫੌਜੀਆਂ ਦੀ ਝੜਪ ਹੋ ਗਈ ਸੀ, ਜਿਸ ‘ਚ 20 ਭਾਰਤੀ ਤੇ ਕਈ ਚੀਨੀ ਫੌਜੀ ਮਾਰੇ ਗਏ ਸਨ। ਇਸ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪੰਜ ਬਿੰਦੂਆਂ ‘ਤੇ ਬਣੀ ਸਹਿਮਤੀ
- ਦੋਵਾਂ ਵਿਦੇਸ਼ ਮੰਤਰੀ ਇਸ ਗੱਲ ‘ਤੇ ਸਹਿਮਤ ਹੋਏ ਕਿ ਮੌਜ਼ੂਦਾ ਸਥਿਤੀ ਕਿਸੇ ਦੇ ਹਿੱਤ ‘ਚ ਨਹੀਂ ਹੈ। ਇਸ ਲਈ ਇਹ ਇਸ ਗੱਲ ‘ਤੇ ਰਾਜ਼ੀ ਹੋਏ ਕਿ ਸਰਹੱਦ ‘ਤੇ ਤਾਇਨਾਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ। ਉਚਿਤ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਤੇ ਤਣਾਅ ਨੂੰ ਘੱਟ ਕਰਨਾ ਚਾਹੀਦਾ ਹੈ।
- ਦੋਵਾਂ ਧਿਰਾਂ ਨੂੰ ਭਾਰਤ-ਚੀਨ ਸਬੰਧਾਂ ਨੂੰ ਵਿਕਸਿਤ ਕਰਨ ਲਈ ਦੋਵਾਂ ਦੇਸ਼ਾਂ ਦੇ ਆਗੂਆਂ ਦਰਮਿਆਨ ਬਣੀ ਆਮ ਸਹਿਮਤੀ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ ਹੈ, ਜਿਸ ਨਾਲ ਮਤਭੇਦਾਂ ਨੂੰ ਵਿਵਾਦ ਨਾ ਬਣਨ ਦੇਣਾ ਸ਼ਾਮਲ ਹੈ।
- ਸਰਹੱਦ ਦੇ ਪ੍ਰਬੰਧਨ ਨਾਲ ਜੁੜੇ ਸਾਰੇ ਮੌਜ਼ੂਦਾ ਸਮਝੌਤਿਆਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਸ਼ਾਂਤੀ ਤੇ ਮਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ ਤੇ ਕਿਸੇ ਵੀ ਅਜਿਹੀ ਕਾਰਵਾਈ ਤੋਂ ਬਚਣਾ ਹੈ, ਜੋ ਤਣਾਅ ਵਧਾ ਸਕਦੀ ਹੈ।
- ਜਿਵੇਂ ਹੀ ਸਰਹੱਦ ‘ਤੇ ਸਥਿਤੀ ਬਿਹਤਰ ਹੋਵੇਗੀ, ਦੋਵੇਂ ਧਿਰਾਂ ਨੂੰ ਸਰਹੱਦੀ ਖੇਤਰਾਂ ‘ਚ ਸ਼ਾਂਤੀ ਤੇ ਮਿੱਤਰਤਾ ਬਣਾਈ ਰੱਖਣ ਲਈ ਨਵੇਂ ਵਿਸ਼ਵਾਸ ਨੂੰ ਸਥਾਪਿਤ ਕਰਨ ਦੀ ਦਿਸ਼ਾ ‘ਚ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ।
- ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦ ਮਾਮਲੇ ‘ਤੇ ਵਿਸ਼ੇਸ਼ ਵਫ਼ਦ (ਐਸਆਰ) ਤੰਤਰ ਰਾਹੀਂ ਗੱਲਬਾਤ ਤੇ ਸੰਚਾਰ ਜਾਰੀ ਰੱਖਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਇਸ ਦੀ ਬੈਠਕਾਂ ‘ਚ ਭਾਰਤ-ਚੀਨ ਸਰਹੱਦ ਮਾਮਲਿਆਂ ‘ਤੇ ਵਿਚਾਰ-ਵਟਾਂਦਰਤਾ ਤੇ ਤਾਲਮੇਲ ਲਈ ਕਾਰਜ ਤੰਤਰ ਜਾਰੀ ਰਹਿਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.