ਆਪ ਨੂੰ ਸ਼ਰਾਰਤੀ ਕਹਿਣ ਤੋਂ ਪਹਿਲਾਂ ਆਪਣੇ ਮੰਤਰੀਆਂ ‘ਤੇ ਕਾਬੂ ਪਾਉਣ ਅਮਰਿੰਦਰ : ਆਪ ਆਗੂ
ਨਾਭਾ, (ਤਰੁਣ ਕੁਮਾਰ ਸ਼ਰਮਾ)। ਦਲਿਤ ਵਿਦਿਆਰਥੀਆਂ ਦੇ ਵਜੀਫੇ ਘੁਟਾਲੇ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਨਾਭਾ ਵਿਖੇ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਲੜੀਵਾਰ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਪੰਜ ਮੈਂਬਰੀ ਕਮੇਟੀ ਚੇਤਨ ਸਿੰਘ ਜੋੜੇਮਾਜਰਾ, ਗੁਰਦੇਵ ਸਿੰਘ, ਜੱਸੀ ਸੋਹੀਆਂ ਵਾਲਾ, ਨਰਿੰਦਰ ਸ਼ਰਮਾ ਅਤੇ ਵਰਿੰਦਰ ਬਿੱਟੂ ਵੱਲੋਂ ਕੀਤੀ ਗਈ।
ਧਰਨੇ ਵਿੱਚ ਅੱਜ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਲੀਡਰ ਕਰਨਵੀਰ ਸਿੰਘ ਟਿਵਾਣਾ, ਪ੍ਰਦੀਪ ਮਲਹੋਤਰਾ ਫਤਿਹਗੜ ਸਾਹਿਬ, ਵੀਰਪਾਲ ਕੌਰ ਚਹਿਲ, ਮੇਘ ਚੰਦ ਸ਼ੇਰਮਾਜਰਾ, ਸੰਦੀਪ ਬੰਧੂ ਅਤੇ ਪ੍ਰੀਤੀ ਮਲਹੋਤਰਾ ਨੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਵਜੀਫਾ ਫੰਡ ਘੁਟਾਲੇ ‘ਚ ਇੱਕਲੇ ਮੰਤਰੀ ਧਰਮਸੋਤ ਦਾ ਹੀ ਨਹੀਂ ਬਲਕਿ ਮੁੱਖ ਮੰਤਰੀ ਅਮਰਿੰਦਰ ਸਿੰੰਘ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦਾ ਵੀ ਹੱਥ ਹੈ।
ਇੱਕ ਪਾਸੇ ਮੰਤਰੀ ਧਰਮਸੋਤ ਖਿਲਾਫ ਪੂਰੇ ਪੰਜਾਬ ਵਿੱਚ ਧਰਨੇ ਅਤੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਰਾਜਾ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੌ ਕੇ ਸੂਬੇ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਖੁੱਲ੍ਹੀ ਛੋਟ ਦੇ ਰਹੇ ਹਨ। ਆਪ ਆਗੂਆਂ ਨੇ ਮੁੱਖ ਮੰਤਰੀ ਵੱਲੋਂ ਆਪ ਪਾਰਟੀ ਨੂੰ ਸ਼ਰਾਰਤੀ ਪਾਰਟੀ ਕਹਿਣ ‘ਤੇ ਕਿਹਾ ਕਿ ਲੋਕ ਹਿੱਤਾਂ ਵਿੱਚ ਆਵਾਜ ਉਠਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਕੁੱਝ ਕਹਿਣ ਤੋਂ ਪਹਿਲਾਂ ਮੁੱਖ ਮੰਤਰੀ ਪਹਿਲਾਂ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਕੁਰਸੀਆਂ ਤੋਂ ਲਾਹੁਣ ਜੋ ਕਿ ਲੋਕ ਹਿੱਤਾਂ ਦੇ ਵਾਅਦੇ ਕਰਕੇ ਸੱਤਾ ਵਿੱਚ ਆ ਕੇ ਲੋਕਾਂ ਦੇ ਹਿੱਤਾਂ ਦਾ ਹੀ ਘਾਣ ਕਰਦੇ ਆ ਰਹੇ ਹਨ।
ਇਸ ਮੌਕੇ ਉਨ੍ਹਾਂ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜਦ ਤੱਕ ਭ੍ਰਿਸ਼ਟ ਮੰਤਰੀ ਨੂੰ ਬਰਖਾਸ਼ਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਗੱਜੂਮਾਜਰਾ, ਪ੍ਰੀਤਮ ਸਿੰਘ ਕੋਰਜੀਵਾਲ, ਜਗਜੀਤ ਸਿੰਘ ਜਵੰਦਾ, ਗੋਪੀ ਫੈਜਗੜ, ਨਿਰਭੈ ਸਿੰਘ ਘੁੰਡਰ, ਗੁਰਲਾਲ ਸਿੰਘ ਮੱਲੀ, ਬਲਵੰਤ ਸਿੰਘ ਚੋਧਰੀਮਾਜਰਾ ਆਦਿ ਸਮੇਤ ਪਾਰਟੀ ਦੇ ਹੋਰ ਵਲੰਟੀਅਰ ਵੀ ਮੌਜੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.