92 ਸਾਲ ਦੀ ਹੋਈ ਗੋਲਡਨ ਟੈਂਪਲ ਮੇਲ, ਫਰੰਟੀਅਰ ਮੇਲ ਦੇ ਨਾਂਅ ‘ਤੇ 1928 ‘ਚ ਹੋਇਆ ਸੀ ਉਦਘਾਟਨ

ਭਾਰਤ ਵੰਡ ਮਗਰੋਂ 1996 ‘ਚ ਫਰੰਟੀਅਰ ਮੇਲ ਦਾ ਨਾਂਅ ਬਦਲ ਕੇ ਰੱਖਿਆ ਗੋਲਡਨ ਟੈਂਪਲ ਮੇਲ

ਫਿਰੋਜ਼ਪੁਰ, (ਸਤਪਾਲ ਥਿੰਦ)। ਭਾਰਤੀ ਰੇਲਵੇ ਦੀਆਂ ਸਭ ਤੋਂ ਪੁਰਾਣੀਆਂ ਲੰਬੀ ਦੂਰੀ ਦੀਆਂ ਰੇਲਾਂ ਵਿਚੋਂ ਗੋਲਡਨ ਟੈਂਪਲ ਮੇਲ ਜੋ 1 ਸਤੰਬਰ, 2020 ਨੂੰ 92 ਸਾਲਾਂ ਦੀ ਹੋ ਗਈ ਹੈ ਜੋ ਕਿ 1928 ਤੋਂ ਲਗਾਤਾਰ ਯਾਤਰੀਆਂ ਦੀ ਸੇਵਾ ਕਰ ਰਹੀ ਹੈ। ਗੋਲਡਨ ਟੈਂਪਲ ਮੇਲ ਬਾਰੇ ਰੇਲਵੇ ਅਧਿਕਾਰੀ ਐਸ.ਆਰ. ਪੀ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਰੇਲ ਦਾ ਉਦਘਾਟਨ 1 ਸਤੰਬਰ 1928 ਨੂੰ ਹੋਇਆ ਸੀ, ਉਸ ਵਕਤ ਇਸ ਰੇਲ ਨੂੰ ਫਰੰਟੀਅਰ ਮੇਲ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਇਹ ਰੇਲ ਉਸ ਦੌਰਾਨ ਬਾਲਾਰਡ ਪੀਅਰ ਮਾਲ ਸਟੇਸ਼ਨ ਤੋਂ ਦਿੱਲੀ, ਬਠਿੰਡਾ, ਫਿਰੋਜ਼ਪੁਰ, ਲਾਹੌਰ ਤੋਂ ਪਿਸ਼ਾਵਰ ਜਾਂਦੀ ਸੀ

ਪਰ 1 ਮਾਰਚ 1930 ਤੋਂ ਇਹ ਸਹਾਰਨਪੁਰ, ਅੰਬਾਲਾ, ਅੰਮ੍ਰਿਤਸਰ ਹੁੰਦੇ ਹੋਏ ਪਿਸ਼ਾਵਰ ਜਾਣ ਲੱਗੀ। 1947 ਵਿਚ ਭਾਰਤ ਦੀ ਵੰਡ ਤੋਂ ਬਾਅਦ ਇਸ ਰੇਲ ਗੱਡੀ ਦਾ ਟਰਮੀਨਲ ਸਟੇਸ਼ਨ ਅੰਮ੍ਰਿਤਸਰ ਵਿਖੇ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਫਰੰਟੀਅਰ ਮੇਲ ਨੂੰ ਰਸਮੀ ਤੌਰ ‘ਤੇ ਸਤੰਬਰ 1996 ਵਿਚ ਗੋਲਡਨ ਟੈਂਪਲ ਮੇਲ ਨਾਂਅ ਦਿੱਤਾ ਗਿਆ। 1930 ਵਿਚ ਲੰਡਨ ਦੇ ਪ੍ਰਮੁੱਖ ਅਖਬਾਰ ਦਿ ਟਾਈਮਜ਼ ਨੇ ਫਰੰਟੀਅਰ ਮੇਲ ਨੂੰ ਬ੍ਰਿਟਿਸ਼ ਸਾਮਰਾਜ ਦੀ ਸਭ ਤੋਂ ਮਸ਼ਹੂਰ ਐਕਸਪ੍ਰੈਸ ਟ੍ਰੇਨਾਂ ਵਜੋਂ ਦਰਸਾਇਆ ਗਿਆ, ਜਿਸ ਨੂੰ ਸੂਚੀ ‘ਚ ਪਹਿਲੇ ਸਥਾਨ ‘ਤੇ ਰੱਖਿਆ ਗਿਆ।

 

ਤੁਹਾਡੀ ਰੋਲੇਕਸ ਘੜੀ ਤੁਹਾਨੂੰ ਧੋਖਾ ਦੇ ਸਕਦੀ ਹੈ, ਪਰ ਫਰੰਟੀਅਰ ਮੇਲ ਨਹੀਂ…

ਫਰੰਟੀਅਰ ਮੇਲ ਆਪਣੀ ਸਮੇਂ ਦੀ ਪਾਬੰਦ ਹੋਣ ਕਾਰਨ ਇਸ ਕਹਾਵਤਾਂ ਲਈ ਜਾਣਿਆ ਜਾਂਦਾ ਸੀ ਕਿ ਤੁਹਾਡੀ ਰੋਲੇਕਸ ਘੜੀ ਤੁਹਾਨੂੰ ਧੋਖਾ ਦੇ ਸਕਦੀ ਹੈ, ਪਰ ਫਰੰਟੀਅਰ ਮੇਲ ਨਹੀਂ। ਫਰੰਟੀਅਰ ਮੇਲ ਦੀ ਪਹਿਲੀ ਕਲਾਸ ਵਿਚ ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕ ਬ੍ਰਿਟਿਸ਼ ਸਨ।  ਇੱਕ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ, ਰੇਲਵੇ ਦੇ ਪਹਿਲੇ ਦਰਜੇ ਦੇ ਕੋਚ ‘ਚ ਪਖਾਨੇ, ਬਾਥਰੂਮ ਖਾਸ ਤੌਰ ‘ਤੇ ਬਣੇ ਹੋਏ ਸਨ ਅਤੇ ਆਰਾਮਦਾਇਕ ਕੁਰਸੀਆਂ ਨਾਲ ਲੈਸ ਸਨ। ਸਾਰਾ ਕੋਚ ਬਿਜਲੀ ਦੇ ਪੱਖੇ ਅਤੇ ਲਾਈਟਾਂ ਨਾਲ ਲਾਇਆ ਗਿਆ ਸੀ।

1934 ਨੂੰ ਭਾਰਤੀ ਪ੍ਰਾਇਦੀਪ ‘ਚ ਪਹਿਲੀ ਰੇਲਗੱਡੀ ‘ਚ ਲਾਇਆ ਗਿਆ ਸੀ ਏਅਰ ਕੰਡੀਸ਼ਨਰ ਕੋਚ

ਫਰੰਟੀਅਰ ਮੇਲ ਭਾਰਤੀ ਪ੍ਰਾਇਦੀਪ ਵਿਚ ਪਹਿਲੀ ਰੇਲਗੱਡੀ ਸੀ, ਜਿਸ ਵਿੱਚ ਇੱਕ ਏਅਰ ਕੰਡੀਸ਼ਨਰ ਕੋਚ 1934 ‘ਚ ਲਾਇਆ ਗਿਆ ਸੀ। ਉਨ੍ਹੀਂ ਦਿਨੀਂ ਏਅਰ ਕੰਡੀਸ਼ਨਰ ਸਿਸਟਮ ਵਿਚ, ਬਰਫ ਦੇ ਬਲਾਕਾਂ ਨੂੰ ਕੋਚ ਦੇ ਹੇਠਾਂ ਬਣੇ ਇੱਕ ਬਲਾਕ ਵਿਚ ਰੱਖਿਆ ਗਿਆ ਸੀ, ਇੱਕ ਬੈਟਰੀ ਨਾਲ ਚੱਲਣ ਵਾਲੇ ਬਲੋਅਰ ਦੁਆਰਾ ਹਵਾ ਦਿੱਤੀ ਜਾਦੀ, ਜਿਸ ਨਾਲ ਸਾਰੇ ਕੋਚ ਵਿੱਚ ਠੰਢਕ ਮਹਿਸੂਸ ਕੀਤੀ ਜਾਂਦੀ। ਬਰਫ ਦੇ ਬਲਾਕਾਂ ਨੂੰ ਨਿਸ਼ਚਤ ਸਮੇਂ ਬਾਅਦ ਦੁਬਾਰਾ ਲਾਇਆ ਜਾਂਦਾ ਸੀ। ਕੈਪਸ਼ਨ : ਗੋਲਡਨ ਟੈਂਪਲ ਮੇਲ ਦੀਆਂ ਪੁਰਾਣੀਆਂ ਤਸਵੀਰਾਂ, ਗੋਲਡਨ ਟੈਂਪਲ ਮੇਲ ਦੇ ਕੋਚ ਮੇਜ਼ ਕੁਰਸੀਆਂ ਦੀ ਸਹੂਲਤ ਨਾਲ ਲੈਸ ਅਤੇ ਏਅਰ ਕੰਡੀਸ਼ਨਰ ਕੋਚ ਹੇਠ ਬਰਫ ਦਾ ਬਲਾਕ ਲਗਾਉਂਦੇ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.