ਨਬਾਲਿਗ ਲੜਕੀ ਨੂੰ ਅਮੀਰ ਬਣਾਉਣ ਦਾ ਝਾਂਸਾ ਦੇ ਕੇ ਹਵਸ਼ ਦਾ ਸ਼ਿਕਾਰ ਬਣਾਉਣ ਦਾ ਯਤਨ

ਮੁਲਜਮ ਅੱਧੀ ਦਰਜ਼ਨ ਸਾਥੀਆਂ ਸਮੇਤ ਗ੍ਰਿਫਤਾਰ

ਸਮਾਣਾ, (ਸੁਨੀਲ ਚਾਵਲਾ)। ਅਮੀਰ ਬਣਾਉਣ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਯਤਨ ਕਰਨ ਵਾਲੇ ਇੱਕ ਵਿਅਕਤੀ ਨੂੰ ਅਤੇ ਉਸਦੇ ਸਾਥੀਆਂ ਨੂੰ ਸਮਾਣਾ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਬੂ ਕਰ ਲਿਆ ਹੈ  ਦਸਵੀਂ ਜਮਾਤ ਵਿੱਚ ਪੜ੍ਹਦੀ ਨਬਾਲਿਗ ਲੜਕੀ ਨੇ ਦੱਸਿਆ ਕਿ ਉਹ ਪਟਿਆਲਾ ਵਿਖੇ ਆਪਣੀ ਭੂਆ ਦੇ ਘਰ ਰਹਿੰਦੀ ਹੈ। ਉਸਨੇ ਪੁਲਿਸ ਕੋਲ ਦਰਜ਼ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਮਾਮੀ ਆਪਣੇ ਸ਼ਰਾਬੀ ਪਤੀ ਤੋਂ ਤੰਗ ਆ ਕੇ ਭੂਆ ਕੋਲ ਹੀ ਰਹਿੰਦੀ ਹੈ। ਪਤੀ ਤੋਂ ਤੰਗ ਹੋਣ ਕਾਰਨ ਉਸਦੀ ਮਾਮੀ ਬਾਬਿਆਂ ਦੇ ਚੱਕਰਾਂ ਵਿੱਚ ਪਈ ਹੋਈ ਹੈ। ਕਿਸੇ ਨੇ ਉਸਦੀ ਮਾਮੀ ਦੀ ਮੁਲਾਕਾਤ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕਕਰਾਲਾ ਨਾਲ ਕਰਵਾ ਦਿੱਤੀ

ਜਿਸ ਤੋਂ ਬਾਅਦ ਉਸਦੀ ਮਾਮੀ ਹਰਜਿੰਦਰ ਸਿੰਘ ਕੋਲ ਜਾਣ ਲੱਗੀ। ਹਰਜਿੰਦਰ ਸਿੰਘ ਨੇ ਉਸਦੀ ਮਾਮੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਵਿੱਚ ਕੋਈ ਕੁਆਰੀ ਲੜਕੀ ਹੈ ਤਾਂ ਉਹ ਉਸਨੂੰ ਲੈ ਆਵੇ, ਉਸਦੀ ਪਹਿਚਾਣ ਵਿੱਚ ਇੱਕ ਬਾਬਾ ਹੈ ਜੋ ਆਪਣੀ ਦੈਵੀ ਸ਼ਕਤੀ ਨਾਲ ਕੁਆਰੀ ਲੜਕੀ ਨਾਲ ਦੇਵੀ ਮਾਤਾ ਨੂੰ ਖੁਸ਼ ਕਰਕੇ ਤੁਹਾਨੂੰ ਅਮੀਰ ਬਣਾ ਦੇਵੇਗਾ। ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਮਾਮੀ ਇਸ ਗੱਲ ‘ਤੇ ਰਾਜੀ ਹੋ ਗਈ ਤੇ ਉਸਨੇ ਹਰਜਿੰਦਰ ਸਿੰਘ ਨੂੰ ਫੋਨ ‘ਤੇ ਦੱਸਿਆ ਕਿ ਉਹ ਆਉਣ ਲਈ ਤਿਆਰ ਹਨ ਪ੍ਰੰਤੂ ਉਨ੍ਹਾਂ ਕੋਲ ਆਉਣ ਲਈ ਕੋਈ ਸਾਧਨ ਨਹੀਂ ਜਿਸ ‘ਤੇ ਹਰਜਿੰਦਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਪਿੰਡ ਢਡਰੀਆ ਜਿਲ੍ਹਾ ਸੰਗਰੂਰ ਦੀ ਗੱਡੀ ਵਿੱਚ ਬੈਠ ਕੇ ਸਾਨੂੰ ਲੈਣ ਆ ਗਿਆ।

ਉਹ ਸਾਨੂੰ ਸਮਾਣਾ ਦੇ ਪਿੰਡ ਦੋਦੜਾ ਵਿਖੇ ਕ੍ਰਿਸ਼ਨਾ ਫੀਡ ਫੈਕਟਰੀ ਵਿੱਚ ਲੈ ਗਏ ਜਿੱਥੇ ਪਹਿਲਾਂ ਤੋਂ ਹੀ ਕਈ ਵਿਅਕਤੀ ਮੌਜੂਦ ਸਨ। ਫੈਕਟਰੀ ਮਾਲਕ ਸੁਰੇਸ਼ ਕੁਮਾਰ ਨੇ ਉਨ੍ਹਾਂ ਨੂੰ ਕੋਲਡ ਡ੍ਰਿੰਕ ਦਿੱਤਾ ਪਰ ਉਨ੍ਹਾਂ ਨਹੀਂ ਪੀਤਾ। ਫਿਰ ਦਰਸ਼ਨ ਸਿੰਘ, ਹਰਜਿੰਦਰ ਸਿੰਘ, ਨਛੱਤਰ ਸਿੰਘ, ਦਵਿੰਦਰਪਾਲ ਸਿੰਘ ਉਸਨੂੰ ਇੱਕ ਕਮਰੇ ਵਿੱਚ ਲੈ ਗਏ ਜਿੱਥੇ ਪਹਿਲਾਂ ਤੋਂ ਹੀ ਇੱਕ 50 ਸਾਲ ਦੀ ਉਮਰ ਦਾ ਵਿਅਕਤੀ ਅਕਰਮ ਖਾਨ ਹਾਜ਼ਰ ਸੀ, ਜਿਸ ਨੇ ਉਸ ਨਾਲ ਜਬਰਦਸਤੀ ਕੀਤੀ ਤਾਂ ਉਸ ਉਸ ਨੂੰ ਧੱਕਾ ਮਾਰ ਕੇ ਕਿਸੇ ਤਰ੍ਹਾਂ ਉੱਥੋਂ ਭੱਜ ਆਈ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਅਕਰਮ ਖਾਨ ਸਣੇ ਉਸਦੇ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 376,511,342,120ਬੀ, 12,18 ਪੋਸਕੋ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਸਦਰ ਥਾਣਾ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਅਕਰਮ ਖਾਨ ਸਣੇ ਉਸਦੇ ਸਾਥੀ ਹਰਜਿੰਦਰ ਸਿੰਘ , ਦਵਿੰਦਰਪਾਲ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ, ਨੱਛਤਰ ਸਿੰਘ ਪੁੱਤਰ ਗੁਰਨਾਮ ਸਿੰਘ ,ਫੈਕਟਰੀ ਮਾਲਕ ਸੁਰੇਸ਼ ਕੁਮਾਰ ਪੱਪੀ ਪੁੱਤਰ ਦੌਲਤ ਰਾਮ ਵਾਸੀ ਘੜਾਮੀ ਪੱਤੀ ਸਮਾਣਾ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਸਾਬਕਾ ਸਰਪੰਚ ਦਰਸ਼ਨ ਸਿੰਘ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੂਜੇ ਪਾਸੇ ਲੜਕੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਜਿਸ ਦੀ ਰਿਪੋਰਟ ਆਉਣ ‘ਤੇ ਮਾਮਲੇ ਵਿੱਚ ਹੋਰ ਵੀ ਧਾਰਾਵਾਂ ਦਾ ਵਾਧਾ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.