ਮਸ਼ਹੂਰ ਕਬੱਡੀ ਖਿਡਾਰੀ ਤੇ ਕੌਮੀ ਬਾਡੀ ਬਿਲਡਰ ਸਤਨਾਮ ਖੱਟੜਾ ਦਾ ਦੇਹਾਂਤ

ਖੱਟੜਾ ਦੀ ਮੌਤ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ

ਨਾਭਾ। ਮਸ਼ਹੂਰ ਕਬੱਡੀ ਖਿਡਾਰੀ ਅਤੇ ਕੌਮੀ ਬਾਡੀ ਬਿਲਡਰ ਤੇ ਮਾਡਲ ਸਤਨਾਮ ਖੱਟੜਾ ਦੀ ਤੜਕਸਾਰ ਅਚਾਨਕ ਮੌਤ ਹੋ ਗਈ ਖੱਟੜਾ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਸਤਨਾਮ ਦੇ ਚਾਚਾ ਕੁਲਦੀਪ ਖੱਟੜਾ ਅਨੁਸਾਰ ਸਤਨਾਮ ਨੂੰ ਸਵੇਰੇ 3 ਵਜੇ ਦੇ ਕਰੀਬ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਜਿਸ ਨੂੰ ਇਲਾਜ ਲਈ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਸਤਨਾਮ ਖੱਟੜਾ ਦੇ ਚਾਚਾ ਡਾਕਟਰ ਕੁਲਦੀਪ ਸਿੰਘ ਖੱਟੜਾ ਨੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਡੀ ਬਿਲਡਰ ਅਤੇ ਮਾਡਲ ਸਤਨਾਮ ਖੱਟੜਾ ਨੂੰ 2 ਦਿਨ ਪਹਿਲਾਂ ਬੁਖਾਰ ਹੋ ਗਿਆ ਤੇ ਬੱਸ ਥੋੜ੍ਹੀ ਇਨਫੈਕਸ਼ਨ ਸੀ ਜਿਸ ਨੂੰ ਬਾਅਦ ਵਿੱਚ ਉਹ ਘਰ ਲੈ ਆਏ ਸ਼ਨਿੱਚਰਵਾਰ ਸਵੇਰੇ 3 ਵਜੇ ਦੇ ਕਰੀਬ ਉਸ ਨੂੰ ਅਚਾਨਕ ਪੇਟ ਵਿੱਚ ਦਰਦ ਹੋਣ ਲੱਗਿਆ ਜਿਸ ‘ਤੇ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੀ ਰਸਤੇ ‘ਚ ਹੀ ਪਿੰਡ ਟੌਹੜਾ ਨੇੜੇ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਸਤਨਾਮ ਉਨ੍ਹਾਂ ਕੋਲ ਹੀ ਰਹਿੰਦਾ ਸੀ ਅਤੇ ਕੁਦਰਤੀ ਖੁਰਾਕ ਖਾਂਦਾ ਸੀ ਉਨ੍ਹਾਂ ਦੱਸਿਆ ਕਿ ਸਤਨਾਮ ਨੇ ਸਖ਼ਤ ਮਿਹਨਤ ਸਦਕਾ ਆਪਣਾ ਸਰੀਰ ਬਣਾਇਆ ਸੀ ਅਤੇ ਕਦੇ ਵੀ ਸਟੀਰੌਇਡ ਆਦਿ ਦੀ ਵਰਤੋਂ ਨਹੀਂ ਸੀ ਕੀਤੀ। ਉਨ੍ਹਾਂ ਦੱਸਿਆ ਕਿ ਸਤਨਾਮ ਪਹਿਲਾਂ ਕਬੱਡੀ ਖੇਡਦਾ ਸੀ ਅਤੇ ਕੈਨੇਡਾ ਤੋਂ ਇਲਾਵਾ ਕਈ ਹੋਰ ਦੇਸ਼ਾਂ ‘ਚ ਵੀ ਕਬੱਡੀ ਖੇਡ ਚੁੱਕਾ ਸੀ ਫਿਰ ਇਸ ਨੂੰ ਬਾਡੀ ਬਿਲਡਿੰਗ ਦਾ ਸ਼ੌਕ ਪੈ ਗਿਆ ਤੇ ਬਾਡੀ ਬਿਲਡਰ ਦੇ ਮੁਕਾਬਲੇ ‘ਚ ਜਾਣ ਲੱਗ ਗਿਆ। ਹਲਕਾ ਇੰਚਾਰਜ ਦੀਦਾਰ ਭੱਟੀ ਨੇ ਕਿਹਾ ਕਿ ਸਤਨਾਮ ਦੀ ਮੌਤ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਪੂਰਾ ਨਹੀਂ ਹੋ ਸਕਦਾ ਸਤਨਾਮ ਹੋਰਨਾ ਨੌਜਵਾਨਾਂ ਲਈ ਵੀ ਪ੍ਰੇਰਣਾ ਸ੍ਰੋਤ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.