ਮਨੋਹਰ ਲਾਲ ਤੇ ਗਿਆਨ ਚੰਦ ਗੁਪਤਾ ਵੀ ਆਏ ਕੋਰੋਨਾ ਪਾਜੀਟਿਵ

ਨਹੀਂ ਲੈਣਗੇ ਮਾਨਸੂਨ ਸੈਸ਼ਨ ਵਿੱਚ ਭਾਗ, ਆਪਣੇ ਘਰ ਵਿੱਚ ਹੀ ਰਹਿਣਗੇ ਏਕਾਂਤਵਾਸ ‘ਚ
ਡਾਕਟਰਾਂ ਦੀ ਟੀਮ ਦੀ ਰਹੇਗੀ ਨਿਗਰਾਨੀ

ਚੰਡੀਗੜ , (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੋਮਵਾਰ ਨੂੰ ਕੋਰੋਨਾ ਪਾਜੀਟਿਵ ਆ ਗਏ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ। ਮਨੋਹਰ ਲਾਲ ਖੱਟਰ ਵਲੋਂ ਆਪਣੇ ਆਪ ਨੂੰ ਸਰਕਾਰੀ ਕੋਠੀ ਵਿੱਚ ਇਕਾਂਤਵਾਸ ‘ਚ ਲੈ ਲਿਆ ਹੈ।

ਜਿਸ ਤੋਂ ਬਾਅਦ ਹੁਣ ਉਹ ਅਗਲੇ ਦੋ ਦਿਨਾਂ ਬਾਅਦ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਭਾਗ ਨਹੀਂ ਲੈਣਗੇ। ਇਹ ਸੋਮਵਾਰ ਨੂੰ ਦੂਜਾ ਝਟਕਾ ਹੈ, ਕਿਉਂਕਿ ਸੋਮਵਾਰ ਸਵੇਰੇ ਹੀ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ। ਜਿਸ ਤੋਂ ਬਾਅਦ ਹੁਣ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਚਲਾਉਣ ਦੀ ਸਾਰੀ ਜਿੰਮੇਵਾਰੀ ਡਿਪਟੀ ਸਪੀਕਰ ਦੇ ਸਿਰ ‘ਤੇ ਆ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਉਨ੍ਹਾਂ ਸਾਰੇ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ, ਜਿਹੜੇ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਿਹਤ ਲਈ ਇੱਕ ਡਾਕਟਰਾਂ ਦੀ ਟੀਮ ਮੁੱਖ ਮੰਤਰੀ ਨਿਵਾਸ ‘ਤੇ ਹਰ ਸਮੇਂ ਤੈਨਾਤ ਰਹੇਗੀ, ਜਿਹੜੀ ਕਿ ਤੈਅ ਦੂਰੀ ਤੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਿਹਤ ‘ਤੇ ਨਜ਼ਰ ਰੱਖਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.