ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਵਿਚਾਰ ਲੇਖ ਕੋਰੋਨਾ ਪਾਜ਼ੀਟਿ...

    ਕੋਰੋਨਾ ਪਾਜ਼ੀਟਿਵ ‘ਚ ਲੱਛਣ ਨਜ਼ਰ ਨਾ ਆਉਣ ਕਾਰਨ ਲੋਕ ਬੇਖੌਫ

    Corona

    ਕੋਰੋਨਾ ਪਾਜ਼ੀਟਿਵ ‘ਚ ਲੱਛਣ ਨਜ਼ਰ ਨਾ ਆਉਣ ਕਾਰਨ ਲੋਕ ਬੇਖੌਫ

    ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਿਆ ਹੈ ਤੇ ਇਸ ਖਤਰਨਾਕ ਵਾਇਰਸ ਨੇ ਦੁਨੀਆਂ ਭਰ ‘ਚ ਪੈਰ ਪਸਾਰ ਲਏ ਹਨ। ਕੋਵਿਡ-19 ਛੂਤ ਦੀ ਬਿਮਾਰੀ ਨੇ ਲੱਖਾਂ ਜਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਸਿਹਤ ਵਿਭਾਗ, ਸਰਕਾਰਾਂ ਅਤੇ ਮੈਡੀਕਲ ਖੋਜ ਸੰਸਥਾਵਾਂ ਇਸ ਦੀ ਰੋਕਥਾਮ ਲਈ ਅਨੇਕਾਂ ਹੀ ਹਦਾਇਤਾਂ ਘਰ-ਘਰ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ। ਇਹ ਠੀਕ ਹੈ ਕਿ ਇਸ ਬਿਮਾਰੀ ਦੇ ਇਲਾਜ ਲਈ ਅਜੇ ਵੈਕਸੀਨ ਤਿਆਰ ਕਰਨ ਵਿੱਚ ਵਿਗਿਆਨੀ ਪ੍ਰਯੋਗਸ਼ਾਲਾਵਾਂ ਵਿੱਚ ਦਿਨ-ਰਾਤ ਜੁਟੇ ਹੋਏ ਹਨ, ਪਰ ਅੱਜ ਦੀ ਘੜੀ ਇਸ ਦਾ ਇਲਾਜ ਪਰਹੇਜ਼ ਤੇ ਐਡਵਾਇਜ਼ਰੀਆਂ ਦੀ ਪਾਲਣਾ ਹੀ ਦੱਸਿਆ ਜਾ ਰਿਹਾ ਹੈ।

    ਪਰ ਹੱਥ ਧੋਣ, ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਨੂੰ ਅਜੇ ਵੀ ਲੋਕ ਅੱਖੋਂ-ਪਰੋਖੇ ਕਰਦੇ ਨਜ਼ਰ ਆ ਰਹੇ ਹਨ। ਕੋਰੋਨਾ ਦੀ ਸੈਂਪਲਿੰਗ ਵਿੱਚ ਪਾਜ਼ੀਟਿਵ ਆ ਰਹੇ ਕੇਸਾਂ ਵਿੱਚ ਫਲੂ ਵਰਗੇ ਲੱਛਣ ਨਜ਼ਰ ਨਾ ਆਉਣਾ ਵੀ ਲੋਕਾਂ ਵਿੱਚ ਜਿੱਥੇ ਇੱਕ ਵੱਡਾ ਪ੍ਰਸ਼ਨ ਬਣਿਆ ਹੋਇਆ ਹੈ, ਉੱਥੇ ਲੋਕਾਂ ਵਿੱਚ ਡਰ ਖਤਮ ਹੋਣ ਦਾ ਅਹਿਮ ਕਾਰਨ ਵੀ ਲੱਗ ਰਿਹਾ ਹੈ। ਪਰ ਜੇ ਆਈਆਂ ਰਿਪੋਰਟਾਂ ‘ਤੇ ਝਾਤ ਮਾਰੀਏ ਤਾਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਵਾਇਰਸ ਫੈਲਣ ਪਿੱਛੇ ਲੱਛਣ ਰਹਿਤ ਕਰੀਅਰ ਭਾਵ ਉਹ ਵਿਅਕਤੀ ਜੋ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਹਨ, ਪਰ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਤੇ ਉਹ ਰੋਜ਼ ਵਾਂਗ ਆਪਣੇ ਕੰਮ-ਕਾਜ ‘ਤੇ ਜਾ ਰਹੇ ਹਨ,

    ਪਰਿਵਾਰਕ ਮੈਂਬਰਾਂ ਨਾਲ ਅਤੇ ਦੋਸਤਾਂ ਨਾਲ ਮਿਲ ਰਹੇ ਹਨ ਪਰ ਉਹ ਅਣਜਾਨ ਹਨ ਕਿ ਉਹ ਦੂਰ-ਨੇੜੇ ਮੇਲ-ਮਿਲਾਪ ਕਰ ਇਹ ਵਾਇਰਸ ਫੈਲਾਉਣ ਦਾ ਜਰੀਆ ਬਣ ਰਹੇ ਹਨ ਜਿਸ ਨਾਲ ਇਸ ਵਾਇਰਸ ਦੇ ਕਮਿਊਨਿਟੀ ਵਿੱਚ ਸਪਰੈਡ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ।
    ਸਿਹਤ ਮਾਹਿਰਾਂ ਵੱਲੋਂ ਕੀਤੀਆਂ ਖੋਜਾਂ ਤੇ ਅਧਿਐਨਾਂ ਅਨੁਸਾਰ ਚੁੱਪ-ਚਪੀਤੇ ਕੋਵਿਡ-19 ਵਾਇਰਸ ਫੈਲਾਉਣ ਵਾਲਿਆਂ ਦੀਆਂ 3 ਕਿਸਮਾਂ ਜਿਨ੍ਹਾਂ ਵਿੱਚ ਮਾਮੂਲੀ ਲੱਛਣ-ਉਹ ਲੋਕ ਜਿਨ੍ਹਾਂ ਵਿੱਚ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੜੇ ਹੀ ਮਾਮੂਲੀ ਜਿਹੇ ਲੱਛਣ ਜਿਵੇਂ ਥੋੜ੍ਹੀ ਜਿਹੀ ਖੰਘ-ਜ਼ੁਕਾਮ ਜਾਂ ਕਦੇ ਬੁਖਾਰ ਦਾ ਘਟਣਾ-ਵਧਣਾ, ਮੁੱਢਲੇ ਲੱਛਣ-ਉਹ ਲੋਕ ਜਿਨ੍ਹਾਂ ਵਿੱਚ ਕੋਰੋਨਾ ਪਾਜ਼ੀਟਿਵ ਦੇ ਸੰਪਰਕ ‘ਚ ਆਉਣ ‘ਤੇ 1 ਹਫਤੇ ਜਾਂ ਉਸ ਤੋਂ ਵੀ ਦੇਰੀ ਨਾਲ ਕੋਰੋਨਾ ਦੇ ਲੱਛਣ ਜਿਵੇਂ ਸਾਹ ਟੁੱਟਣਾ, ਖੰਘ-ਜ਼ੁਕਾਮ ਅਤੇ ਥਕਾਵਟ ਨਜ਼ਰ ਆਉਂਦੇ ਹਨ ਅਤੇ ਤੀਸਰੀ ਕਿਸਮ ਲੱਛਣ ਰਹਿਤ-ਉਹ ਲੋਕ ਜਿਨ੍ਹਾਂ ਅੰਦਰ ਕੋਰੋਨਾ ਵਾਇਰਸ ਪ੍ਰਫੁੱਲਿਤ ਹੋ ਜਾਂਦਾ ਹੈ

    Corona

    ਪਰ ਉਹ ਕਿਸੇ ਵੀ ਕਿਸਮ ਦਾ ਕੋਈ ਲੱਛਣ ਜਾਂ ਸੰਕੇਤ ਨਹੀਂ ਦਰਸਾਉਂਦੇ ਤੇ ਉਹ ਇਹ ਵਾਇਰਸ ਕਰੀਅਰ ਬਣ ਅੱਗੇ ਦੀ ਅੱਗੇ ਕਈ ਲੋਕਾਂ ਤੱਕ ਵਾਇਰਸ ਪ੍ਰਸਾਰਿਤ ਕਰ ਦਿੰਦੇ ਹਨ ਜੋ ਇਸ ਮਹਾਂਮਾਰੀ ਨੂੰ ਡਰਾਉਣੇ ਢੰਗ ਨਾਲ ਵਧਾ ਸਕਦਾ ਹੈ ਜੋ ਬਹੁਤ ਵੱਡੀ ਚਣੌਤੀ ਹੈ।  ਇਸੇ ਲਈ ਹੀ ਸਿਆਣਪ ਵਰਤਦਿਆਂ ਜ਼ਿਆਦਾਤਰ ਦੇਸ਼ਾਂ ਨੇ ਸਖਤੀ ਨਾਲ ਲਾਕਡਾਊਨ, ਇਕਾਂਤਵਾਸ ਅਤੇ ਸਮਾਜਿਕ ਦੂਰੀ ਦਾ ਰਸਤਾ ਅਪਣਾਇਆ ਸੀ ਤਾਂ ਜੋ ਕੋਵਿਡ-19 ਦੀ ਇਸ ਚੇਨ ਨੂੰ ਤੋੜਿਆ ਜਾ ਸਕੇ। ਪਰ ਇਨੀ ਮੁਸ਼ੱਕਤ ਤੋਂ ਬਾਅਦ ਵੀ ਇਸ ਵਾਇਰਸ ਦਾ ਫੈਲਾਅ ਨਹੀਂ ਰੁਕ ਰਿਹਾ। ਕੋਰੋਨਾ ਨੂੰ ਮਾਤ ਦੇਣ ਲਈ ਜ਼ਰੂਰੀ ਹੈ ਲੱਛਣ ਰਹਿਤ ਕਰੀਅਰ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ।

    ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਵੀ ਕਿਸੇ ਕੋਰੋਨਾ ਲੱਛਣ ਰਹਿਤ ਕਰੀਅਰ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ‘ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਬਿਨਾਂ ਡਰ ਸੈਂਪਲ ਦਿਓ, ਆਪਣੇ-ਆਪ ਨੂੰ ਘਰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਸੰਕਰਮਿਤ ਹੋਣੋ ਬਚ ਜਾਣ। ਘਰ ਤੋਂ ਬਾਹਰ ਜਾਣ ਲੱਗਿਆਂ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲਓ ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ।

    ਜੇ ਤੁਹਾਨੂੰ ਲੱਗ ਰਿਹਾ ਹੈ ਕਿ ਮਾਸਕ ਨਾ ਪਹਿਨਣ, ਜਨਤਕ ਸਥਾਨਾਂ ‘ਤੇ ਥੁੱਕਣ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ‘ਤੇ ਲਗਾਏ ਵੱਡੇ ਜ਼ੁਰਮਾਨੇ ਜਾਂ ਚਲਾਣ ਸਰਕਾਰੀ ਖਜਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਹਨ ਤਾਂ ਤੁਸੀਂ ਗਲਤ ਸੋਚ ਰਹੇ ਹੋ ਇਹ ਤਾਂ ਇੱਕ ਇਸ਼ਾਰਾ ਹੈ-ਢੰਗ ਹੈ ਤਾਂ ਕਿ ਲੱਛਣ ਰਹਿਤ ਕਰੀਅਰ ਪੈਦਾ ਹੋਣ ਦੀ ਖੇਡ ਹੀ ਖਤਮ ਹੋ ਜਾਵੇ, ਇਸ ਮਹਾਂਮਾਰੀ ਵਿੱਚ ਅਫਵਾਹਾਂ ਦੇ ਦੌਰ ਵਿਚੋਂ ਬਾਹਰ ਨਿੱਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਤੇ ਸਿਹਤ ਵਿਭਾਗ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ, ਅਫਵਾਹਾਂ ਤੇ ਗਲਤ ਧਾਰਨਾਵਾਂ ਨੂੰ ਅਣਸੁਣਿਆ-ਅਣਦੇਖਿਆ ਕਰੋ ਅਤੇ ਸਹੀ ਜਾਣਕਾਰੀ ਹਾਸਲ ਕਰ ਦੂਸਰਿਆਂ ਨੂੰ ਵੀ ਦੱਸੋ। ਕੋਰੋਨਾ ਯੋਧਿਆਂ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ ਕੀਤੀ ਮਿਹਨਤ ਦਾ ਮੁੱਲ ਪਹਿਚਾਣੋ, ਕਦਰ ਕਰੋ ਅਤੇ ਸਹਿਯੋਗ ਦਿਓ।
    ਬੀ.ਈ.ਈ ਮੀਡੀਆ ਇੰਚਾਰਜ ਕੋਵਿਡ-19
    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
    ਮੋ. 98146-56257
    ਡਾ. ਪ੍ਰਭਦੀਪ ਸਿੰਘ ਚਾਵਲਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.