ਸਿਮਰਨ ਲਈ ਸਮਾਂ ਨਿਸ਼ਚਿਤ ਕਰੋ : ਪੂਜਨੀਕ ਗੁਰੂ ਜੀ

ਸਿਮਰਨ ਲਈ ਸਮਾਂ ਨਿਸ਼ਚਿਤ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਮਾਲਕ ਦੀ ਭਗਤੀ-ਇਬਾਦਤ ਕਰਦਾ ਹੈ, ਉਸ ਦੀ ਯਾਦ ‘ਚ ਤੜਫ਼ਦਾ ਹੈ, ਮਾਲਕ ਉਸ ਦੇ ਦਿਲੋ-ਦਿਮਾਗ ‘ਚ ਵੱਸ ਜਾਂਦਾ ਹੈ ਉਹ ਮਾਲਕ ਤੋਂ ਇਹੀ ਮੰਗਦਾ ਹੈ ਕਿ ਉਸ ਨੂੰ ਹਮੇਸ਼ਾ ਮਾਲਕ ਦਾ ਦੀਦਾਰ ਹੁੰਦਾ ਰਹੇ, ਉਹ ਹਮੇਸ਼ਾ ਮਾਲਕ ਦੇ ਪਿਆਰ ‘ਚ ਗੁਆਚਿਆ ਰਹੇ ਤੇ ਦੁਨੀਆਂ ਤੋਂ ਬੇਗ਼ਾਨਾ ਹੋ ਜਾਵੇ ਉਹ ਇਹੀ ਦੁਆ ਕਰਦਾ ਹੈ ਕਿ ਹੇ ਅੱਲ੍ਹਾ! ਅਜਿਹਾ ਰਹਿਮੋ-ਕਰਮ ਕਰ ਕਿ ਤੇਰੀ ਯਾਦ ਤੋਂ ਸਿਵਾਏ ਹੋਰ ਕੁਝ ਯਾਦ ਹੀ ਨਾ ਰਹੇ ਈਰਖ਼ਾ, ਨਫ਼ਰਤ, ਦੂਈ-ਦਵੈਤ ਲਈ ਕੋਈ ਥਾਂ ਨਾ ਬਚੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਵੇਰੇ-ਸ਼ਾਮ ਸਿਮਰਨ ਲਈ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ ਤੇ ਬਾਅਦ ‘ਚ ਆਪਣੇ ਗੁਜ਼ਰੇ ਹੋਏ ਸਮੇਂ ਬਾਰੇ ਕੁਝ ਨਾ  ਕੁਝ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਸ ਨੇ ਬੀਤੇ  ਸਮੇਂ ‘ਚ ਕਿੰਨੇ ਗਲਤ ਤੇ ਕਿੰਨੇ ਸਹੀ ਕਰਮ ਕੀਤੇ ਹਨ ਜੋ ਗਲਤ ਕੀਤਾ ਹੈ, ਉਸ ਨੂੰ ਆਉਣ ਵਾਲੇ ਸਮੇਂ ਲਈ ਬਾਹਰ ਕੱਢ ਦੇਣਾ ਚਾਹੀਦਾ ਹੈ ਤੇ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ ਸਿਮਰਨ ਦੁਆਰਾ ਹੀ ਇਨਸਾਨ ਆਪਣੀਆਂ ਬੁਰਾਈਆਂ ਨੂੰ ਛੱਡ ਸਕਦਾ ਹੈ ਸਿਮਰਨ ਕਰਕੇ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਦੇਵੇ ਤੇ ਚੰਗੀਆਂ ਆਦਤਾਂ ਨੂੰ ਦ੍ਰਿੜ੍ਹਤਾ ਨਾਲ ਅਪਣਾਏ ਤਾਂ ਮਾਲਕ ਆਪਣੀ ਦਇਆ-ਮਿਹਰ ਉਸ ਇਨਸਾਨ ‘ਤੇ ਜ਼ਰੂਰ ਕਰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਦੂਜਿਆਂ ਨੂੰ ਵੇਖ-ਵੇਖ ਕੇ ਸੜਦਾ-ਭੁੱਜਦਾ ਰਹਿੰਦਾ ਹੈ ਤਾਂ ਉਹ ਆਪਣੀ ਭਗਤੀ, ਪਿਆਰ, ਮੁਹੱਬਤ ਤੇ ਆਪਣੀ ਸੇਵਾ ਦਾ ਫ਼ਲ ਖ਼ਤਮ ਕਰ ਲੈਂਦਾ ਹੈ ਫਿਰ ਤਕਲੀਫ਼ਾਂ, ਗ਼ਮ, ਚਿੰਤਾ, ਪਰੇਸ਼ਾਨੀਆਂ ਖੜ੍ਹੀਆਂ ਹੋ ਜਾਂਦੀਆਂ ਹਨ ਇਸ ਲਈ ਦੂਜਿਆਂ ਦੀਆਂ ਬੁਰਾਈਆਂ, ਉਨ੍ਹਾਂ ਦੇ ਗੁਨਾਹ ਨਹੀਂ ਵੇਖਣੇ ਚਾਹੀਦੇ, ਸਗੋਂ ਆਪਣੀਆਂ ਬੁਰਾਈਆਂ, ਗੁਨਾਹਾਂ ਨੂੰ ਵੇਖੋ ਤੇ ਸਿਮਰਨ ਨਾਲ ਉਨ੍ਹਾਂ ਨੂੰ ਖ਼ਤਮ ਕਰਕੇ ਖੁਦ ਨੂੰ ਪਾਕ-ਸਾਫ਼ ਬਣਾਓ ਜਿੱਥੇ ਵੀ ਕੋਈ ਨਿੰਦਿਆ, ਚੁਗਲੀ ਹੋਵੇ, ਉੱਥੋਂ ਕੰਨ ਹਟਾ ਲੈਣਾ ਚਾਹੀਦਾ ਹੈ ਭਾਵ ਉਸ ਦੇ ਕੋਲ ਨਹੀਂ ਜਾਣਾ ਚਾਹੀਦਾ ਕਿਉਂਕਿ ਨਿੰਦਿਆ, ਚੁਗਲੀ ਤੁਹਾਡੀ ਕੀਤੀ ਹੋਈ ਸਾਰੀ ਭਗਤੀ ਨੂੰ ਤਬਾਹ ਕਰ ਦਿੰਦੀ ਹੈ

ਉਹ ਅਜਿਹੀਆਂ-ਅਜਿਹੀਆਂ ਗੱਲਾਂ ਸੁਣਾਉਂਦੇ ਹਨ ਕਿ ਇਨਸਾਨ ਦਾ ਜ਼ਮੀਰ ਵੀ ਕੰਬ ਜਾਂਦਾ ਹੈ ਤੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਨਸਾਨ ਮਨ ਦਾ ਗੁਲਾਮ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਉਦੋਂ ਤੱਕ ਮਨ ਦਾ ਗੁਲਾਮ ਬਣਿਆ ਰਹਿੰਦਾ ਹੈ ਜਦੋਂ ਤੱਕ ਉਹ ਦਸਵੇਂ ਦੁਆਰ ਤੱਕ ਨਹੀਂ ਪਹੁੰਚ ਜਾਂਦਾ ਦਸਵੇਂ ਦੁਆਰ ‘ਚ ਪਹੁੰਚਣ ਮਗਰੋਂ ਮਨ ਤਾਂ ਪਾਣੀ ਭਰਨ ਲੱਗਦਾ ਹੈ ਇਨਸਾਨ ਜੇਕਰ ਉੱਥੋਂ ਤੱਕ ਨਹੀਂ ਪਹੁੰਚ ਸਕਦਾ ਤਾਂ ਘੱਟੋ-ਘੱਟ ਉਸ ਨੂੰ ਸਿਮਰਨ ਦਾ ਤਾਂ ਪੱਕਾ ਹੋਣਾ ਹੀ ਚਾਹੀਦਾ ਹੈ ਭਾਵੇਂ ਸਿਮਰਨ ‘ਚ ਮਨ ਲੱਗੇ ਜਾਂ ਨਾ ਲੱਗੇ, ਚੱਲੇ ਜਾਂ ਨਾ ਚੱਲੇ ਪਰ ਘੱਟੋ-ਘੱਟ ਅੱਧਾ ਘੰਟਾ ਸਿਮਰਨ ਲਈ ਨਿਸ਼ਚਿਤ ਜ਼ਰੂਰ ਕਰੋ ਜੇਕਰ ਬੰਦ ਅੱਖਾਂ ਨਾਲ ਨੀਂਦ ਆਉਂਦੀ ਹੈ

ਤਾਂ ਖੁੱਲ੍ਹੀਆਂ ਅੱਖਾਂ ਨਾਲ ਵੀ ਸਿਮਰਨ ਕੀਤਾ ਜਾ ਸਕਦਾ ਹੈ ਪਰ ਅੱਧਾ ਘੰਟਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜੋ ਇਨਸਾਨ ਸੰਤ, ਪੀਰ-ਫ਼ਕੀਰਾਂ ਦੇ ਬਚਨਾਂ ਨੂੰ ਸੁਣ ਕੇ ਮੰਨ ਲੈਂਦੇ ਹਨ, ਉਹ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ ਇਸ ਲਈ ਇਨਸਾਨ ਨੂੰ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ, ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਇਨਸਾਨ ਜੇਕਰ ਅਜਿਹਾ ਕਰਦਾ ਹੈ ਤਾਂ ਸਾਰੇ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਂਦਾ ਹੈ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.