ਬਿੱਟੂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ ਸਰਕਾਰ ਦੀ, ਮੌਤ ਲਈ ਜ਼ਿੰਮੇਵਾਰ ਸਰਕਾਰ ਦੇਵੇ 2 ਕਰੋੜ ਰੁਪਏ ਮੁਆਵਜ਼ਾ

ਜੇਲ੍ਹ ‘ਚ ਕਤਲ ਹੋਣਾ ਸਰਕਾਰੀ ਅਣਗਹਿਲੀ, ਸਰਕਾਰ ਨੂੰ ਹੀ ਦੇਣਾ ਪਏਗਾ ਮੁਆਵਜ਼ਾ : ਬਲਤੇਜ ਸਿੱਧੂ

ਵਕੀਲ ਬਲਤੇਜ ਸਿੱਧੂ ਰਾਹੀਂ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੇ ਲਾਈ ਪਟੀਸ਼ਨ

ਚੰਡੀਗੜ, (ਅਸ਼ਵਨੀ ਚਾਵਲਾ)। ਨਾਭਾ ਜੇਲ੍ਹ ਵਿੱਚ ਬੰਦ ਮਹਿੰਦਰਪਾਲ ਬਿੱਟੂ ਦੀ ਸੁਰੱਖਿਆ ਦੀ ਜਿੰਮੇਵਾਰ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਅਤੇ ਜੇਲ ਪ੍ਰਸ਼ਾਸਨ ਦੀ ਹੀ ਸੀ ਪਰ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਹੋਈ ਹੈ ਅਤੇ ਮਹਿੰਦਰਪਾਲ ਬਿੱਟੂ ਨੂੰ ਜਾਨ ਦਾ ਖ਼ਤਰਾ ਹੋਣ ਦੇ ਬਾਵਜੂਦ ਸਰਕਾਰ ਨੇ ਸੰਜੀਦਗੀ ਨਹੀਂ ਦਿਖਾਈ, ਜਿਸ ਕਾਰਨ ਹੀ ਜੇਲ੍ਹ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ ਹੈ। ਇਸ ਸਾਰੇ ਮਾਮਲੇ ਵਿੱਚ ਪੰਜਾਬ ਸਰਕਾਰ ਹੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ, ਇਸ ਲਈ ਪੰਜਾਬ ਸਰਕਾਰ ਨੂੰ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੂੰ 2 ਕਰੋੜ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ।

ਇਸ ਮੰਗ ਸਬੰਧੀ ਮਹਿੰਦਰਪਾਲ ਬਿੱਟੂ ਦਾ ਪਰਿਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜ ਗਿਆ ਹੈ। ਅੱਜ ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਵਲੋਂ ਕੁਝ ਜਰੂਰੀ ਦਸਤਾਵੇਜ਼ ਅਤੇ ਉੱਚ ਅਦਾਲਤਾਂ ਦੇ ਫੈਸਲੇ ਦੀ ਮੰਗ ਕੀਤੀ ਗਈ ਹੈ, ਜਿਸ ਕਾਰਨ ਹੁਣ ਇਸ ਮਾਮਲੇ ਵਿੱਚ 9 ਸਤੰਬਰ ਨੂੰ ਸੁਣਵਾਈ ਹੋਏਗੀ। ਸਵ. ਮਹਿੰਦਰਪਾਲ ਬਿੱਟੂ ਦੇ ਪਿਤਾ ਰਾਮ ਪਾਲ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾ ਕੇ ਆਖਿਆ ਗਿਆ ਹੈ ਕਿ ਉਨਾਂ ਦੇ ਬੇਟੇ ਮਹਿੰਦਰਪਾਲ ਬਿੱਟੂ ਖ਼ਿਲਾਫ਼ ਕੁਝ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਸੀ ਅਤੇ ਇਸ ਦੌਰਾਨ ਉਸ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ ਜਾ ਰਿਹਾ ਸੀ। ਮਹਿੰਦਰਪਾਲ ਬਿੱਟੂ ਨੂੰ ਨਾਭਾ ਦੀ ਉੱਚ ਸੁਰੱਖਿਆ ਜੇਲ ਵਿੱਚ ਰੱਖਿਆ ਗਿਆ ਸੀ।

ਇਸੇ ਨਾਭਾ ਦੀ ਉੱਚ ਸੁਰੱਖਿਆ ਜੇਲ੍ਹ ਵਿੱਚ 22 ਜੂਨ 2019 ਨੂੰ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਬਿੱਟੂ ਦੇ ਕਤਲ ਹੋਣ ਤੋਂ ਬਾਅਦ ਉਨਾਂ ਦਾ ਪਰਿਵਾਰ ਕਾਫ਼ੀ ਜਿਆਦਾ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਹੈ। ਪੁਲਿਸ ਸੁਰੱਖਿਆ ਹੋਣ ਕਰਕੇ ਕਾਰੋਬਾਰ ਲਗਭਗ ਠੱਪ ਹੋ ਗਿਆ ਹੈ ਤੇ ਕੋਈ ਜਿਆਦਾ ਕਮਾਈ ਦਾ ਸਾਧਨ ਵੀ ਨਹੀਂ ਹੈ। ਇਸ ਕੇਸ ਦੀ ਪੈਰਵੀ ਕਰ ਰਹੇ ਹਾਈ ਕੋਰਟ ਦੇ ਵਕੀਲ ਬਲਤੇਜ ਸਿੱਧੂ ਨੇ ਦੱਸਿਆ ਕਿ ਮਹਿੰਦਪਾਲ ਬਿੱਟੂ ਇੱਕ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ ਵਿੱਚ ਪੰਜਾਬ ਸਰਕਾਰ ਦੀ ਨਿਗਰਾਨੀ ਵਿੱਚ ਕੈਦ ਸੀ। ਇਸ ਦੌਰਾਨ ਕਿਸੇ ਵੀ ਕੈਦੀ ਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਮੰਨੀ ਜਾਏਗੀ।

ਸ. ਬਲਤੇਜ ਸਿੱਧੂ ਨੇ ਦੱਸਿਆ ਕਿ ਸ੍ਰੀ ਬਿੱਟੂ ਦਾ ਕਤਲ ਹੋਣਾ ਸਰਕਾਰ ਦੀ ਨਾਲਾਇਕੀ ਸਾਬਤ ਹੁੰਦੀ ਹੈ, ਜਿਸ ਲਈ ਸਰਕਾਰ ਨੂੰ ਇਸ ਮਾਮਲੇ ਵਿੱਚ ਮੁਆਵਜ਼ਾ ਦੇਣਾ ਪਏਗਾ। ਇਸ ਤੋਂ ਪਹਿਲਾਂ ਵੀ ਦਰਜਨ ਤੋਂ ਜਿਆਦਾ ਮਿਸਾਲਾਂ ਹਨ, ਜਿਸ ਵਿੱਚ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ  ਨੇ ਫੈਸਲੇ ਦਿੱਤੇ ਹਨ ਜਿਸ ਦੇ ਤਹਿਤ ਪੁਲਿਸ ਹਿਰਾਸਤ ਜਾਂ ਫਿਰ ਜੇਲ੍ਹ ਵਿੱਚ ਬੰਦ ਕੈਦੀਆ ਦੀ ਮੌਤ ਜਾਂ ਕਤਲ ਹੋਣ ‘ਤੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਫੈਸਲਿਆਂ ਨੂੰ ਆਧਾਰ ਬਣਾਉਂਦੇ ਹੋਏ ਮਹਿੰਦਰਪਾਲ ਬਿੱਟੂ ਦੇ ਪਰਿਵਾਰਕ ਮੈਂਬਰਾਂ ਵੱਲੋਂ 2 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ