ਅਕਾਲੀ ਲੀਡਰ ਹੀਰਾ ਸਿੰਘ ਗਾਬੜੀਆ ਨੇ ਕੀਤਾ ਸੋਨੀਆ ਗਾਂਧੀ ‘ਤੇ ਤਿੱਖਾ ਹਮਲਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਰਾਹੀਂ ਆਮ ਲੋਕਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਸ਼ਰਾਬ ਮਾਫ਼ੀਆ ਜਿੰਨਾ ਵੀ ਪੈਸਾ ਦਿੰਦਾ ਹੈ, ਜਿਸ ਵਿੱਚੋਂ ਇੱਕ ਹਿੱਸਾ ਦਿੱਲੀ ਬੈਠੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਜਾ ਰਿਹਾ ਹੈ ਜਿਸ ਕਾਰਨ ਹੀ ਪੰਜਾਬ ਵਿੱਚ 130 ਮੌਤਾਂ ਹੋਣ ਦੇ ਬਾਵਜੂਦ ਸੋਨੀਆ ਗਾਂਧੀ ਜਾਂ ਫਿਰ ਰਾਹੁਲ ਗਾਂਧੀ ਨੇ ਕੋਈ ਜਾਂਚ ਦੀ ਮੰਗ ਤਾਂ ਕੀ ਕਰਨੀ ਸੀ, ਸਗੋਂ ਅਫ਼ਸੋਸ ਤੱਕ ਜ਼ਾਹਿਰ ਨਹੀਂ ਕੀਤਾ ਹੈ। ਇਸ ਪਿੱਛੇ ਕਿਹੜੇ ਕਿਹੜੇ ਹੋਰ ਰਾਜ ਹਨ ਅਤੇ ਸ਼ਰਾਬ ਮਾਫੀਆ ਤੋਂ ਜਾ ਰਹੇ ਹਿੱਸੇ ਬਾਰੇ ਪੁੱਛਣ ਲਈ ਸ਼੍ਰੋਮਣੀ ਅਕਾਲੀ ਦਲ 11 ਅਗਸਤ ਨੂੰ ਦਿੱਲੀ ਵਿਖੇ ਹੀ ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਜਾ ਰਹੀ ਹੈ। ਕਾਂਗਰਸ ਪਾਰਟੀ ਅਤੇ ਸੋਨੀਆ ਗਾਂਧੀ ‘ਤੇ ਇਹ ਦੋਸ਼ ਅਕਾਲੀ ਦਲ ਦੇ ਸੀਨੀਅਰ ਲੀਡਰ ਹੀਰਾ ਸਿੰਘ ਗਾਬੜੀਆ ਨੇ ਚੰਡੀਗੜ ਵਿਖੇ ਲਗਾਇਆ ਹੈ।
ਹੀਰਾ ਸਿੰਘ ਗਾਬੜੀਆ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਪਿਛਲੇ 3 ਦਿਨਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਰਾਜ ਭਵਨ ਵੱਲ ਕੂਚ ਕਰਦੇ ਹੋਏ ਰਾਜ ਭਵਨ ਨੂੰ ਘੇਰਣ ਦੀ ਕੋਸ਼ਸ਼ ਕਰ ਰਹੀ ਹੈ ਤਾਂ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਮੰਗਾਂ ਨੂੰ ਮੰਨਿਆ ਜਾਵੇ। ਹੀਰਾ ਸਿੰਘ ਗਾਬੜੀਆ ਨੇ ਇੱਥੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਰੇਤ ਅਤੇ ਸ਼ਰਾਬ ਮਾਫੀਆ ਸਾਰੀਆਂ ਤੋਂ ਜਿਆਦਾ ਭਾਰੂ ਹੋਇਆ ਪਿਆ ਹੈ। ਇਸ ਮਾਫੀਆ ਨੂੰ ਜ਼ਿਆਦਾਤਰ ਕਾਂਗਰਸੀ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਹੀ ਚਲਾ ਰਹੇ ਹਨ।
ਇਸ ਮਾਫੀਆ ਤੋਂ ਆਉਣ ਵਾਲੀ ਮੋਟੀ ਕਮਾਈ ਵਿੱਚੋਂ ਵੱਡੇ ਪੱਧਰ ‘ਤੇ ਪੈਸੇ ਨੂੰ ਹਿੱਸੇ ਵਿੱਚ ਵੰਡਦੇ ਹੋਏ ਇੱਕ ਹਿੱਸਾ ਦਿੱਲੀ ਵਿਖੇ ਕਾਂਗਰਸ ਹਾਈ ਕਮਾਨ ਨੂੰ ਵੀ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਹੀ ਇਸ ਮਾਫੀਆ ਦੀ ਭੇਟ ਚੜ੍ਹੇ 130 ਲੋਕਾਂ ਦੀ ਮੌਤ ਤੋਂ ਬਾਅਦ ਵੀ ਸੋਨੀਆ ਗਾਂਧੀ ਨੇ ਪੰਜਾਬ ਦਾ ਦੌਰਾ ਕਰਦੇ ਹੋਏ ਕੋਈ ਜਾਂਚ ਕਮਿਸ਼ਨ ਬਿਠਾਉਣ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਇਸ ਸਬੰਧੀ ਸੋਗ ਤੱਕ ਨਹੀਂ ਮਨਾਇਆ ਹੈ, ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਪੰਜਾਬ ਵਿੱਚ ਚੱਲ ਰਹੇ ਸ਼ਰਾਬ ਮਾਫੀਆ ਨਾਲ ਦਿੱਲੀ ਤੱਕ ਦੀ ਲੀਡਰਸ਼ਿਪ ਮਿਲੀ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇਸ ਰੋਸ਼ ਪ੍ਰਦਰਸ਼ਨ ਤੋਂ ਪਹਿਲਾਂ ਰਾਜ ਭਵਨ ਜਾਣ ਵਾਲੇ ਸਾਰੇ ਰਸਤੇ ਚੰਡੀਗੜ੍ਹ ਪੁਲਿਸ ਵੱਲੋਂ ਬੰਦ ਕਰ ਦਿੱਤੇ ਗਏ ਸਨ ਅਤੇ ਕੁਝ ਹੀ ਦੂਰੀ ‘ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਰੋਕਦੇ ਹੋਏ ਪਿੱਛੇ ਹਟਣ ਲਈ ਕਿਹਾ ਗਿਆ ਸੀ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੜਕ ‘ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਸ਼ ਕੀਤੀ ਗਈ ਪਰ ਨਾ ਮੰਨਣ ‘ਤੇ ਪੁਲਿਸ ਨੇ ਧੱਕੇ ਨਾਲ ਚੁੱਕਦੇ ਹੋਏ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ