ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ 2 ਮੁਲਾਜਮ ਕਾਬੂ

ਨਹਿਰੀ ਵਿਭਾਗ ਦਾ ਜ਼ਿਲੇਦਾਰ ਅਤੇ ਪਟਵਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਵਿਜੀਲੈਂਸ ਬਿਊਰੋ, ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਿਸ ਦੀ ਅਗਵਾਈ ਸ੍ਰੀ ਗੁਰਿੰਦਰਜੀਤ ਸਿੰਘ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਕਰ ਰਹੇ ਸਨ, ਵੱਲੋਂ ਨਹਿਰੀ ਵਿਭਾਗ ਦੇ ਪ੍ਰਸ਼ੋਤਮ ਦਾਸ ਜ਼ਿਲੇਦਾਰ ਹਲਕਾ ਕੋਟਕਪੂਰਾ ਅਤੇ ਸੁਖਮੰਦਰ ਕੁਮਾਰ ਨਹਿਰੀ ਪਟਵਾਰੀ ਹਲਕਾ ਹਰੀਕੇ ਨੂੰ  13000/-ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧ ਵਿੱਚ ਪਰਮਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਨੇ ਦੱਸਿਆ ਕਿ ਮੁਦਈ ਗੁਰਵਿੰਦਰ ਸਿੰਘ ਵਾਸੀ ਪਿੰਡ ਹਰੀਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦਫਤਰ ਵਿਜੀਲੈਂਸ ਬਿਉਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਬਿਆਨ ਦਰਜ ਕਰਵਾਇਆ ਕਿ ਉਸਦੇ ਪਰਿਵਾਰ ਕੋਲ 34 ਕਿੱਲੇ ਜ਼ਮੀਨ ਹੈ ਜਿਸ ਵਿੱਚੋਂ 20 ਕਿੱਲੇ ਦਾ ਟੱਕ ਪਿੰਡ ਹਰੀਕੇ ਕਲਾਂ ਵਿਖੇ ਗਿੱਲਾਂ ਵਾਲੀ ਪਹੀ ਦੇ ਕੋਲ ਹੈ। ਜ਼ਮੀਨ ਦੇ ਟੱਕ ਨੂੰ ਨਵੇਂ ਮੋਘੇ ਤੋਂ ਪਾਣੀ ਲੱਗਦਾ ਹੈ ਅਤੇ ਇਹ ਪਾਣੀ ਦੀ ਵਾਰੀ ਸਾਰੇ ਹਿੱਸੇਦਾਰ ਆਪਣੀ ਸਹਿਮਤੀ ਨਾਲ ਲਗਾ ਰਹੇ ਹਨ।

ਨਹਿਰੀ ਵਿਭਾਗ ਵੱਲੋਂ ਇਸ ਦੀ ਕੋਈ ਪੱਕੀ ਵਾਰੀ ਅਜੇ ਤੱਕ ਨਹੀਂ ਬੰਨ੍ਹੀ ਗਈ। ਜ਼ਮੀਨ ਦੇ ਇਸ ਟੱਕ ਨਾਲ 02 ਪੱਕੇ ਖਾਲ ਲੱਗਦੇ ਹਨ, ਜਿਸ ਖਾਲ ਰਾਹੀਂ ਹੁਣ ਪਾਣੀ ਲੱਗ ਰਿਹਾ ਹੈ ਉਸ ਖਾਲ ਰਾਹੀਂ ਜ਼ਮੀਨ ਨੂੰ ਪਾਣੀ ਲਾਉਣ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਉਹ ਆਪਣੀ ਪਾਣੀ ਦੀ ਵਾਰੀ ਪੱਕੀ ਕਰਵਾਉਣ ਅਤੇ ਦੁਸਰੇ ਖਾਲ ਵਿੱਚ 3 ਨੱਕੇ ਲਗਾਉਣ ਲਈ ਹਲਕੇ ਦੇ ਨਹਿਰੀ ਪਟਵਾਰੀ ਸੁਖਮੰਦਰ ਕੁਮਾਰ ਅਤੇ ਪ੍ਰਸ਼ੋਤਮ ਦਾਸ ਜ਼ਿਲੇਦਾਰ ਕੋਟਕਪੂਰਾ ਨੂੰ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਦਫਤਰ ਕੋਟਕਪੂਰਾ ਵਿਖੇ ਜਾਕੇ ਮਿਲਿਆ ਸੀ।

ਇਸ ਦੌਰਾਨ ਪਟਵਾਰੀ ਸੁਖਮੰਦਰ ਕੁਮਾਰ ਨੇ ਉਸਨੂੰ ਕਿਹਾ ਕਿ ਜੇਕਰ ਇਹ ਕੰਮ ਕਰਵਾਉਣਾ ਹੈ ਤਾਂ ਮੈਨੂੰ ਅਤੇ ਪ੍ਰਸ਼ੋਤਮ ਦਾਸ ਜ਼ਿਲੇਦਾਰ ਕੋਟਕਪੂਰਾ ਨੂੰ ਰਿਸ਼ਵਤ ਦੇਣੀ ਪਵੇਗੀ। ਮਜਬੂਰੀ ਵੱਸ ਸ਼ਿਕਾਇਤ ਕਰਤਾ ਨੇ 3000/-ਰੁਪਏ ਸੁਖਮੰਦਰ ਕੁਮਾਰ ਪਟਵਾਰੀ ਅਤੇ 4000/-ਰੁਪਏ ਪ੍ਰਸ਼ੋਤਮ ਦਾਸ ਜ਼ਿਲੇਦਾਰ ਕੋਟਕਪੂਰਾ ਨੂੰ ਦੇ ਦਿੱਤੇ ਅਤੇ ਬਾਕੀ ਰਿਸ਼ਵਤ ਦੀ ਰਕਮ ਉਨ੍ਹਾਂ ਨੂੰ ਬਾਅਦ ਵਿੱਚ ਦੇਣ ਲਈ ਕਿਹਾ। ਉਹ ਇਹ ਕੰਮ ਕਰਵਾਉਣ ਲਈ ਹੋਰ ਰਿਸ਼ਵਤ ਨਹੀਂ ਸੀ ਦੇਣੀ ਚਾਹੁੰਦਾ ਇਸ ਲਈ ਉਹ ਮੁੜਕੇ ਉਨ੍ਹਾਂ ਦੇ ਦਫਤਰ ਨਹੀਂ ਗਿਆ। ਉਸਤੋਂ ਬਾਅਦ ਸੁਖਮੰਦਰ ਕੁਮਾਰ ਪਟਵਾਰੀ ਖੁਦ ਉਸ ਦੇ ਘਰ ਆਇਆ ਅਤੇ ਸ਼ਿਕਾਇਤ ਕਰਤਾ ਨੂੰ ਕਿਹਾ ਕਿ ਤੂੰ ਆਪਣਾ ਵਾਅਦਾ ਨਹੀਂ ਨਿਭਾਇਆ ਅਤੇ ਤੇਰਾ ਕੇਸ ਡਿਸਮਿਸ ਹੋ ਗਿਆ ਹੈ।

ਜੇਕਰ ਤੂੰ ਆਪਣਾ ਕੰਮ ਕਰਵਾਉਣਾ ਚਾਹੁੰਦਾ ਹੈ ਤਾਂ ਦਫਤਰ ਆਕੇ ਮਿਲੀਂ ਅਤੇ ਉਸ ਤੋਂ ਬਾਅਦ ਮੁਦਈ ਬੀਤੇ ਦਿਨੀਂ ਪਟਵਾਰੀ ਸੁਖਮੰਦਰ ਕੁਮਾਰ ਦੇ ਦਫਤਰ ਜਾ ਕੇ ਉਸਨੂੰ ਮਿਲਿਆ ਤਾਂ ਸੁਖਮੰਦਰ ਕੁਮਾਰ ਪਟਵਾਰੀ ਨੇ ਉਸ ਪਾਸਂੋ ਇਸ ਕੰਮ ਬਦਲੇ ਆਪਣੇ ਅਤੇ ਜ਼ਿਲੇਦਾਰ ਲਈ 30,000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਮੁਦਈ ਦੇ ਮਿੰਨਤ ਤਰਲਾ ਕਰਨ ‘ਤੇ ਪਟਵਾਰੀ ਸੁਖਮੰਦਰ ਕੁਮਾਰ 26000/-ਰੁਪਏ ਰਿਸ਼ਵਤ 13,000-13000/-ਰੁਪਏ ਦੀਆਂ 02 ਕਿਸ਼ਤਾਂ ਵਿੱਚ ਲੈਣ ਲਈ ਰਾਜ਼ੀ ਹੋ ਗਿਆ ਅਤੇ ਅੱਜ ਇਸ ਵਿੱਚੋਂ ਪਹਿਲੀ ਕਿਸ਼ਤ ਲੈਣ ਲਈ ਜਦਂੋ ਪਟਵਾਰੀ ਸੁਖਮੰਦਰ ਕੁਮਾਰ ਅਤੇ ਪ੍ਰਸ਼ੋਤਮ ਦਾਸ ਨੇ ਮੁਦਈ ਨੂੰ ਬੱਸ ਸਟੈਂਡ ਕੋਟਕਪੂਰਾ ਨੇੜੇ ਬੁਲਾਇਆ ਤਾਂ ਮੁਦਈ ਗੁਰਵਿੰਦਰ ਸਿੰਘ ਵੱਲੋਂ ਇਸ ਬਾਰੇ ਸ਼ਿਕਾਇਤ ਵਿਜੀਲੈਂਸ ਬਿਉਰੋ ਪਾਸ ਕਰਨ ਤੇ ਵਿਜੀਲੈਂਸ ਬਿਉਰੋ ਵੱਲੋਂ ਮੁਲਜਮ ਸੁਖਮੰਦਰ ਕੁਮਾਰ ਨਹਿਰੀ ਪਟਵਾਰੀ ਹਲਕਾ ਹਰੀਕੇ ਅਤੇ ਪ੍ਰਸ਼ੋਤਮ ਦਾਸ ਜ਼ਿਲੇਦਾਰ ਕੋਟਕਪੂਰਾ ਨੂੰ ਟਰੈਪ ਲਗਾ ਕੇ ਰੇਲਵੇ ਸਟੇਸ਼ਨ ਕੋਟਕਪੂਰਾ ਦੇ ਨੇੜੇ ਤੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਕਾਬੂ ਕੀਤਾ ਗਿਆ ਅਤੇ ਉਨਾਂ ਪਾਸੋਂ ਰਿਸ਼ਵਤ ਵਜੋਂ ਹਾਸਲ ਕੀਤੀ ਗਈ ਰਕਮ 13,000/-ਰੁਪਏ ਬਰਾਮਦ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ