ਬੇਹੱਦ ਸ਼ਰਮਨਾਕ ਹੈ ਖ਼ੂਨ ਵੇਚ ਕੇ ਕਰਾਸ ਸਬਸਿਡੀ ਵਾਲਾ ਆਰਥਿਕ ਮਾਡਲ : ਭਗਵੰਤ ਮਾਨ
31 ਜੁਲਾਈ ਨੂੰ ਪਲਾਜ਼ਮਾ ਵੇਚੇ ਜਾਣ ਵਿਰੁੱਧ ਸੂਬਾ ਪੱਧਰੀ ਪ੍ਰਦਰਸ਼ਨ ਕਰੇਗੀ ‘ਆਪ’
ਚੰਡੀਗੜ੍ਹ, (ਅਸ਼ਵਨੀ ਚਾਵਲਾ ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ‘ਚ ਕੋਰੋਨਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਪ੍ਰਤੀ ਯੂਨਿਟ 20 ਹਜ਼ਾਰ ਰੁਪਏ ‘ਚ ਪਲਾਜ਼ਮਾ ਵੇਚੇ ਜਾਣ ਨੂੰ ਬੇਹੱਦ ਸ਼ਰਮਨਾਕ ਫ਼ੈਸਲਾ ਕਰਾਰ ਦਿੱਤਾ ਹੈ।
ਬੁੱਧਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਨੂੰ ਆਪਣੇ ਦਮ ‘ਤੇ ਮਾਤ ਦੇਣ ਵਾਲੇ ‘ਯੋਧਿਆਂ’ ਕੋਲੋਂ ਦਾਨ ‘ਚ ਲਏ ਪਲਾਜ਼ਮਾ ਨੂੰ ਕੋਰੋਨਾ ਨਾਲ ਜੂਝ ਰਹੇ ਹੋਰ ਮਰੀਜ਼ਾਂ ਨੂੰ ਏਨੇ ਮਹਿੰਗੇ ਭਾਅ ਵੇਚੇ ਜਾਣ ਵਾਲੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਲੋਕਾਂ ਦਾ ਸੱਚੀ-ਮੁੱਚੀ ਲਹੂ ਪੀਣ ‘ਤੇ ਉਤਰ ਆਈ ਹੈ।
ਆਮ ਆਦਮੀ ਪਾਰਟੀ ਕੋਰੋਨਾ 31 ਜੁਲਾਈ ਨੂੰ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕਰੇਗੀ
ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਇਸ ਸ਼ਰਮਨਾਕ ਅਤੇ ਤੁਗ਼ਲਕੀ ਫ਼ਰਮਾਨ ਨੂੰ ਤੁਰੰਤ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ੁੱਕਰਵਾਰ 31 ਜੁਲਾਈ ਨੂੰ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕਰੇਗੀ। ਭਗਵੰਤ ਮਾਨ ਨੇ ਕਿਹਾ, ”ਸਭ ਲੋਕਾਂ ਕੋਲੋਂ ਦਾਨ ‘ਚ ਲਏ ਖ਼ੂਨ (ਪਲਾਜ਼ਮਾ) ਨੂੰ ਵੇਚ ਕੇ ਕਰਾਸ ਸਬਸਿਡੀ ਵਾਲਾ ਆਰਥਿਕ ਮਾਡਲ ਸੱਚਮੁੱਚ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਲੋਕਾਂ ਨਾਲ ਅਤੇ ਪੀੜਤਾਂ ਨਾਲ ਸਿੱਧੀ ਗੱਲਬਾਤ ਕਰਕੇ ਇਸ ਮਹਾਂਮਾਰੀ ਨਾਲ ਉਸੇ ਤਰ੍ਹਾਂ ਨਿਪਟੋ, ਜਿਵੇਂ ਕਈ ਗੁਣਾ ਜ਼ਿਆਦਾ ਚੁਣੌਤੀਆਂ ਦੇ ਬਾਵਜੂਦ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨਿਪਟ ਰਹੀ ਹੈ।” ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਸਰਕਾਰ ਕਿਸੇ ਵੀ ਮਰੀਜ਼ ਨੂੰ ਪਲਾਜ਼ਮਾ ਨਹੀਂ ਵੇਚ ਰਹੀ, ਬੇਸ਼ੱਕ ਉਹ ਪ੍ਰਾਈਵੇਟ ਹਸਪਤਾਲ ‘ਚ ਇਲਾਜ ਕਿਉਂ ਨਾ ਕਰਵਾ ਰਿਹਾ ਹੋਵੇ। ਉੱਥੇ ਦਾਨ ‘ਚ ਲਿਆ ਪਲਾਜ਼ਮਾ ਅੱਗੇ ਵੀ ਮੁਫ਼ਤ ਹੀ ਮੁਹੱਈਆ ਕਰਵਾਇਆ ਜਾਂਦਾ ਹੈ।
ਪੰਜਾਬ ਸਰਕਾਰ ਹੁਣ ਦਾਨ ‘ਚ ਲਿਆ ਖ਼ੂਨ ਵੀ ਵੇਚਣ ਲੱਗ ਪਈ ਹੈ : ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਹਸਪਤਾਲਾਂ ‘ਚ ਇਲਾਜ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣ ਤਾਂ ਜ਼ਿਆਦਾਤਰ ਸਰਦੇ-ਪੁੱਜਦੇ ਲੋਕ ਵੀ ਸਰਕਾਰੀ ਹਸਪਤਾਲਾਂ ‘ਚ ਹੀ ਇਲਾਜ ਨੂੰ ਤਰਜੀਹ ਦਿੰਦੇ ਹਨ, ਪਰੰਤੂ ਪੰਜਾਬ ਦੇ ਖ਼ੁਦ ਵੈਂਟੀਲੇਟਰ ‘ਤੇ ਚੱਲ ਰਹੇ ਸਰਕਾਰੀ ਹਸਪਤਾਲਾਂ ਕਾਰਨ ਬਹੁਤ ਸਾਰੇ ਆਮ ਲੋਕਾਂ ਨੂੰ ਵੀ ਕਰਜ਼ੇ ਚੁੱਕ ਕੇ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਥਰਮਲ ਪਲਾਂਟ, ਸੜਕਾਂ, ਸ਼ਾਮਲਾਤੀ ਜ਼ਮੀਨਾਂ, ਰੈਸਟ ਹਾਊਸ ਆਦਿ ਸਰਕਾਰੀ ਜਾਇਦਾਦਾਂ ਵੇਚਦੀ ਵੇਚਦੀ ਪੰਜਾਬ ਸਰਕਾਰ ਹੁਣ ਦਾਨ ‘ਚ ਲਿਆ ਖ਼ੂਨ ਵੀ ਵੇਚਣ ਲੱਗ ਪਈ ਹੈ। ਭਗਵੰਤ ਮਾਨ ਨੇ ਲੁਧਿਆਣਾ ਦੇ ਕਾਰੋਬਾਰੀ ਦੀ ਹਸਪਤਾਲ ‘ਚ ਬੈੱਡ ਨਾ ਹੋਣ ਕਾਰਨ ਅਤੇ ਅਬੋਹਰ ਦੇ ਪ੍ਰੋਫੈਸਰ ਦੀ ਕੋਰੋਨਾ ਨਾ ਹੋਣ ਦੇ ਬਾਵਜੂਦ ਕੋਰੋਨਾ ਕੇਅਰ ਸੈਂਟਰ ‘ਚ ਦਾਖਲ ਕੀਤੇ ਜਾਣ ਦੌਰਾਨ ਹੋਈਆਂ ਮੌਤਾਂ ਨੂੰ ‘ਸਰਕਾਰੀ ਕਤਲ’ ਕਰਾਰ ਦਿੰਦੇ ਹੋਏ ਇਨ੍ਹਾਂ ਮਾਮਲਿਆਂ ਦੀ ਜੁਡੀਸ਼ੀਅਲ ਜਾਂਚ ਮੰਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ