ਬੇਅਦਬੀ ਮਾਮਲਾ : ਪੰਜ ਡੇਰਾ ਸ਼ਰਧਾਲੂਆਂ ਨੂੰ ਮਿਲੀ ਜ਼ਮਾਨਤ

Ludhiana

ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਪੁਲਿਸ ਕੋਲ ਨਹੀਂ ਕੋਈ ਸਬੂਤ

ਫਰੀਦਕੋਟ।  ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਡੇਰਾ ਸ਼ਰਧਾਲੂਆਂ ਦੀ ਜ਼ਮਾਨਤ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਨੇ ਮਨਜੂਰ ਕਰ ਲਈ। ਬਚਾਅ ਪੱਖ ਵੱਲੋਂ ਐਡਵੋਕੇਟ ਵਿਨੋਦ ਕੁਮਾਰ ਮੋਂਗਾ ਤੇ ਐਡਵੋਕੇਟ ਵਿਵੇਕ ਗੁਲਬੱਧਰ ਪੇਸ਼ ਹੋਏ।

ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਵਿਨੋਦ ਮੋਂਗਾ ਨੇ ਦੱਸਿਆ ਕਿ ਉਹਨਾਂ ਨੇ ਮਾਣਯੋਗ ਅਦਾਲਤ ‘ਚ ਇਹ ਦਲੀਲ ਰੱਖੀ ਕਿ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਵੀ ਕਰ ਰਹੀ ਹੈ, ਇਸ ਲਈ ਸਿਟ ਦੀ ਜਾਂਚ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਅਤੇ ਇਹ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ ਉਹਨਾਂ ਇਹ ਵੀ ਤੱਥ ਰੱਖਿਆ ਕਿ ਸਿਟ ਨੇ ਮੁਲਜ਼ਮਾਂ ਖਿਲਾਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦਾ ਇਲਜਾਮ ਲਾਇਆ ਹੈ ਪਰ ਇਸ ਨੂੰ ਸਾਬਤ ਕਰਨ ਲਈ ਪੁਲਿਸ ਕੋਈ ਸਬੂਤ/ਤੱਥ ਪੇਸ਼ ਨਹੀਂ ਕਰ ਸਕੀ। ਇਸ ਲਈ ਡੇਰਾ ਸ਼ਰਧਾਲੂਆਂ ਦਾ ਇਹਨਾਂ ਮਾਮਲਿਆਂ ਨਾਲ ਕੋਈ ਸਬੰਧ ਨਹੀਂ ਡੇਰਾ ਸ਼ਰਧਾਲੂ ਬੇਕਸੂਰ ਹਨ ਤੇ ਉਹਨਾਂ ਨੂੰ ਬਿਨਾਂ ਵਜ੍ਹਾ ਕੇਸ ਵਿੱਚ ਫਸਾਇਆ ਜਾ ਰਿਹਾ ਹੈ।

ਐਡਵੋਕੇਟ ਮੋਂਗਾ ਨੇ ਇਹ ਵੀ ਦੱਸਿਆ ਕਿ ਸੀਬੀਆਈ ਪਹਿਲਾਂ ਹੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਡੇਰਾ ਸ਼ਰਧਾਲੂਆਂ ਨੂੰ ਬੇਗੁਨਾਹ ਕਰਾਰ ਦੇ ਚੁੱਕੀ ਹੈ ਸੀਬੀਆਈ ਨੇ ਪੋਲੀਗ੍ਰਾਫ ਟੈਸਟ, ਫਿੰਗਰ ਪਿੰ੍ਰਟ, ਨਾਰਕੋ ਟੈਸਟ ਅਤੇ ਹੱਥ ਲਿਖਤ ਦੇ ਨਮੂਨੇ ਵਰਗੇ ਹਰ ਤਰ੍ਹਾਂ ਦੇ ਟੈਸਟ ਕੀਤੇ ਹਨ ਮੋਂਗਾ ਨੇ ਕਿਹਾ ਕਿ ਸੀਬੀਆਈ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਕੇ 1200 ਪੰਨਿਆਂ ਦੀ ਕਲੋਜਰ ਰਿਪੋਰਟ ਮੋਹਾਲੀ ਅਦਾਲਤ ਵਿੱਚ ਪੇਸ਼ ਕਰ ਚੁੱਕੀ ਹੈ  ਪਰ ਅਚਾਨਕ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਸਿਟ ਨੇ 2 ਜੁਲਾਈ ਨੂੰ ਫਰੀਦਕੋਟ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਬੇਅਦਬੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟ ਨੇ ਚਾਰ ਦਿਨ ‘ਚ ਜਾਂਚ ਮੁਕੰਮਲ ਕਰਕੇ 6 ਜੁਲਾਈ ਨੂੰ ਚਾਲਾਨ ਵੀ ਪੇਸ਼ ਕਰ ਦਿੱਤਾ।

ਸ੍ਰੀ ਮੋਂਗਾ ਨੇ ਸਿਟ ਦੀ ਕਾਰਵਾਈ ‘ਤੇ ਸਵਾਲ ਕਰਦਿਆਂ ਆਖਿਆ ਕਿ ਜੋ ਜਾਂਚ 5 ਸਾਲਾਂ ‘ਚ 5 ਏਜੰਸੀਆਂ ਵੱਲੋਂ ਕੀਤੀ ਗਈ ਉਸਨੂੰ ਸਿਟ ਨੇ ਮੁੱਢੋਂ ਹੀ ਰੱਦ ਕਰਕੇ ਨਾਮਜ਼ਦ ਵਿਅਕਤੀਆਂ ਦਾ ਚਾਲਾਨ ਪੇਸ਼ ਕਰ ਦਿੱਤਾ ਜੋ ਦਰਸਾਉਂਦਾ ਹੈ ਕਿ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੋਣ ਕਰਕੇ ਕਾਨੂੰਨ ਤੇ ਨਿਯਮਾਂ ਦੀ ਉਲੰਘਣਾ ਹੈ।  ਜਿਕਰਯੋਗ ਹੈ ਕਿ ਸਿਟ ਨੇ 4 ਜੁਲਾਈ ਨੂੰ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ 2 ਜਣਿਆਂ ਦੀ ਗ੍ਰਿਫ਼ਤਾਰੀ ਨੂੰ ਅਦਾਲਤ ਨੇ ਉਸੇ ਦਿਨ ਹੀ ਗੈਰਕਾਨੂੰਨੀ ਐਲਾਨ ਕੇ ਰਿਹਾਅ ਕਰ ਦਿੱਤਾ ਸੀ।

ਡੇਰਾ ਸੱਚਾ ਸੌਦਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ : ਹਰਚਰਨ ਇੰਸਾਂ

ਡੇਰਾ ਸੱਚਾ ਸੌਦਾ ਦੇ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਡੇਰਾ ਸ਼ਰਧਾਲੂਆਂ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ। ਸ੍ਰੀ ਇੰਸਾਂ ਨੇ ਆਖਿਆ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਤੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਡੇਰਾ ਸ਼ਰਧਾਲੂ ਬੇਗੁਨਾਹ ਸਾਬਿਤ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ