ਸਿਵਲ ਹਸਪਤਾਲ ਦੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਸਾਡੇ ਬੱਚੇ ਦਾ ਕੱਟਿਆ ਗਿਆ ਹੱਥ ਦਾ ਅੰਗੂਠਾ: ਮਾਪੇ

ਮੁੱਖ ਮੰਤਰੀ ਤੇ ਸਿਹਤ ਮੰਤਰੀ ਨੂੰ ਸ਼ਿਕਾਇਤ ਭੇਜ ਕੇ ਕੀਤੀ ਇਨਸਾਫ਼ ਦੀ ਮੰਗ ਡਾਕਟਰ ਨੇ ਦੋਸ਼ ਨਕਾਰੇ

ਸਮਾਣਾ, (ਸੁਨੀਲ ਚਾਵਲਾ)। ਸਿਵਲ ਹਸਪਤਾਲ ਸਮਾਣਾ ਦੇ ਡਾਕਟਰ ਦੀ ਕਥਿਤ ਲਾਪ੍ਰਵਾਹੀ ਸਦਕਾ ਇੱਕ 6 ਸਾਲਾ ਗਰੀਬ ਬੱਚੇ ਦਾ ਅੰਗੂਠਾ ਕੱਟੇ ਜਾਣ ਦੇ ਮਾਮਲੇ ‘ਚ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਪੰਜਾਬ ਨੂੰ ਸ਼ਿਕਾਇਤ ਪੱਤਰ ਭੇਜ ਕੇ ਜਿੱਥੇ ਕਥਿਤ ਲਾਪ੍ਰਵਾਹੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਉਨ੍ਹਾਂ ਬੱਚੇ ਦੇ ਸੱਜੇ ਹੱਥ ਦਾ ਅੰਗੂਠਾ ਕੱਟੇ ਜਾਣ ਕਾਰਨ ਖ਼ਰਾਬ ਹੋਏ ਭਵਿੱਖ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਗੁਰਵਿੰਦਰ ਸਿੰਘ ਵਾਸੀ ਪਿੰਡ ਧਨੇਠਾ ਨੇ ਦੱਸਿਆ ਕਿ ਉਸਦਾ ਭਾਣਜਾ ਗੁਰਵੀਰ ਸਿੰਘ ਕੁੱਝ ਦਿਨ ਪਹਿਲਾਂ ਹੀ ਉਸਕੋਲ ਆਇਆ ਸੀ। ਬੀਤੀ 21 ਜੂਨ ਨੂੰ ਅਚਾਨਕ ਖੇਡਦੇ ਸਮੇਂ ਪਾਥੀਆਂ ਵਾਲਾ ਗੀਜ਼ਰ ਉਸਦੇ ਹੱਥ ਉੱਪਰ ਡਿੱਗ ਗਿਆ ਜਿਸ ਕਾਰਨ ਉਸਦਾ ਹੱਥ ਕਾਫ਼ੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸਨੇ ਦੱਸਿਆ ਕਿ ਉਹ ਤੁਰੰਤ ਉਸਨੂੰ ਸਿਵਲ ਹਸਪਤਾਲ ਸਮਾਣਾ ਲੈ ਕੇ ਆਇਆ ਜਿੱਥੇ ਡਿਊਟੀ ‘ਤੇ ਤੈਨਾਤ ਡਾਕਟਰ ਰਮਨਦੀਪ ਸਿੰਘ ਨੇ ਉਸਦੇ ਹੱਥ ‘ਤੇ ਦੋ ਟਾਂਕੇ ਲਗਾ ਕੇ ਤੇ ਪੱਟੀ ਬਣ ਕੇ ਸਾਨੂੰ ਘਰ ਵਾਪਿਸ ਭੇਜ ਦਿੱਤਾ ਤੇ ਕਿਹਾ ਕਿ ਕੱਲ੍ਹ ਹੱਥ ਦਾ ਐਕਸਰੇ ਕਰਵਾ ਲੈਣਾ।

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਹੀ ਬੱਚੇ ਦੇ ਹੱਥ ਦਾ ਐਕਸਰੇ ਕਰਵਾ ਲਿਆ ਤੇ ਮੁੜ ਡਾਕਟਰ ਨੂੰ ਦਿਖਾਇਆ,ਪ੍ਰੰਤੂ ਡਾਕਟਰ ਨੇ ਹੱਡੀ ਟੁੱਟੀ ਹੋਣ ਤੇ ਨਸ ਕਟੀ ਹੋਣ ਦੇ ਬਾਵਜੂਦ ਨਾ ਤਾਂ ਬੱਚੇ ਦਾ ਇਲਾਜ਼ ਕੀਤਾ ਤੇ ਨਾ ਸਾਨੂੰ ਪਟਿਆਲਾ ਰੈਫ਼ਰ ਕੀਤਾ। ਇੱਕ ਦਿਨ ਬਾਅਦ ਬੱਚੇ ਦਾ ਹੱਥ ਕਾਲਾ ਪੈਣਾ ਸ਼ੁਰੂ ਹੋ ਗਿਆ

ਜਿਸ ‘ਤੇ ਉਨ੍ਹਾਂ ਹੋਰ ਡਾਕਟਰ ਨੂੰ ਦਿਖਾਇਆ ਤਾਂ ਉਕਤ ਡਾਕਟਰ ਨੇ ਕਿਹਾ ਕਿ ਹੱਥ ਦੀ ਹਾਲਤ ਖ਼ਰਾਬ ਹੋ ਰਹੀ ਹੈ ਕਿਸੇ ਚੰਗੇ ਡਾਕਟਰ ਨੂੰ ਦਿਖਾਓ। ਉਸਨੇ ਦੱਸਿਆ ਕਿ ਉਨ੍ਹਾਂ ਤਿੰਨ ਚਾਰ ਡਾਕਟਰਾਂ ਨੂੰ ਦਿਖਾਇਆ ਪ੍ਰੰਤੂ ਸਾਰਿਆਂ ਨੇ ਹੀ ਕਿਹਾ ਕਿ ਜੇਕਰ ਮੌਕੇ ‘ਤੇ ਇਲਾਜ਼ ਹੋ ਜਾਂਦਾ ਤਾਂ ਬੱਚੇ ਦਾ ਅੰਗੂਠਾ ਠੀਕ ਹੋ ਸਕਦਾ ਸੀ ਪ੍ਰੰਤੂ ਹੁਣ ਹੱਥ ਖ਼ਰਾਬ ਹੋ ਰਿਹਾ ਹੈ ਇਸ ਲਈ ਅੰਗੂਠਾ ਕੱਟਣਾ ਪਵੇਗਾ ਨਹੀਂ ਤਾਂ ਜ਼ਹਿਰ ਪੂਰੇ ਹੱਥ ਵਿੱਚ ਫੈਲ ਸਕਦਾ ਹੈ ਜਿਸ ‘ਤੇ ਉਨ੍ਹਾਂ ਸੁਨਾਮ ਦੇ ਇੱਕ ਮਾਹਿਰ ਡਾਕਟਰ ਪਾਸੋਂ ਬੱਚੇ ਦਾ ਅੰਗੂਠਾ ਕਟਵਾ ਦਿੱਤਾ।

ਉਸਨੇ ਦੱਸਿਆ ਕਿ ਇਸ ਸੰਬੰਧੀ ਉਸਨੇ ਸਿਵਲ ਹਸਪਤਾਲ ਸਮਾਣਾ ਦੇ ਐਸਐਮਓ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਸਿਵਲ ਹਸਪਤਾਲ ਦੇ ਹੀ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਜਿਨ੍ਹਾਂ ਸਾਨੂੰ ਹੀ ਗਲਤ ਕਰਾਰ ਦੇ ਦਿੱਤਾ। ਉਸਨੇ ਦੋਸ਼ ਲਗਾਏ ਕਿ ਡਾਕਟਰ ਦੀ ਲਾਪ੍ਰਵਾਹੀ ਸਦਕਾ ਹੀ ਬੱਚੇ ਦਾ ਹੱਥ ਖਰਾਬ ਹੋਇਆ ਹੈ। ਇਸ ਲਈ ਉਸਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਅਤੇ ਹੋਰ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਜਿੱਥੇ ਕਥਿਤ ਤੌਰ ‘ਤੇ ਲਾਪ੍ਰਵਾਹੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਬੱਚੇ ਦੇ ਭਵਿੱਖ ਨਾਲ ਹੋਏ ਖ਼ਿਲਵਾੜ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸਬੰਧੀ ਸਿਵਲ ਹਸਪਤਾਲ ਦੇ ਐਸਐਮਓ ਡਾ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਕੋਲ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਆਈ ਤਾਂ ਉਨ੍ਹਾਂ ਤੁਰੰਤ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਪ੍ਰੰਤੂ ਜਦੋਂ ਉਨ੍ਹਾਂ ਪਾਸੋਂ ਪੁੱਛਿਆ ਗਿਆ ਕਿ ਡਾਕਟਰ ਦੇ ਨਾਲ ਕੰਮ ਕਰਨ ਵਾਲੇ ਡਾਕਟਰ ਉਸ ਖ਼ਿਲਾਫ਼ ਰਿਪੋਰਟ ਕਿਵੇਂ ਬਣਾ ਕੇ ਦਿੰਦੇ ਤਾਂ ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰਕ ਮੈਂਬਰ ਇਤਰਾਜ ਕਰਦੇ ਤਾਂ ਉਹ ਪਟਿਆਲਾ ਦੇ ਡਾਕਟਰਾਂ ਦਾ ਪੈਨਲ ਬਣਾ ਦਿੰਦੇ ਪਰ ਪਰਿਵਾਰਕ ਮੈਂਬਰ ਕੁੱਝ ਕਹੇ ਬਿਨਾਂ ਹੀ ਚਲੇ ਗਏ।

ਇਸ ਸਬੰਧੀ ਡਾ. ਰਮਨਦੀਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਇੱਕ ਵਾਰ ਦਿਖਾਉਣ ਤੋਂ ਬਾਅਦ ਮੁੜ ਉਸ ਕੋਲ ਆਏ ਹੀ ਨਹੀਂ ਤੇ ਨਾ ਹੀ ਉਸਨੂੰ ਐਕਸਰਾ ਦਿਖਾਇਆ। ਜੇਕਰ ਉਸ ਕੋਲ ਐਕਸਰੇ ਲੈ ਕੇ ਆਉਂਦੇ ਤਾਂ ਉਹ ਉਨ੍ਹਾਂ ਨੂੰ ਤੁਰੰਤ ਰੈਫ਼ਰ ਕਰ ਦਿੰਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ