ਵਿਪਲਵ ਨੇ ਪੰਜਾਬੀ-ਜਾਟ ਭਾਈਚਾਰੇ ‘ਤੇ ਟਿੱਪਣੀ ਸਬੰਧੀ ਮੰਗੀ ਮਾਫ਼ੀ

ਵਿਪਲਵ ਨੇ ਪੰਜਾਬੀ-ਜਾਟ ਭਾਈਚਾਰੇ ‘ਤੇ ਟਿੱਪਣੀ ਸਬੰਧੀ ਮੰਗੀ ਮਾਫ਼ੀ

  • ਦੇਬ ਨੇ ਅੱਜ ਆਪਣੇ ਬਿਆਨ ‘ਤੇ ਮਾਫ਼ੀ ਮੰਗਦਿਆਂ ਕਈ ਟਵੀਟ ਕੀਤੇ

ਅਗਰਤਲਾ। ਤ੍ਰਿਪੁਰਾ ਦੇ ਮੁੱਖ ਮੰਤਰੀ ਵਿਪਲਵ ਕੁਮਾਰ ਦੇਵ (viplav kumar dev) ਨੇ ਮੰਗਲਵਾਰ ਨੂੰ ਪੰਜਾਬੀ ਤੇ ਜਾਟ ਭਾਈਚਾਰੇ ਪ੍ਰਤੀ ਆਪਣੇ ਬਿਆਨ ‘ਤੇ ਮਾਫ਼ੀ ਮੰਗੀ ਹੈ। ਦੇਬ ਨੇ ਅੱਜ ਆਪਣੇ ਬਿਆਨ ‘ਤੇ ਮਾਫ਼ੀ ਮੰਗਦਿਆਂ ਕਈ ਟਵੀਟ ਕੀਤੇ।

ਮੈਨੂੰ ਪੰਜਾਬੀ ਤੇ ਜਾਟ ਦੋਵੇਂ ਹੀ ਭਾਈਚਾਰਿਆਂ ‘ਤੇ ਮਾਣ

ਉਨ੍ਹਾਂ ਲਿਖਿਆ, ਅਗਰਤਲਾ ਪ੍ਰੈੱਸ ਕਲੱਬ ‘ਚ ਹੋਏ ਇੱਕ ਪ੍ਰੋਗਰਾਮ ‘ਚ ਮੈਂ ਆਪਣੇ ਪੰਜਾਬੀ ਤੇ ਜਾਟ ਭਰਾਵਾਂ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਨੂੰ ਪੰਜਾਬੀ ਤੇ ਜਾਟ ਦੋਵੇਂ ਹੀ ਭਾਈਚਾਰਿਆਂ ‘ਤੇ ਮਾਣ ਹੈ। ਮੈਂ ਖੁਦ ਵੀ ਕਾਫ਼ੀ ਸਮੇਂ ਤੱਕ ਇਨ੍ਹਾਂ ਦਰਮਿਆਨ ਰਿਹਾ ਹਾਂ। ਮੇਰੇ ਕਈ ਮਿੱਤਰ ਇਸੇ ਸਮਾਜ ਤੋਂ ਹਨ। ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸਦੇ ਲਈ ਮੈਂ ਨਿੱਜੀ ਤੌਰ ‘ਤੇ ਮਾਫ਼ੀ ਮੰਗਦਾ ਹਾਂ। ਮੁੱਖ ਮੰਤਰੀ ਨੇ ਇੱਕ ਹੋਰ ਟਵੀਟ ‘ਚ ਲਿਖਿਆ, ਦੇਸ਼ ਦੇ ਅਜ਼ਾਦੀ ਸੰਗਰਾਮ ‘ਚ ਪੰਜਾਬੀ ਤੇ ਜਾਟ ਭਾਈਚਾਰੇ ਦੇ ਯੋਗਦਾਨ ਨੂੰ ਮੈਂ ਸਦਾ ਨਮਨ ਕਰਦਾ ਹਾਂ ਤੇ ਭਾਰਤ ਨੂੰ ਅੱਗੇ ਵਧਾਉਣ ‘ਚ ਇਨ੍ਹਾਂ ਦੋਵੇਂ ਭਾਈਚਾਰਿਆਂ ਨੇ ਜੋ ਭੂਮਿਕਾ ਨਿਭਾਈ ਹੈ, ਉਸ ‘ਤੇ ਮੈਂ ਕਦੇ ਸਵਾਲ ਖੜ੍ਹਾ ਕਰਨ ਦੀ ਸੋਚ ਵੀ ਨਹੀਂ ਸਕਦਾ ਹਾਂ।

ਅਗਰਤਲਾ ਪ੍ਰੈੱਸ ਕਲੱਬ ਪ੍ਰੋਗਰਾਮ

ਦੇਵ (viplav kumar dev) ਸੋਮਵਾਰ ਨੂੰ ਅਗਰਤਲਾ ਪ੍ਰੈੱਸ ਕਲੱਬ ‘ਚ ਹੋਏ ਪ੍ਰੋਗਰਾਮ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਦੇਸ਼ ਦੇ ਵੱਖ-ਵੱਖ ਭਾਈਚਾਰੇ ਤੇ ਸੂਬੇ ਦੇ ਲੋਕਾਂ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ। ਪੰਜਾਬ ਦੇ ਲੋਕਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ, ਲੋਕ ਉਨ੍ਹਾਂ ਨੂੰ ਪੰਜਾਬੀ ਕਹਿੰਦੇ ਹਨ, ਇੱਕ ਸਰਦਾਰ ਹੈ! ਸਰਦਾਰ ਕਿਸੇ ਤੋਂ ਨਹੀਂ ਡਰਦਾ। ਉਹ ਬਹੁਤ ਤਾਕਤਵਰ ਹੁੰਦੇ ਹਨ ਹਾਲਾਂਕਿ ਉਨ੍ਹਾਂ ਦਾ ਦਿਮਾਗ ਘੱਟ ਹੁੰਦਾ ਹੈ। ਕੋਈ ਵੀ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਸਗੋਂ ਪਿਆਰ ਨਾਲ ਜਿੱਤ ਸਕਦਾ ਹੈ।

ਹਰਿਆਣਾ ਦੇ ਜਾਟਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਲੋਕ ਜਾਟਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਲੋਕ ਕਹਿੰਦੇ ਹਨ, ਜਾਟ ਘੱਟ ਬੁੱਧੀਮਾਨ ਹਨ ਪਰ ਸਰੀਰਕ ਤੌਰ ‘ਤੇ ਤੰਦਰੁਸਤ ਹਨ। ਜੇਕਰ ਤੁਸੀਂ ਇੱਕ ਜਾਟ ਨੂੰ ਚੁਣੌਤੀ ਦਿੰਦੇ ਹੋ ਤਾਂ ਉਹ ਆਪਣੀ ਬੰਦੂਕ ਆਪਣੇ ਘਰ ‘ਚੋਂ ਬਾਹਰ ਲੈ ਆਵੇਗਾ। ਇਸ ਤੋਂ ਬਾਅਦ ਉਨ੍ਹਾਂ ਬੰਗਾਲੀ ਲੋਕਾਂ ਲਈ ਕਿਹਾ ਕਿ ਬੰਗਾਲੀਆਂ ਨੂੰ ਬਹੁਤ ਬੁੱਧੀਮਾਨ ਮੰਨਿਆ ਜਾਂਦਾ ਹੈ ਤੇ ਉਹ ਭਾਰਤ ‘ਚ ਉਨ੍ਹਾਂ ਦੀ ਪਛਾਣ ਹੈ, ਜਿਵੇਂ ਹਰ ਭਾਈਚਾਰੇ ਨੂੰ ਇੱਕ ਨਿਸ਼ਚਿਤ ਪ੍ਰਕਾਰ ਤੇ ਚਰਿੱਤਰ ਦੇ ਨਾਲ ਜਾਣਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ