ਹਫ਼ਤੇ ਵਿੱਚ 2 ਦਿਨ ਲੱਗੇਗਾ ਕਰਫਿਊ, ਚੰਡੀਗੜ ਨੇ ਮੰਗੀ ਪੰਜਾਬ ਤੇ ਹਰਿਆਣਾ ਤੋਂ ਸਲਾਹ

ਚੰਡੀਗੜ ਵਿਖੇ ਕਰਫਿਊ ਤਾਂ ਹੀ ਕਾਮਯਾਬ ਹੋਏਗਾ, ਜੇਕਰ ਪੰਚਕੂਲਾ ਤੇ ਮੁਹਾਲੀ ਵੀ ਰਹਿਣਗੇ ਬੰਦ : ਚੰਡੀਗੜ ਪ੍ਰਸ਼ਾਸਨ

ਚੰਡੀਗੜ, (ਅਸ਼ਵਨੀ ਚਾਵਲਾ)। ਜਲਦ ਹੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਵਿਖੇ 2 ਦਿਨਾਂ ਦਾ ਕਰਫਿਊ ਲੱਗ ਸਕਦਾ।ਇਸ ਸਬੰਧੀ ਚੰਡੀਗੜ ਪ੍ਰਸ਼ਾਸਨ ਨੇ ਨਾ ਸਿਰਫ਼ ਤਿਆਰੀ ਕਰ ਲਈ ਹੈ, ਸਗੋਂ ਇਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਸਾਥ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਕਿ ਕਰਫਿਊ ਨੂੰ ਸਫ਼ਲ ਕੀਤਾ ਜਾ ਸਕੇ। ਚੰਡੀਗੜ ਵਿਖੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਾਫ਼ੀ ਜਿਆਦਾ ਮਾਮਲੇ ਆ ਰਹੇ ਹਨ,

ਇਸ ਨੂੰ ਕੋਰੋਨਾ ਦੀ ਰਫ਼ਤਾਰ ਨੂੰ ਦੇਖਦੇ ਹੋਏ ਟ੍ਰਾਈਸਿਟੀ ਵਿਖੇ ਹੀ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਮੁਕੰਮਲ ਬੰਦ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਕੋਰੋਨਾ ਦੀ ਵਧ ਰਹੀ ਰਫ਼ਤਾਰ ਤੋਂ ਚੰਡੀਗੜ ਵੀ ਪਿੱਛੇ ਨਹੀਂ ਰਹਿ ਰਿਹਾ ਹੈ। ਚੰਡੀਗੜ ਵਿਖੇ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਅਤੇ ਜਿਸ ਦੀ ਚਿੰਤਾ ਵਿੱਚ ਪ੍ਰਸ਼ਾਸਨ ਵਲੋਂ ਸਖ਼ਤ ਫੈਸਲੇ ਲੈਣ ਬਾਰੇ ਵੀ ਪਿਛਲੇ ਕੁਝ ਦਿਨਾਂ ਤੋਂ ਵਿਚਾਰ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਚਲ ਰਹੇ ਐਤਵਾਰ ਦੇ ਲਾਕ ਡਾਊਨ ਦੀ ਤਰਜ਼ ‘ਤੇ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ ਵਿਖੇ ਵੀ ਲਾਕਡਾਊਨ ਲਗਾਉਣ ਦੀ ਮੰਗ ਜੋਰ ਫੜ ਰਹੀਂ ਹੈ, ਜਿਸ ਨੂੰ ਦੇਖਦੇ ਹੋਏ ਚੰਡੀਗੜ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਚੰਡੀਗੜ ਦੇ ਪ੍ਰਸ਼ਾਸਕ ਮਨੋਜ ਪਰਿੰਦਾ ਸਣੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਇਸ ਵਿਚਾਰ ਕੀਤਾ ਤਾਂ ਉਥੇ ਇਹ ਗੱਲ ਉਭਰ ਕੇ ਆਈ ਕਿ ਸਿਰਫ਼ ਚੰਡੀਗੜ ਵਿਖੇ ਕਰਫਿਊ ਲਾਉਣ ਦਾ ਕੋਈ ਜਿਆਦਾ ਫਾਇਦਾ ਨਹੀਂ ਹੋਣਾ ਹੈ, ਇਸ ਨੂੰ ਕਰਫਿਊ ਨੂੰ ਟ੍ਰਾਈਸਿਟੀ ਵਿੱਚ ਲਾਗੂ ਕਰਨਾ ਪੈਣਾ ਹੈ, ਕਿਉਂਕਿ ਚੰਡੀਗੜ ਚਾਰੇ ਪਾਸੇ ਤੋਂ ਮੁਹਾਲੀ ਅਤੇ ਪੰਚਕੂਲਾ ਨਾਲ ਘਿਰਿਆਂ ਹੋਇਆ ਹੈ।

ਮੀਟਿੰਗ ਦੇ ਇਸ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਚੰਡੀਗੜ ਦੇ ਪ੍ਰਸ਼ਾਸਕ ਮਨੋਜ ਪਰਿੰਦਾ ਵਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਮੁਕੰਮਲ ਬੰਦ ਕਰਕੇ ਕਰਫਿਊ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਚਕੂਲਾ ਅਤੇ ਮੁਹਾਲੀ ਸ਼ਾਮਲ ਕੀਤਾ ਜਾਣਾ ਜਰੂਰੀ ਹੈ ਤਾਂ ਹੀ ਕਾਮਯਾਬੀ ਹਾਸਲ ਹੋਏਗੀ। ਇਸ ਲਈ ਇਸ ਮਾਮਲੇ ਵਿੱਚ ਤੁਹਾਡੇ ਵੱਲੋਂ ਫੈਸਲਾ ਲਿਆ ਜਾਣਾ ਵੀ ਜਰੂਰੀ ਹੈ। ਇਸ ਸਬੰਧੀ ਜਲਦ ਹੀ ਕੋਈ ਨਾ ਕੋਈ ਫੈਸਲਾ ਕੀਤਾ ਜਾਵੇ।
ਮਨੋਜ ਪਰੀਦਾ ਦੇ ਇਸ ਪੱਤਰ ਤੋਂ ਬਾਅਦ ਇੰਝ ਲਗ ਰਿਹਾ ਹੈ ਕਿ ਇਸ ਹਫ਼ਤੇ ਤੋਂ ਹੀ ਇਹ ਫੈਸਲਾ ਲਾਗੂ ਹੋ ਸਕਦਾ ਹੈ ਅਤੇ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਚੰਡੀਗੜ ਵਿਖੇ ਮੁੜ ਤੋਂ ਕਰਫਿਊ ਲਗ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ