ਕੀ ਡਰ ਇੰਨਾ ਭਿਆਨਕ ਹੁੰਦੈ?

ਕੀ ਡਰ ਇੰਨਾ ਭਿਆਨਕ ਹੁੰਦੈ?

ਡਰ ਜਾਂ ਭੈਅ ਇੱਕ ਅਜਿਹਾ ਵਲਵਲਾ ਹੁੰਦਾ ਹੈ ਜੋ ਜਿਉਂਦੇ ਪ੍ਰਾਣੀਆਂ ਵੱਲੋਂ ਮਹਿਸੂਸ ਕੀਤਾ ਜਾਂਦਾ ਹੈ। ਜਿਸ ਸਦਕਾ ਦਿਮਾਗ਼ ਅਤੇ ਅੰਗਾਂ ਦੇ ਕਾਰਜਾਂ ਵਿੱਚ ਤੇ ਅਖੀਰ ਵਿੱਚ ਸੁਭਾਅ ਵਿੱਚ ਤਬਦੀਲੀ ਆ ਜਾਂਦੀ ਹੈ ਜਿਵੇਂ ਕਿ ਦੁਖਦਾਈ ਵਾਕਿਆਂ ਤੋਂ ਦੂਰ ਭੱਜਣਾ, ਲੁਕਣਾ ਜਾਂ ਡਰ ਮਾਰੇ ਠੰਢੇ ਹੋ ਜਾਣਾ। ਡਰ ਇੰਨਾ ਭਿਆਨਕ ਹੁੰਦਾ ਹੈ ਕਦੇ ਸੋਚਿਆ ਵੀ ਨਹੀਂ ਸੀ। ਕਰੋਨਾ ਬਿਮਾਰੀ ਨੇ ਮਨੁੱਖ ਨੂੰ ਦੱਸਿਆ ਕੇ ਅਸਲ ਵਿੱਚ ਡਰ ਕੀ ਹੈ। ਡਰ ਵਿੱਚ ਜਿੱਥੇ ਮਨੁੱਖ ਘਰ ਰਹਿਣ ਲਈ ਮਜ਼ਬੂਰ ਹੈ, ਉੱਥੇ ਮਨੁੱਖ ਅੰਦਰੋਂ ਸਾਂਝ, ਰਿਸ਼ਤੇ, ਨਾਤੇ ਸਭ ਕੁਝ ਕੱਢ ਦਿੱਤਾ ਹੈ।

ਦੋਸਤ ਵਰਿੰਦਰ ਭਾਟੀਆ ਦੀ ਫੇਸਬੁੱਕ ਕੰਧ ਤੋਂ ਇੱਕ ਅਜਿਹਾ ਹੀ ਡਰ ਪੜ੍ਹਿਆ। ਬਠਿੰਡਾ ਅੱਜ ਵਧੇਰੇ ਸੁੰਨਸਾਨ ਨਜ਼ਰ ਆਇਆ। ਸੜਕ ‘ਤੇ ਸਿਰਫ ਐਂਬੂਲੈਂਸਾਂ ਚੱਲ ਰਹੀਆਂ ਨੇ, ਵਿਰਾਨੀ ਯਾਤਰਾ ਵਿੱਚ, ਹਰ ਕੋਈ ਉੱਜੜਿਆ ਹੋਇਆ ਦਿਖਾਈ ਦਿੰਦਾ ਸੀ, ਸਾਨੂੰ ਅਜਿਹਾ ਲੱਗਦਾ ਸੀ ਕਿ ਸਭ ਕੁਝ ਉਜਾੜ ਨਹੀਂ ਹੈ। ਦੁਨੀਆਂ ਵਿਚ ਕੁਝ ਬਚਿਆ ਹੈ ਜੋ ਕਿਸੇ ਦਿਨ ਤਬਾਹੀ ਨੂੰ ਹਰਾ ਦੇਵੇਗਾ। ਸੜਕਾਂ, ਬੱਸ ਸਟੈਂਡ, ਸਟੇਸ਼ਨਾਂ, ਕਚਹਿਰੀਆਂ, ਬਾਜ਼ਾਰ ਸਾਰੇ ਚੱਕ ਭਰ ਰਹੇ ਸਨ।

ਲੱਗ ਰਿਹਾ ਸੀ ਕਿ ਬਿਜਲੀ ਦੇ ਪੋਲ ਤੁਰ ਰਹੇ ਹਨ ਤੇ ਸ਼ਹਿਰ ਆਉਣ ਵਾਲੇ ਨੂੰ ਖਾ ਜਾਣਗੇ , ਸਾਰਾ ਦਿਨ ਚੱਲਣ ਵਾਲੀ ਸੜਕ ਖੜ੍ਹ ਗਈ ਹੈ। ਰੇਲਵੇ ਵਾਲਾ ਅੰਡਰ ਬ੍ਰਿਜ ਇੰਝ ਲੱਗਾ ਜਿਵੇਂ ਕੋਈ ਬਹੁਤ ਵੱਡਾ ਦਾਨਵ ਮੂੰਹ ਅੱਡੀ ਖਲੋਤਾ ਹੋਵੇ ਜਿਸ ਵਿਚ ਬੰਦਾ ਇੱਕ ਵਾਰ ਚਲਾ ਗਿਆ ਤਾਂ ਵਾਪਸ  ਨਹੀਂ ਆਵੇਗਾ। ਆਪਣੀ ਗੱਡੀ ਦੀ ਅਵਾਜ਼ ਏਦਾਂ ਮਹਿਸੂਸ ਹੋਈ ਜਿਵੇਂ ਕਿਸੇ ਬਹੁਤ ਵੱਡੀ ਫੈਕਟਰੀ ਵਿਚ ਮਸ਼ੀਨਾਂ ਚੱਲ ਰਹੀਆਂ ਹੋਣ। ਤੇ ਉਸ ਅਵਾਜ਼ ਨਾਲ ਦਿਮਾਗ ਫਟਣ ਲੱਗਾ ਸੀ

ਗੋਲ ਚੌਂਕ ‘ਤੇ ਆ ਕੇ ਦਿਮਾਗ ਸੁੰਨ ਹੋ ਗਿਆ। ਮੈਂ ਗੱਡੀ ਰੋਕ ਲਈ, ਨਾਲ ਵਾਲੇ ਸਾਥੀ ਨੂੰ ਪੁੱਛਿਆ ਕਿ ਹੁਣ ਕਿੱਧਰ ਨੂੰ ਜਾਣਾ ਹੈ? ਉਹ ਵੀ ਹੱਬੜਵਾਹੇ ਉੱਠਿਆ, ਕਹਿੰਦਾ, ਗੱਡੀ ਕਿਉਂ ਰੋਕ ਲਈ? ਉਸਨੂੰ ਮੇਰੀ ਗੱਲ ਸੁਣੀ ਨਹੀਂ ਸ਼ਾਇਦ , ਉਹ ਵੀ ਇਸ ਓਪਰੇਪਛ ਵਿਚ ਗੁਆਚ ਗਿਆ ਸੀ । ਹਰ ਹਫ਼ਤੇ ਬਠਿੰਡੇ ਦਾ ਗੇੜਾ ਲੱਗਦਾ ਰਹਿੰਦਾ ਸੀ ਪਰ ਇਸ ਮਾਹੌਲ ਵਿਚ ਬਠਿੰਡਾ ਓਪਰਾ ਲੱਗਾ, ਜਿਵੇਂ ਅਸੀਂ ਪਹਿਲੀ ਵਾਰ ਆਏ ਹੋਈਏ। ਇੱਕ ਤਾਂ ਬੇਵਕਤ ਦੋਸਤ ਦੇ ਤੁਰ ਜਾਣ ਦਾ ਦੁੱਖ ਦੂਜਾ ਇਹ ਭਿਆਨਕ ਸੜਕਾਂ!

ਲੱਗਾ ਕੇ ਇੱਥੋਂ ਕਦੇ ਵਾਪਸ ਮੁੜ ਜਾਵਾਂਗੇ? ਦੋਸਤ ਨੇ ਇਸ਼ਾਰੇ ਨਾਲ ਦੱਸਿਆ ਕੇ ਸਿੱਧਾ ਜਾਣਾ ਅੱਗੇ ਪੁਲਿਸ ਕਰਮਚਾਰੀਆਂ ਨੇ ਰੋਕ ਲਿਆ ਕਹਿੰਦੇ, ਕਿੱਧਰ ਜਾਣਾ? ਅਸੀਂ ਦੱਸਿਆ ਕੇ ਦੋਸਤ ਦੇ ਅੰਤਿਮ ਸੰਸਕਾਰ ‘ਤੇ ਚੱਲੇ ਆਂ! ਕਹਿੰਦੇ, ਗੱਡੀ ਕੇ ਕਾਗਜ਼ ਦਿਖਾਓ ਮੈਂ ਕੱਢ ਕੇ ਕਾਗਜ ਫੜਾਉਣ ਲੱਗਾ ਤਾਂ ਕਰਮਚਾਰੀ ਨੇ ਉਨ੍ਹਾਂ ਨੂੰ ਹੱਥ ਲਾਉਣ ਤੋਂ ਮਨ੍ਹਾ ਕਰ ਦਿੱਤਾ । ਕਹਿੰਦਾ, ਆਪਣੇ-ਆਪ ਖੋਲ੍ਹ-ਖੋਲ੍ਹ ਕੇ ਦਿਖਾਓ ਕਾਗਜ਼ ਦਿਖਾਉਣ ਤੋਂ ਬਾਅਦ ਜਦੋਂ ਮੈਂ ਵਾਪਸ ਪਰਤਿਆ ਤਾਂ ਆਪਣੀ ਹੀ ਗੱਡੀ ਦੇ ਕਾਗ਼ਜ਼ ਬੰਬ ਵਰਗੇ ਲੱਗੇ ਕਿ ਹੁਣੇ ਹੀ ਮੇਰੇ ਹੱਥਾਂ ਵਿੱਚ ਫੱਟ ਜਾਣਗੇ । ਛੇਤੀ ਦੇਣੇ ਕਾਗਜ਼ਾਂ ਨੂੰ ਗੱਡੀ ਵਿਚ ਰੱਖ ਕੇ ਮੈਂ ਸੈਨੇਟੀਜ਼ਰ ਨਾਲ ਹੱਥ ਸਾਫ ਕੀਤੇ

ਬਠਿੰਡੇ ਦਾ ਬੱਸ ਅੱਡਾ ਏਨਾ ਖਾਲੀ ਜਿਵੇਂ ਕਿਸੇ ਨੇ ਹੁਣੇ ਹੀ ਲੁੱਟਿਆ ਹੋਵੇ। ਕੁਝ ਮਾਨਸਿਕ ਖਾਲੀਪਣ ਤੇ ਦੂਜਾ ਬਠਿੰਡੇ ਸ਼ਹਿਰ ਦਾ ਇਹ ਹਾਲ ਦੋਨਾਂ ਨੂੰ ਦੇਖ ਕੇ ਰੂਹ ਕੰਬ ਗਈ ਜਿਵੇਂ ਸਾਰੇ ਲੋਕ ਕਿਤੇ ਚਲੇ ਗਏ ਹੋਣ ਤੇ ਸਿਰਫ ਅਸੀਂ ਹੀ ਬਚੇ ਹੋਈਏ। ਇਸ ਡਰਾਵਣੇ ਮਾਹੌਲ ‘ਚ ‘ਆਈ ਐਮ ਲੇਜੇਂਡ’ ਫਿਲਮ ਦੇ ਦ੍ਰਿਸ਼ ਵਰਗਾ ਲੱਗਾ ਕਿ ਹੁਣੇ ਕਿਧਰੋਂ ਕੋਈ ਭਿਆਨਕ ਰਾਖਸ਼ ਆਵੇਗਾ ਤੇ ਸਾਨੂੰ ਖਾ ਜਾਵੇਗਾ।  ਖੈਰ, ਦੋਸਤ ਦੇ ਘਰ ਅੱਗੇ ਜਾ ਖਲੋਤੇ ਅੰਦਰ ਗਏ ਤਾਂ ਵਿਹੜੇ ਵਿਚ ਸੱਤ ਕੁ ਬੰਦੇ ਦੋਸਤ ਦੀ ਡੈੱਡ ਬਾਡੀ ਕੋਲ ਬੈਠੇ ਹੋਏ ਸਨ ।

ਇਸ ਤੋਂ ਭਿਆਨਕ ਕੀ ਹੋ ਸਕਦਾ ਹੈ ਜਿਸ ਇਨਸਾਨ ਦੀ ਅੰਤਿਮ ਯਾਤਰਾ ਵਿਚ ਪੂਰਾ ਪੰਜਾਬ ਸ਼ਾਮਲ ਹੋਣਾ ਸੀ ਉਸਨੂੰ ਸਿਰਫ਼ ਸੱਤ ਬੰਦੇ ਨਸੀਬ ਹੋਏ। ਅੱਖਾਂ ‘ਚ ਹੰਝ ਰੁਕ ਨਹੀਂ ਰਹੇ ਸੀ ਅਜਿਹੇ ਵਕਤ ਵਿਚ ਆਪਣਿਆਂ ਦਾ ਸਹਾਰਾ ਹੁੰਦਾ, ਅੱਜ ਉਹ ਵੀ ਨਹੀਂ ਸਨ।

ਸ਼ਹਿਰ ਵਿੱਚੋਂ ਲੰਘਦੇ ਸਾਰੇ ਦ੍ਰਿਸ਼ ਹੋਰ ਵੀ ਡਰੌਣੇ ਲੱਗਣ ਲੱਗ ਗਏ ਦੁਕਾਨਾਂ ਦੇ ਬੰਦ ਸ਼ਟਰਾਂ ਨੂੰ ਦੇਖ ਕੇ ਲੱਗਾ ਕਿ ਇਨ੍ਹਾਂ ਵਿੱਚੋਂ ਕੋਈ ਭਿਆਨਕ ਚੀਜ਼ ਨਿੱਕਲੇਗੀ ਤੇ ਸਾਨੂੰ ਸਭ ਨੂੰ ਖਾ ਲਵੇਗੀ ਜ਼ਿੰਦਗੀ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਇਨਸਾਨ ਦੀ ਅੰਤਿਮ ਯਾਤਰਾ ਵਿਚ ਇੰਨਾ ਖਾਲੀਪਣ ਹੋਵੇ, ਸ਼ਮਸ਼ਾਨਘਾਟ ਪਹੁੰਚੇ ਤਾਂ ਐਵੇਂ ਲੱਗਾ ਕਿ ਇੱਥੋਂ ਸਾਰੇ ਮੁਰਦੇ ਉੱਠ ਕੇ ਸ਼ਹਿਰ ਨੂੰ ਖਾ ਗਏ ਹੋਣ।

ਇਸ ਮੰਜ਼ਰ ਨੂੰ ਬੀਤਿਆਂ ਕਈ ਦਿਨ ਹੋ ਗਏ ਪਰ ਹੁਣ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਇਨਸਾਨਾਂ ਬਿਨਾ ਸ਼ਹਿਰ ਮਕਬਰੇ ਲੱਗਦੇ ਨੇ ਇਨਸਾਨ ਕਹਿੰਦਾ ਰਹਿੰਦਾ ਹੈ ਕਿ ਮੇਰਾ ਸ਼ਹਿਰ ਬਿਨਾ ਨਹੀਂ ਸਰਦਾ। ਅੱਜ ਲੱਗਾ ਕਿ ਸ਼ਹਿਰ ਦਾ ਇਨਸਾਨ ਬਿਨਾਂ ਵੀ ਨਹੀਂ ਸਰਦਾ ਭਾਵੇਂ ਇਨਸਾਨ ਅੰਦਰ ਇਕੱਲਾਪਣ ਵਧ ਰਿਹਾ ਹੈ ਉਹ ਉਸਦਾ ਆਪ ਬੁਣਿਆ ਹੋਇਆ ਹੁੰਦਾ ਹੈ। ਜਿਸਦਾ ਉਹ ਆਦੀ ਹੋ ਜਾਂਦਾ ਹੈ ਪਰ ਕੁਦਰਤ ਦਾ ਸਿਰਜਿਆ ਖਾਲੀਪਣ ਡਰੌਣਾ ਤੇ ਖਤਰਨਾਕ ਹੁੰਦਾ ਹੈ ਇਹ ਸਾਨੂੰ ਮਾਨਸਿਕ ਪੀੜਾ ਦਿੰਦਾ ਹੈ ਅਜੋਕਾ ਦੌਰ ਜ਼ਿੰਦਗੀ ਦਾ ਸਭ ਤੋਂ ਖਤਨਰਨਾਕ ਤੇ ਡਰੌਣਾ ਹੈ।

ਅਜਿਹੀ ਹੀ ਇੱਕ ਹੋਰ ਘਟਨਾ ਪੰਜਾਬ ਵਿਚ ਹੀ ਵਾਪਰੀ ਇੱਕ ਔਰਤ ਦੀ ਮੌਤ ਕਰੋਨਾ ਕਰਕੇ ਹਸਪਤਾਲ ਵਿਚ ਹੋ ਗਈ ਡਾਕਟਰ ਨੇ ਘਰ ਫੋਨ ਕਰ ਦਿੱਤਾ ਕਿ ਡੈੱਡ ਬਾਡੀ ਲੈ ਜਾਓ ਪਰ ਸ਼ਾਮ ਤੱਕ ਕੋਈ ਵੀ ਪਰਿਵਾਰਕ ਮੈਂਬਰ ਲੈਣ ਨਹੀਂ ਆਇਆ। ਆਖਿਰ ਡਾਕਟਰ ਨੂੰ ਕਹਿਣਾ ਪਿਆ ਕਿ ਅਸੀਂ ਇਸਨੂੰ ਸਿੱਧਾ ਸ਼ਮਸ਼ਾਨਘਾਟ ਵਿਚ ਲੈ ਕੇ ਜਾ ਰਹੇ ਆਂ ਤੁਸੀਂ ਉੱਥੇ ਪਹੁੰਚ ਜਾਣਾ? ਐਂਬੂਲੈਂਸ ਬਾਡੀ ਨੂੰ ਲੈ ਕੇ ਪਹੁੰਚ ਗਈ ਪਰ ਕੋਈ ਨਹੀਂ ਆਇਆ।

ਕਾਫੀ ਫੋਨ ਕਰਨ ਤੋਂ ਬਾਅਦ ਘਰ ਦੇ ਮੈਂਬਰ ਆਪਣੀ ਗੱਡੀ ਵਿਚ ਆਏ ਤੇ ਗੱਡੀ ਵਿੱਚੋਂ ਹੀ ਸੰਸਕਾਰ ਦੇਖ ਕੇ ਵਾਪਸ ਪਰਤ ਗਏ ਉਹ ਇਨਸਾਨ ਜਿਸ ਬਿਨਾਂ ਘਰ ਵਿਚ ਇੱਕ ਮਿੰਟ ਨਹੀਂ ਸਾਰਦੇ ਉਸ ਲਈ ਇੰਨਾ ਨਿਰਮੋਹਾਪਣ ਸ਼ਾਇਦ ਸਾਡੀ ਸਦੀ ਦਾ ਬਹੁਤ ਡਰੌਣਾ ਸੱਚ ਹੈ। ਜੋ ਇਸ ਦੌਰ ਨੂੰ ਕਾਫ਼ੀ ਲੰਬਾ ਸਮਾਂ ਮਾਫ਼ ਨਹੀਂ ਕਰ ਸਕੇਗਾ। ਡਰ ਕਿੰਨਾ ਭਾਰੂ ਹੈ, ਡਰ ਕਿੰਨਾ ਗੂੜ੍ਹਾ ਹੈ । ਸਦੀਆਂ ਤੋਂ ਮਨੁੱਖ ਅੱਗੇ ਹੀ ਅੱਗੇ ਚੱਲ ਰਿਹਾ ਹੈ ਪਰ ਉਸਨੇ ਕੁਦਰਤ ਨੂੰ ਜਿੰਨਾ ਡਰਾਇਆ ਹੈ ਅੱਜ ਸ਼ਾਇਦ ਕੁਦਰਤ ਉਸੇ ਡਰ ਦਾ ਬਦਲਾ ਲੈ ਰਹੀ ਹੈ। ਹਾਲੇ ਵੀ ਵਕਤ ਹੈ ਅਸੀਂ ਕੁਦਰਤ ਨੂੰ ਪ੍ਰਵਾਨ ਕਰੀਏ ਉਸਦੀ ਖ਼ੂਬਸੂਰਤੀ ਦਾ ਖਿਆਲ ਰੱਖੀਏ ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਡਰੌਣਾ ਹੋ ਸਕਦਾ ਹੈ।
ਮੋ. 93554-70427
ਸਿਕੰਦਰ ਸਿੱਧੂ (ਡਾ.)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ