ਕੁਝ ਨੂੰ ਸਨੌਰ ਅਨਾਜ਼ ਮੰਡੀ ‘ਚ ਛੱਡਿਆ
ਸਰਕਾਰ ਵੱਲੋਂ ਕੱਢੀਆਂ ਅਸਮਾਮੀਆਂ ਦੀ ਗਿਣਤੀ ਵਧਾਈ ਜਾਵੇ : ਢਿੱਲਵਾਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੱਢੀਆਂ ਗਈਆਂ ਮਾਮੂਲੀਆਂ ਅਸਾਮੀਆਂ ਦੇ ਵਾਧੇ ਲਈ ਮੋਤੀ ਮਹਿਲਾ ਵੱਲ ਰੋਸ਼ ਮਾਰਚ ਕਰਨ ਲਈ ਪੁੱਜੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਅਤੇ ਮਹਿਲਾਵਾਂ ਨੂੰ ਅੱਜ ਪੁਲਿਸ ਵੱਲੋਂ ਛੋਟੀ ਬਰਾਂਦਰੀ ਗਾਰਡਨ ਤੋਂ ਹਿਰਾਸਤ ਵਿੱਚ ਲੈ ਲਿਆ ਅਤੇ ਵੱਖ-ਵੱਖ ਥਾਂਵਾਂ ‘ਤੇ ਲੈ ਗਈ।
ਪੁਲਿਸ ਵੱਲੋਂ ਯੂਨੀਅਨ ਦੇ ਪ੍ਰਧਾਨ ਸਮੇਤ ਹੋਰਨਾਂ ਨੂੰ ਸਨੌਰ ਮੰਡੀ ਵਿਖੇ ਛੱਡ ਦਿੱਤਾ ਗਿਆ, ਜਦਕਿ ਉਨ੍ਹਾਂ ਦੇ ਹੋਰਨਾਂ ਸਾਥੀਆਂ ਨੂੰ ਵੀ ਅਲੱਗ-ਅਲੱਗ ਥਾਂਵਾਂ ‘ਤੇ ਲੈ ਗਈ। ਪੁਲਿਸ ਨੇ ਮੋਤੀ ਮਹਿਲ ਦੇ ਘਿਰਾਓ ਨੂੰ ਅਸਫਲ ਬਣਾ ਦਿੱਤਾ। ਇਸ ਮੌਕੇ ਸਿਹਤ ਕਾਮਿਆਂ ਨੇ ਕਥਿਤ ਦੋਸ਼ ਲਾਇਆ ਕਿ ਲੜਕੀਆਂ ਨੂੰ ਹਿਰਾਸਤ ਵਿੱਚ ਲੈਣ ਮੌਕੇ ਕੋਈ ਲੇਡੀਜ਼ ਪੁਲਿਸ ਨਹੀਂ ਸੀ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਪੁਰਸ਼ ਵਰਕਰਾਂ ਦੀਆਂ 200 ਅਸਾਮੀਆਂ ਜਦਕਿ ਮਹਿਲਾ ਐਨ ਐਮ ਦੀਆਂ 600 ਅਸਾਮੀਆਂ ਕੱਢੀਆਂ ਗਈਆਂ ਹਨ। ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਇਹ ਅਸਾਮੀਆਂ ਬਹੁਤ ਘੱਟ ਹਨ ਅਤੇ ਇਨ੍ਹਾਂ ਅਸਾਮੀਆਂ ਨੂੰ ਵਧਾ ਕੇ 2000-2000 ਹਜ਼ਾਰ ਕੀਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਅੱਜ ਲਗਭਗ 200 ਪੁਰਸ਼ ਅਤੇ ਮਹਿਲਾਵਾਂ ਇੱਥੇ ਮੋਤੀ ਮਹਿਲ ਦੇ ਘਿਰਾਓ ਲਈ ਪੁੱਜੇ ਹੋਏ ਸਨ। ਯੂਨੀਅਨ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਾਢੇ ਤਿੰਨ ਸਾਲ ਬੀਤਣ ਮਗਰੋਂ ਵੀ ਬੇਰੁਜ਼ਗਾਰਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਮਰ ਹੱਦ ਵਿੱਚ ਛੋਟ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਯੂਨੀਅਨ ਮਾਮੂਲੀ ਅਸਾਮੀਆਂ ਨੂੰ ਠੋਕਰ ਮਾਰਦੀ ਹੈ। ਇਸ ਮੌਕੇ ਬਾਰਾਂਦਰੀ ਗਾਰਡਨ ਅੱਗੇ ਤੋਂ ਗ੍ਰਿਫਤਾਰ ਕੀਤੇ ਜਾਣ ਵੇਲੇ ਬੇਰੁਜ਼ਗਾਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਗ੍ਰਿਫਤਾਰ ਕਰਨ ਮੌਕੇ ਕੋਈ ਵੀ ਮਹਿਲਾ ਕਰਮਚਾਰੀ ਪੁਲਿਸ ਬੱਸ ਵਿੱਚ ਮੌਜੂਦ ਨਹੀਂ ਸੀ। ਹਿਰਾਸਤ ‘ਚ ਲਏ ਬੇਰੁਜ਼ਗਾਰਾਂ ਨੂੰ ਅਨਾਜ ਮੰਡੀ ਸਨੌਰ ਲਿਆਂਦਾ ਗਿਆ।
ਇੱਧਰ ਇਸ ਤੋਂ ਬਾਅਦ ਮੁੜ ਹੈਲਥ ਵਰਕਰਾਂ ਵੱਲੋਂ ਆਪਣੇ ਸਨੌਰ ਵਾਲੇ ਸਾਥੀਆਂ ਦੀ ਰਿਹਾਈ ਲਈ ਬਾਰਾਂਦਰੀ ਧਰਨਾ ਠੋਕ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਵੀ ਹਿਰਾਸਤ ‘ਚ ਲੈ ਕੇ ਵੱਖ-ਵੱਖ ਥਾਈਂ ਛੱਡ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹੱਟਣਗੇ, ਕਿਉਂਕਿ ਕੈਪਟਨ ਵੱਲੋਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ, ਪਰ ਸਿਰਫ਼ ਤੁੱਛ ਪੋਸਟਾਂ ਕੱਢੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੁਲਿਸ ਦੇ ਧਬਕੇ ਹੇਠ ਉਨ੍ਹਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀ।
ਇਸ ਮੌਕੇ ਤਰਲੋਚਨ ਸਿੰਘ ਨਾਗਰਾ, ਸੋਨੀ ਪਾਇਲ, ਸੁਖਜੀਤ ਕੌਰ, ਪਰਮਜੀਤ ਕੌਰ, ਲਖਵੀਰ ਸਿੰਘ ਮੌੜ, ਜਸਪਾਲ ਸਿੰਘ ਘੁੰਮਣ, ਮਨਦੀਪ ਸਿੰਘ ਨਵਾਂ ਸ਼ਹਿਰ, ਪਲਵਿੰਦਰ ਸਿੰਘ, ਅਮਰੀਕ ਸਿੰਘ ਬਠਿੰਡਾ, ਹਰਵਿੰਦਰ ਸਿੰਘ ਥੂਹੀ, ਸੁਖਦੇਵ ਸਿੰਘ ਜਲਾਲਾਬਾਦ, ਸਵਰਨ ਸਿੰਘ ਫਿਰੋਜ਼ਪੁਰ, ਗੁਰਪਿਆਰ ਸਿੰਘ ਮਾਨਸਾ, ਬਲਵਿੰਦਰ ਸਿੰਘ ਫਾਜਲਿਕਾ,ਰਾਣੀ ਮੋਹਾਲੀ, ਦਵਿੰਦਰ ਸਿੰਘ ਮੋਹਾਲੀ ਤਰਸੇਮ ਸਿੰਘ ਸਿੱਧੂ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ