ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਈਏ, ਕੀੜੇ ਅਤੇ ਬਿਮਾਰੀਆਂ ਦੂਰ ਭਜਾਈਏ
ਖੇਤੀ ਦੇ ਨਵੇਂ ਤਰੀਕੇ, ਝੋਨੇ ਤੇ ਬਾਸਮਤੀ ਹੇਠ ਰਕਬਾ ਵਧਣ ਕਾਰਨ, ਮੌਸਮ ਵਿੱਚ ਤਬਦੀਲੀ ਤੇ ਨਵੀਂਆਂ ਕਿਸਮਾਂ ਆਉਣ ਨਾਲ ਕੁਝ ਕੁ ਕੀੜੇ (ਤਣੇ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ) ਅਤੇ ਬਿਮਾਰੀਆਂ (ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ) ਆਦਿ ਵਧ ਰਹੇ ਹਨ ਫਸਲ ਤੋਂ ਵੱਧ ਝਾੜ ਲੈਣ ਲਈ ਇਨ੍ਹਾਂ ਕੀੜਿਆਂ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਇਨ੍ਹਾਂ ਨੂੰ ਕਾਬੂ ਵਿੱਚ ਰੱਖਣ ਲਈ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ
ਝੋਨੇ ਦੇ ਮੁੱਖ ਕੀੜੇ
ਤਣੇ ਦੀ ਸੁੰਡੀ:
ਇਸ ਕੀੜੇ ਨੂੰ ਗੋਭ ਦੀ ਸੁੰਡੀ ਜਾਂ ਗੜੂੰਆਂ ਵੀ ਆਖਦੇ ਹਨ ਇਸ ਕੀੜੇ ਦੀਆਂ ਤਿੰਨ ਕਿਸਮਾਂ ਜਿਵੇਂ ਕਿ ਪੀਲੀ, ਚਿੱਟੀ ਤੇ ਗੁਲਾਬੀ ਤਣੇ ਦੀ ਸੁੰਡੀ ਹੈ ਪੀਲੀ ਅਤੇ ਚਿੱਟੀ ਸੁੰਡੀਆਂ ਸਿੱਟਾ ਬਣਨ ਤੋਂ ਪਹਿਲਾਂ ਤੇ ਗੁਲਾਬੀ ਸੁੰਡੀਆਂ ਸਿੱਟਾ ਬਣਨ ‘ਤੇ ਅਤੇ ਉਸ ਤੋਂ ਬਾਅਦ ਨੁਕਸਾਨ ਕਰਦੀਆਂ ਹਨ ਤਣੇ ਦੇ ਗੜੂੰਏਂ ਦੀਆਂ ਸਾਰੀਆਂ ਸੁੰਡੀਆਂ ਦੇ ਨੁਕਸਾਨ ਕਰਨ ਦਾ ਢੰਗ ਇੱਕੋ-ਜਿਹਾ ਹੈ ਸੁੰਡੀ ਤਣੇ ਅੰਦਰ ਦਾਖਲ ਹੋ ਕੇ ਇਸ ਦੀ ਗੋਭ ਨੂੰ ਹੇਠੋਂ ਕੱਟ ਦਿੰਦੀ ਹੈ ਜਿਸ ਨਾਲ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ ਇਨ੍ਹਾਂ ਸੁੱਕੀਆਂ ਗੋਭਾਂ ਨੂੰ ‘ਡੈੱਡ ਹਰਟ’ ਆਖਦੇ ਹਨ ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿੱਚੋਂ ਖਿੱਚੀਆਂ ਜਾ ਸਕਦੀਆਂ ਹਨ
ਜੇਕਰ ਸੁੰਡੀਆਂ ਦਾ ਹਮਲਾ ਪੱਛੜ ਕੇ ਅਰਥਾਤ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਹਨਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ ਅਜਿਹੀਆਂ ਦਾਣਿਆਂ ਤੋਂ ਸੱਖਣੀਆਂ ਚਿੱਟੀਆਂ ਮੁੰਜਰਾਂ ਖੇਤ ਵਿੱਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ ਖੇਤ ਵਿੱਚ ਖੜ੍ਹੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਤੇ ਇਨ੍ਹਾਂ ਦੇ ਹਮਲੇ ਦੀ ਨੌਬਤ ਆਰਥਿਕ ਕਗਾਰ ਤੱਕ ਪਹੁੰਚ ਜਾਵੇ (5 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ) ਤਾਂ ਸਿਫਾਰਿਸ਼ ਕੀਟਨਾਸ਼ਕਾਂ ਦੀ ਵਰਤੋਂ ਕਰੋ
ਪੱਤਾ ਲਪੇਟ ਸੁੰਡੀ:
ਪੱਤਾ ਲਪੇਟ ਸੁੰਡੀ ਜੁਲਾਈ ਤੋਂ ਅਕਤੂਬਰ ਤੱਕ ਫਸਲ ਦਾ ਨੁਕਸਾਨ ਕਰਦੀ ਹੈ, ਇਸ ਦੇ ਪਤੰਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਤੇ ਇਹਨਾਂ ਦੇ ਅਗਲੇ ਖੰਭਾਂ ‘ਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਖੇਤ ਵਿੱਚ ਚੱਲਣ ਨਾਲ ਬੂਟੇ ਹਿੱਲਣ ‘ਤੇ ਪਤੰਗੇ ਉÎੱਡ ਕੇ ਨਾਲ ਦੇ ਬੂਟਿਆਂ ‘ਤੇ ਬੈਠ ਜਾਂਦੇ ਹਨ ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੋ-ਦੋ ਕਰਕੇ ਆਂਡੇ ਦੇਂਦੀ ਹੈ ਇਸ ਦੀਆਂ ਛੋਟੀਆਂ ਸੁੰਡੀਆਂ ਸ਼ੁਰੂ ਵਿੱਚ ਨਰਮ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ ਰੁਖ ਲਪੇਟ ਲੈਂਦੀਆਂ ਹਨ ਤੇ ਅੰਦਰੋ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਨਾਲ ਪੱਤੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਤੇ ਪੱਤੇ ਜਾਲੀਦਾਰ ਲੱਗਦੇ ਹਨ
ਖੇਤ ਵਿੱਚ ਖੜ੍ਹੀ ਫਸਲ ‘ਤੇ ਕੀੜੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ, ਫਸਲ ਦੇ ਨਿੱਸਰਨ ਤੋਂ ਪਹਿਲਾਂ, ਜੇ ਕੀੜੇ ਦਾ ਹਮਲਾ ਹੋਵੇ ਤਾਂ 20-30 ਮੀਟਰ ਲੰਮੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉÎੱਪਰਲੇ ਹਿੱਸੇ ਦੇ ਦੋ ਵਾਰੀ ਫੇਰੋ ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ‘ਤੇ ਜਾਉ ਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ, ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਪ੍ਰਤੀਸ਼ਤ ਜਾਂ ਵੱਧ ਹੋਵੇ (ਆਰਥਿਕ ਕਗਾਰ ਪੱਧਰ) ਤਾਂ ਸਿਫਾਰਿਸ਼ ਕਤੇ ਕਿਸੇ ਇੱਕ ਕੀਟਨਾਸ਼ਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ
ਬੂਟਿਆਂ ਦੇ ਟਿੱਡੇ:
ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ ਜਵਾਨ ਅਤੇ ਬੱਚੇ ਟਿੱਡੇ ਜੁਲਾਈ ਤੋਂ ਅਕਤੁਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ ਸਿੱਟੇ ਵਜੋਂ ਪੱਤੇ ਉੱਪਰਲੇ ਸਿਰਿਆਂ ਵੱਲੋਂ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸਾਰਾ ਬੂਟਾ ਝੁਲਸ ਜਾਂਦਾ ਹੈ ਕਈ ਵਾਰ ਪੱਤਿਆਂ ‘ਤੇ ਕਾਲੀ ਉੱਲੀ ਵੀ ਲੱਗ ਜਾਂਦੀ ਹੈ ਹਮਲੇ ਵਾਲੇ ਬੂਟੇ ਸੁੱਕਣ ‘ਤੇ ਟਿੱਡੇ ਲਾਗਲੇ ਖੜ੍ਹੇ ਨਰੋਏ ਬੂਟਿਆਂ ‘ਤੇ ਚਲੇ ਜਾਂਦੇ ਹਨ ਤੇ ਇਸ ਤਰ੍ਹਾਂ ਬੂਟੇ ਦੌਗੀਆਂ/ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਹਮਲਾ ਵਧਣ ਨਾਲ ਇਹਨਾਂ ਦੌਗੀਆਂ/ਧੌੜੀਆਂ ਦੇ ਘੇਰਿਆਂ ਦੇ ਅਕਾਰ ਵੀ ਵਧਦੇ ਰਹਿੰਦੇ ਹਨ ਤੇ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ
ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਇੱਕ ਮਹੀਨੇ ਬਾਅਦ ਹਫਤੇ-ਹਫਤੇ ਦੀ ਵਿੱਥ ‘ਤੇ ਕੁਝ ਕੁ ਬੂਟਿਆਂ ਨੂੰ 2-3 ਵਾਰ ਥਾਪੜੋ ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ‘ਤੇ ਤੈਰਦੇ ਦਿਖਾਈ ਦੇਣ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ, ਧਿਆਨ ਦਿੱਤਾ ਜਾਵੇ ਕਿ ਛਿੜਕਾਅ ਬੂਟਿਆਂ ਦੇ ਮੁੱਢਾਂ ‘ਤੇ ਜਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ ਹੱਲੇ ਵਾਲਿਆਂ ਥਾਵਾਂ ‘ਤੇ 3-4 ਮੀਟਰ ਆਲੇ ਦੁਆਲੇ ਕੀਟਨਾਸ਼ਕ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਟਿੱਡਿਆਂ ਦੀ ਜਿਆਦਾ ਗਿਣਤੀ ਇਹਨਾਂ ਥਾਵਾਂ ‘ਤੇ ਹੀ ਹੁੰਦੀ ਹੈ
ਝੋਨੇ ਦੀਆਂ ਮੁੱਖ ਬਿਮਾਰੀਆਂ:
ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ): ਇਸ ਬਿਮਾਰੀ ਨਾਲ ਪੱਤੇ ਉÎੱਤੇ ਸਲੇਟੀ ਰੰਗ ਦੀਆਂ ਧਾਰੀਆਂ (ਜਿਨ੍ਹਾਂ ਦੇ ਸਿਰੇ ਜਾਮਣੀ ਹੁੰਦੇ ਹਨ), ਪਾਣੀ ਦੀ ਸਤ੍ਹਾ ਤੋਂ ਉÎੱਪਰ, ਪੈ ਜਾਂਦੀਆਂ ਹਨ ਇਹ ਨਿਸ਼ਾਨੀਆਂ ਆਮ ਕਰਕੇ ਫਸਲ ਦੇ ਨਿੱਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ ਇਸ ਬਿਮਾਰੀ ਦੇ ਵਧੇਰੇ ਹਮਲੇ ਨਾਲ ਮੁੰਜਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ ਇਹ ਬਿਮਾਰੀ ਉੱਲੀ ਦੀਆਂ ਮਘਰੋੜੀਆਂ ਰਾਹੀਂ ਮਿੱਟੀ ਵਿੱਚ ਕਈ ਸਾਲਾਂ ਤੱਕ ਰਹਿੰਦੀ ਹੈ
ਜੋ ਕਿ ਬਿਮਾਰੀ ਲੱਗਣ ਦਾ ਮੁੱਖ ਕਾਰਨ ਬਣਦੀ ਹੈ ਇਸ ਤੋਂ ਇਲਾਵਾ ਇਹ ਬਿਮਾਰੀ ਕਈ ਨਦੀਨਾਂ ‘ਤੇ ਵੀ ਰਹਿੰਦੀ ਹੈ ਪਹਿਲਾਂ ਆਮ ਤੌਰ ‘ਤੇ ਇਹ ਬਿਮਾਰੀ ਝੋਨੇ ਦੀਆਂ ਕਿਸਮਾਂ ਨੂੰ ਜਿਆਦਾ ਲੱਗਦੀ ਸੀ, ਪਰ ਹੁਣ ਬਾਸਮਤੀ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509 ਆਦਿ ਨੂੰ ਵੀ ਲੱਗਣ ਲੱਗ ਪਈ ਹੈ ਜੇਕਰ ਇਸ ਬਿਮਾਰੀ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਕੁਝ ਸਾਲਾਂ ਮਗਰੋਂ ਇਹ ਬਿਮਾਰੀ ਖੇਤ ‘ਚ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਤਣੇ ਦੁਆਲੇ ਪੱਤੇ ‘ਤੇ ਝੁਲਸ ਰੋਗ ਨੂੰ ਰੋਕਣ ਲਈ, ਬੂਟੇ ਦੇ ਜਾੜ ਮਾਰਨ ਸਮੇਂ ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਸਿਫ਼ਾਰਸ਼ ਕੀਤੇ ਉੱਲੀਨਾਸ਼ਕਾਂ ਦਾ ਛਿੜਕਾਅ ਕਰੋ
ਭੂਰੇ ਧੱਬਿਆਂ ਦਾ ਰੋਗ:
ਇਸ ਬਿਮਾਰੀ ਨਾਲ ਗੋਲ ਧੱਬੇ, ਜੋ ਕਿ ਵਿਚਕਾਰੋਂ ਗੂੜ੍ਹੇ ਭੂਰੇ ਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ, ਆਮ ਤੌਰ ‘ਤੇ ਪੱਤਿਆਂ ਉੱਤੇ ਪੈ ਜਾਂਦੇ ਹਨ ਬਾਅਦ ਵਿੱਚ ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ ਇਹ ਬਿਮਾਰੀ ਮਾੜੀਆਂ ਜ਼ਮੀਨਾਂ ਤੇ ਮਾੜੀ ਫਸਲ ਵਿੱਚ ਵਧੇਰੇ ਹੁੰਦੀ ਹੈ, ਇਸ ਕਰਕੇ ਫ਼ਸਲ ਨੂੰ ਸੰਤੁਲਿਤ ਖਾਦ ਤੇ ਲੋੜ ਅਨੁਸਾਰ ਪਾਣੀ ਲਾਉਣਾ ਚਾਹੀਦਾ ਹੈ
ਇਸ ਰੋਗ ਦਾ ਦਾਣਿਆਂ ‘ਤੇ ਹੱਲਾ ਹੋ ਜਾਣ ਨਾਲ ਦਾਣੇ ਦਾਗੀ ਹੋ ਜਾਂਦੇ ਹਨ ਜੇਕਰ ਫਸਲ ਵਿੱਚ 3 ਪ੍ਰਤੀਸ਼ਤ ਤੋਂ ਵੱਧ ਕਾਲੇ ਦਾਣੇ ਹੋਣ ਤਾਂ ਫਸਲ ਦਾ ਭਾਅ ਘੱਟ ਲੱਗਦਾ ਹੈ ਬੱਦਲਵਾਈ, ਰੁਕ-ਰੁਕ ਕੇ ਮੀਂਹ ਤੇ ਵਾਤਾਵਰਨ ਵਿੱਚ ਵੱਧ ਨਮੀ ਦੀ ਮਾਤਰਾ ਇਸ ਰੋਗ ਨੂੰ ਵਧਾਉਂਦੇ ਹਨ ਜੇਕਰ ਉੱਲੀਨਾਸ਼ਕਾਂ ਦਾ ਛਿੜਕਾਅ ਸਮੇਂ ਸਿਰ ਕੀਤਾ ਜਾਵੇ ਤਾਂ ਇਸ ਰੋਗ ‘ਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਰੋਗ ਨੂੰ ਕਾਬੂ ਕਰਨ ਲਈ ਉੱਲੀਨਾਸ਼ਕਾਂ ਦਾ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ
ਸਰਵਪੱਖੀ ਰੋਕਥਾਮ:
ਵੇਖਣ ਵਿੱਚ ਆਇਆ ਹੈ ਕਿ ਆਮ ਤੌਰ ‘ਤੇ ਕਿਸਾਨ ਵੀਰ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਸਿਰਫ ਕੀਟਨਾਸ਼ਕ/ਉੱਲੀਨਾਸ਼ਕ ਰਸਾਇਣਾਂ ਨਾਲ ਹੀ ਕਰਨਾ ਚਾਹੁੰਦੇ ਹਨ ਪਰ ਇਨ੍ਹਾਂ ਕੀੜੇ/ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕ/ਉੱਲੀਨਾਸ਼ਕ ਰਸਾਇਣਾਂ ਤੋਂ ਇਲਾਵਾ ਹੋਰ ਵੀ ਤਰੀਕੇ ਆਪਣਾਉਣੇ ਚਾਹੀਦੇ ਹਨ ਤਾਂ ਕਿ ਕੀਟਨਾਸ਼ਕ/ਉੱਲੀਨਾਸ਼ਕ ਰਸਾਇਣਾਂ ਦੀ ਵਰਤੋਂ ਘਟਾਈ ਜਾ ਸਕੇ, ਇਸ ਲਈ ਕਿਸਾਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਰਵਪੱਖੀ ਕੀਟ ਜਾਂ ਬਿਮਾਰੀ ਪ੍ਰਬੰਧਨ ਲਈ ਹੇਠ ਲਿਖੇ ਨੁਕਤੇ ਵੀ ਅਪਣਾਉਣ:
ਖਾਦਾਂ ਦੀ ਸਿਫਾਰਿਸ਼ ਮੁਤਾਬਿਕ ਵਰਤੋਂ:
ਖਾਦਾਂ ਦੀ ਵਰਤੋਂ ਸਿਫਾਰਸ਼ਾਂ ਮੁਤਾਬਿਕ ਕਰਨੀ ਚਾਹੀਦੀ ਹੈ ਕਿਉਂਕਿ ਲੋੜ ਤੋਂ ਵੱਧ ਯੂਰੀਆ ਨਾਲ ਕਈ ਕੀੜੇ (ਬੂਟਿਆਂ ਦੇ ਟਿੱਡੇ) ਅਤੇ ਬਿਮਾਰੀਆਂ ਜਿਵੇਂ ਕਿ ਝੁਲਸ ਰੋਗ, ਸ਼ੀਥ ਦਾ ਝੁਲਸ ਰੋਗ, ਸ਼ੀਥ ਦਾ ਗਾਲਾ, ਝੂਠੀ ਕਾਂਗਿਆਰੀ, ਬੰਟ, ਮੁੱਢਾਂ ਦਾ ਗਾਲਾ, ਭੁਰੜ ਰੋਗ ਆਦਿ ਵੱਧ ਲੱਗਦੇ ਹਨ, ਘੱਟ ਯੂਰੀਆ ਪਾਉਣ ਨਾਲ ਭੂਰੇ ਧੱਬਿਆਂ ਦਾ ਰੋਗ ਵੱਧ ਆਉਂਦਾ ਹੈ ਮਿੱਟੀ ਦੀ ਪਰਖ ਵੀ ਕਰਵਾ ਲੈਣੀ ਚਾਹੀਦੀ ਹੈ, ਜਿਸ ਨਾਲ ਜ਼ਮੀਨ ਵਿੱਚ ਤੱਤਾਂ ਦੀ ਘਾਟ ਜਾਂ ਵਧੇਰੇ ਮਾਤਰਾ ਦਾ ਪਤਾ ਲੱਗ ਜਾਂਦਾ ਹੈ ਤੇ ਖਾਦਾਂ ਦੀ ਵਰਤੋਂ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਮੁਤਾਬਿਕ ਕਰਨੀ ਚਾਹੀਦੀ ਹੈ ਤਾਂ ਜੋ ਖਾਦ ਦੀ ਬੱਚਤ ਕੀਤੀ ਜਾ ਸਕੇ
ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰੋ:
ਝੋਨੇ ਦੇ ਖੇਤ ਵਿੱਚ ਸਿੰਚਾਈ ਤੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰੰੰੰੰੰਧ ਨਾਲ ਲਘੂ ਤੱਤਾਂ ਦੀ ਘਾਟ, ਹਾਨੀਕਾਰਕ ਨਦੀਨ, ਕੀੜੇ-ਮਕੌੜੇ ਤੇ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ ਜੇਕਰ ਝੁਲਸ ਰੋਗ ਸ਼ੁਰੂ ਹੋ ਜਾਵੇ ਤਾਂ ਖੇਤ ਵਿਚ ਖੜ੍ਹਾ ਪਾਣੀ ਬਾਹਰ ਕੱਢ ਕੇ, ਖੇਤ ਨੂੰ 3-4 ਦਿਨ ਲਈ ਸੁੱਕਾ ਰੱਖਣਾ ਚਾਹੀਦਾ ਹੈ ਪਰ ਸਿੰਚਾਈ ਵਾਲਾ ਪਾਣੀ ਬਿਮਾਰੀ ਵਾਲੇ ਖੇਤਾਂ ਵਿੱਚੋਂ ਨਹੀਂ ਲੰਘਣਾ ਚਾਹੀਦਾ ਤਾਂ ਜੋ ਬਿਮਾਰੀ ਵਾਲੇ ਜਰਾਸੀਮ ਨਰੋਏ ਖੇਤਾਂ ਵਿੱਚ ਨਾ ਫੈਲ ਜਾਣ ਝੋਨੇ ਦੀਆਂ ਸਾਰੀਆਂ ਬਿਮਾਰੀਆਂ ਵਧੇਰੇ ਨਮੀ ਨਾਲ ਵਧਦੀਆਂ ਹਨ,
ਇਸ ਕਰਕੇ ਪਾਣੀ ਲੋੜ ਤੋਂ ਜਿਆਦਾ ਨਹੀਂ ਲਾਉਣਾ ਚਾਹੀਦਾ ਖੇਤ ‘ਚੋਂ 2-3 ਦਿਨਾਂ ਲਈ ਪਾਣੀ ਸੁਕਾ ਕੇ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਘੱਟ ਕੀਤਾ ਜਾ ਸਕਦਾ ਹੈ ਪਰ ਜੇ ਭੂਰੇ ਧੱਬਿਆਂ ਦਾ ਰੋਗ ਜਾਂ ਲੋਹੇ ਦੀ ਘਾਟ ਆ ਜਾਵੇ ਤਾਂ ਖੇਤ ਨੂੰ ਭਰਵਾਂ ਪਾਣੀ ਦੇਣਾ ਚਾਹੀਦਾ ਹੈ
ਰਸਾਇਣਾਂ ਦੇ ਛਿੜਕਾਅ ਲਈ ਪਾਣੀ ਦੀ ਸਹੀ ਮਿਕਦਾਰ
ਪੰਜਾਬ ਵਿੱਚ ਝੋਨੇ ਨੂੰ ਲੱਗਣ ਵਾਲੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕ ਅਤੇ ਉੱਲੀਨਾਸ਼ਕ, ਕੀਟਨਾਸ਼ਕਾਂ ਨੂੰ 100 ਲਿਟਰ ਪਾਣੀ ‘ਚ ਅਤੇ ਉੱਲੀਨਾਸ਼ਕ ਨੂੰ 200 ਲਿਟਰ ਪਾਣੀ ‘ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ
ਧੰਨਵਾਦ ਸਹਿਤ,
ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ