ਜ਼ੇਲ੍ਹ ‘ਚ ਜਰਦਾ ਤੇ ਸਿਗਰਟਾਂ ਪਹੁੰਚਾਉਣ ਦੀ ਕੋਸ਼ਿਸ਼ ‘ਚ ਹੈੱਡ ਵਾਰਡਨ ਕਾਬੂ
ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਕੇਂਦਰੀ ਜ਼ੇਲ੍ਹ ‘ਚੋਂ ਮੋਬਾਇਲ ਆਦਿ ਮਿਲਣਾ ਹੁਣ ਨਿੱਤ ਦੀ ਗੱਲ ਹੋ ਗਈ ਹੈ ਪਿਛਲੇ ਦਿਨਾਂ ਦੌਰਾਨ ਹਵਾਲਾਤੀਆਂ ਤੇ ਕੈਦੀਆਂ ਵੱਲੋਂ ਬੈਰਕਾਂ ਨੇੜੇ ਹੀ ਧਰਤੀ ‘ਚ ਦੱਬੇ ਮੋਬਾਇਲ ਮਿਲੇ ਸੀ ਤੇ ਹੁਣ ਜ਼ੇਲ੍ਹ ਦੇ ਹੈੱਡ ਵਾਰਡਨ ਕੋਲੋਂ ਜ਼ਰਦੇ ਦੀ ਪੁੜੀ ਤੇ ਸਿਗਰਟਾਂ ਆਦਿ ਮਿਲੀਆਂ ਹਨ ਹੈੱਡ ਵਾਰਡਨ ਇਹ ਸਾਮਾਨ ਜ਼ੇਲ੍ਹ ‘ਚ ਪਹੁੰਚਾਉਣ ਦੀ ਕੋਸ਼ਿਸ਼ ‘ਚ ਸੀ।
ਥਾਣਾ ਨੇਹੀਆਂਵਾਲਾ ਪੁਲਿਸ ਕੋਲ ਕੇਂਦਰੀ ਜ਼ੇਲ੍ਹ ਦੇ ਸੁਪਰਡੈਂਟ ਵਿਪਿਨਜੀਤ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਜ਼ੇਲ੍ਹ ਦੇ ਹੈੱਡ ਵਾਰਡਨ ਰਵਿੰਦਰ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸਦੀ ਜੇਬ ‘ਚੋਂ ਜਰਦੇ ਦੀ ਪੁੜੀ, 9 ਸਿਗਰਟਾਂ ਅਤੇ ਇੱਕ ਲਾਈਟਰ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਇਹ ਸਾਮਾਨ ਜ਼ੇਲ੍ਹ ਅੰਦਰ ਪਹੁੰਚਾਉਣ ਦੀ ਕੋਸ਼ਿਸ਼ ‘ਚ ਸੀ ਤੇ ਫੜ੍ਹਿਆ ਗਿਆ ਥਾਣਾ ਨੇਹੀਆਂਵਾਲਾ ਪੁਲਿਸ ਨੇ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ‘ਤੇ ਹੈੱਡ ਵਾਰਡਨ ਰਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ਼ ਕਰਕੇ ਮੁਲਜ਼ਮ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਦੱਸਣਯੋਗ ਹੈ ਕਿ ਇਸ ਜ਼ੇਲ੍ਹ ‘ਚੋਂ ਮਿਲਦੇ ਮੋਬਾਇਲਾਂ ਅਤੇ ਹੋਰ ਨਸ਼ੀਲੇ ਪਦਾਰਥਾਂ ਆਦਿ ਨੂੰ ਰੋਕਣ ਲਈ ਨਵੰਬਰ 2019 ‘ਚ ਸੀਆਰਪੀਐਫ ਦੀਆਂ ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਸਨ ਪਰ ਉਸਦੇ ਬਾਵਜ਼ੂਦ ਪਾਬੰਦੀਸ਼ੁਦਾ ਪਦਾਰਥ ਮਿਲਣੇ ਜਾਰੀ ਹਨ ਕੁੱਝ ਮਹੀਨੇ ਪਹਿਲਾਂ ਵੀ ਜ਼ੇਲ੍ਹ ਸੁਰੱਖਿਆ ‘ਚ ਤਾਇਨਾਤ ਦੋ ਮੁਲਾਜ਼ਮਾਂ ਨੂੰ ਹਵਾਲਾਤੀਆਂ ਤੇ ਕੈਦੀਆਂ ਤੱਕ ਮੋਬਾਇਲ ਪਹੁੰਚਾਉਣ ਦੀ ਕੋਸ਼ਿਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।