ਸਾਇੰਸ ਦਾ ਫਿਊਚਰਮੈਨ, ਨਿਕੋਲਾ ਟੇਸਲਾ
ਵਿਗਿਆਨ ਦੇ ਖੇਤਰ ਵਿੱਚ ਜਦ ਵੀ ਕਦੇ ਮਹਾਨ ਖੋਜਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਅਲਬਰਟ ਆਈਨਸਟਾਈਨ ਜਾਂ ਨਿਊਟਨ ਦਾ ਨਾਂਅ ਹੀ ਆਉਂਦਾ ਹੈ ਪਰ ਇਨ੍ਹਾਂ ਦੋਹਾਂ ਵਿਚਕਾਰ ਇੱਕ ਅਜਿਹਾ ਖੋਜਕਰਤਾ ਵੀ ਆਉਂਦਾ ਹੈ ਜਿਸਦੀਆਂ ਖੋਜਾਂ ਨੇ ਇਸ ਦੁਨੀਆਂ ਨੂੰ ਨਵਾਂ ਹੀ ਰੂਪ ਦੇ ਦਿੱਤਾ ਤੇ ਜੇਕਰ ਉਸਦੀਆਂ ਕੁਝ ਖੋਜਾਂ ਹੋਰ ਹੋ ਜਾਂਦੀਆਂ ਤਾਂ ਅਸੀਂ ਅੱਜ ਦੇ ਸਮੇਂ ਤੋਂ ਸੈਂਕੜੇ ਸਾਲ ਅਡਵਾਂਸ ਚੱਲ ਰਹੇ ਹੁੰਦੇ। ਪਰ ਫਿਰ ਵੀ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੇ ਉਨ੍ਹਾਂ ਦਾ ਨਾਂਅ ਸੁਣਿਆ ਹੋਵੇਗਾ ।
ਜੀ ਹਾਂ ਪਾਠਕ ਸਾਥੀਉ, ਮੈਂ ਗੱਲ ਕਰ ਰਿਹਾਂ ਆਪਣੇ ਸਮੇਂ ਤੋਂ ਸੈਂਕੜੇ ਸਾਲ ਅੱਗੇ ਦੀ ਸੋਚਣ ਵਾਲੇ ਮਹਾਨ ਵਿਗਿਆਨੀ ਤੇ ਫਿਊਚਰ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਨਿਕੋਲਾ ਟੇਸਲਾ ਦੀ ਜਿਨ੍ਹਾਂ ਦਾ ਜਨਮ 10 ਜੁਲਾਈ 1856 ਨੂੰ ਅਸਟਰੀਅਨ ਸਮਾਜ ਵਿੱਚ ਹੋਇਆ ਸੀ, ਜਿਸਨੂੰ ਹੁਣ ਕਰੋਸ਼ੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜੇਕਰ ਉਸਦੀ ਮਹਾਨਤਾ ਇੱਕ ਲਾਈਨ ਵਿੱਚ ਦੱਸਣੀ ਹੋਵੇ ਤਾਂ ਉਸਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸਦੇ ਨਾਂਅ ਤਿੰਨ ਸੌ ਤੋਂ ਵੀ ਜਿਆਦਾ ਖੋਜਾਂ ਦੇ ਕਾਪੀਰਾਈਟ ਪੇਟੈਂਟ ਦਰਜ ਹਨ।
ਅੱਠ ਭਾਸ਼ਾਵਾਂ ਦੇ ਇਸ ਜਾਣਕਾਰ ਨੇ ਵਾਇਰਲੈਸ ਕਮਿਊਨੀਕੇਸ਼ਨ ਤੋਂ ਇਲਾਵਾ ਅਲਟਰਨੇਟਿੰਗ ਕਰੰਟ (ਏਸੀ) ਟੇਸਲਾ ਵੇਵਜ਼, ਬਿਜਲੀ ਨਾਲ ਚੱਲਣ ਵਾਲੀ ਮੋਟਰ, ਰੋਬੋਟਿਕਸ, ਰਿਮੋਟ ਕੰਟਰੋਲ, ਰਾਡਾਰ, ਐਕਸ-ਰੇ ਆਦਿ ਸਾਡੇ ਰੋਜ਼ਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਖੋਜ ਕੀਤੀ, ਉਹ ਵਿਗਿਆਨੀ ਟੇਸਲਾ ਹੀ ਸੀ ਜਿਸਨੇ 1926 ਵਿੱਚ ਹੀ ਸਮਾਰਟਫੋਨ ਬਣਾਉਣ ਬਾਰੇ ਸੋਚਿਆ ਸੀ
ਥਾਮਸ ਐਡੀਸਨ ਨੇ ਜਦ ਡਰੈਕਟ ਕਰੰਟ (ਡੀਸੀ) ਦੀ ਖੋਜ ਕੀਤੀ ਤਾਂ ਉਸ ਵਿੱਚ ਇੱਕ ਵੱਡੀ ਦਿੱਕਤ ਸੀ ਕਿ ਉਸ ਨੂੰ ਸਿਰਫ ਇੱਕ ਥਾਂ ‘ਤੇ ਹੀ ਵਰਤਿਆ ਜਾ ਸਕਦਾ ਸੀ। ਇਸਨੂੰ ਘਰੋ-ਘਰੀ ਪਹੁੰਚਾਉਣਾ ਨਾਮੁਮਕਿਨ ਸੀ ਉਦੋਂ ਟੇਸਲਾ ਨੇ ਐਡੀਸਨ ਤੋਂ ਕੰਮ ਮੰਗਿਆ ਸੀ ਤੇ ਉਸਨੂੰ ਯਕੀਨ ਦਵਾਇਆ ਸੀ ਕਿ ਉਹ ਇਸ ਮੁਸ਼ਕਲ ਨੂੰ ਹੱਲ ਕਰ ਦੇਵੇਗਾ। ਐਡੀਸਨ ਨੇ ਟੇਸਲਾ ਨਾਲ ਇੱਕ ਸੌਦਾ ਕੀਤਾ ਸੀ ਕਿ ਜੇਕਰ ਉਹ ਇਹ ਮੁਸ਼ਕਲ ਹੱਲ ਕਰ ਦੇਵੇਗਾ ਤਾਂ ਉਹ ਉਸਨੂੰ ਪੰਜਾਹ ਹਜ਼ਾਰ ਡਾਲਰ ਦੇਵੇਗਾ।
ਅੱਜ ਅਸੀਂ ਘਰਾਂ, ਉਦਯੋਗਾਂ ਤੇ ਮਸ਼ੀਨਾਂ ਵਿੱਚ ਉਨ੍ਹਾਂ ਦਾ ਬਣਾਇਆ ਅਲਟਰਾਨੇਟਿੰਗ ਕਰੰਟ ਹੀ ਵਰਤਦੇ ਹਾਂ। ਥਾਮਸ ਐਡੀਸਨ ਨੇ ਟੇਸਲਾ ਦੀ ਵਾਹ-ਵਾਹ ‘ਤੇ ਜੈਲਸ ਕਾਰਨ ਉਸਨੂੰ ਕੰਮ ਤੋਂ ਕੱਢ ਦਿੱਤਾ ਤੇ ਉਸਨੂੰ ਕੀਤੇ ਹੋਏ ਸੌਦੇ ਦੀ ਪੇਮੈਂਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ । ਉਸ ਘਟਨਾ ਤੋਂ ਬਾਅਦ ਹੀ ਟੇਸਲਾ ਨੇ ਆਮ ਲੋਕਾਂ ਲਈ ਦੁਨੀਆ ਦੇ ਪਹਿਲੇ ਹਾਈਡ੍ਰੋ-ਇਲੈਕਟਰਿਕ ਪਾਵਰ ਪਲਾਂਟ ਦਾ ਡਿਜ਼ਾਇਨ ਤਿਆਰ ਕੀਤਾ ਸੀ ।
ਨਿਕੋਲ ਟੇਸਲਾ ਉਹ ਵਿਗਿਆਨੀ ਸੀ ਜੋ ਕਦੇ ਪੈਸੇ ਪਿੱਛੇ ਨਹੀਂ ਗਿਆ ਸੀ ਉਸਨੇ ਜੋ ਵੀ ਪੈਸਾ ਕਮਾਇਆ ਸੀ ਉਹ ਸਾਰਾ ਵਿਗਿਆਨ ਲਈ ਖਰਚ ਕੀਤਾ ਉਸਦਾ ਟੀਚਾ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਸੀ। ਉਸਦੇ ਦੋਸਤ ਤੇ ਸਮਕਾਲੀ ਵਿਗਿਆਨੀ ਉਸਨੂੰ ਰਹੱਸਮਈ ਵਿਗਿਆਨਕ ਕਹਿੰਦੇ ਸਨ ਜੋ ਆਪਣੇ ਟਾਈਮ ਤੋਂ ਕਈ ਸੌ ਸਾਲ ਅੱਗੇ ਦੀਆਂ ਖੋਜਾਂ ਕਰ ਰਿਹਾ ਸੀ
1911 ਦੀ ਇੱਕ ਇੰਟਰਵਿਊ ਵਿੱਚ ਉਸਨੇ ਇੱਕ ਗੱਲ ਮੰਨੀ ਸੀ ਕਿ ਉਹ ਏਲੀਅਨਸ ਦੇ ਸੰਪਰਕ ਵਿੱਚ ਹੈ, ਤਦ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ ਤੇ ਉਸਦੀਆਂ ਗੱਲਾਂ ‘ਤੇ ਹੱਸ ਛੱਡਿਆ ਸੀ। ਸਾਲ 1911 ‘ਚ ਹੀ ਉਸਨੇ ਇੱਕ ਡਿਜਾਇਨ ਤਿਆਰ ਕੀਤਾ ਸੀ ਜੋ ਕਿ ਅੱਜ-ਕੱਲ੍ਹ ਹਾਲੀਵੁਡ ਫਿਲਮਾਂ ਵਿੱਚ ਏਲੀਅਨਸ ਦੇ ਸਪੇਸਸ਼ਿਪ ਦੇ ਤੌਰ ‘ਤੇ ਵਿਖਾਇਆ ਜਾਂਦਾ ਹੈ, ਟੇਸਲਾ ਨੇ ਤਦ ਕਿਹਾ ਸੀ ਕਿ ਉਹ ਇਸ ਡਿਜ਼ਾਇਨ ਨੂੰ ਅਮਲੀ ਰੂਪ ਵਿੱਚ ਬਣਾ ਸਕਦਾ ਹੈ ਪਰ ਪੈਸੇ ਦੀ ਕਮੀ ਨੇ ਉਨ੍ਹਾਂ ਦੇ ਬਹੁਤੇ ਪ੍ਰਜੈਕਟ ਪੂਰੇ ਹੀ ਨਹੀਂ ਹੋਣ ਦਿੱਤੇ।
ਟੇਸਲਾ ਦਾ ਮੰਨਣਾ ਸੀ ਕਿ ਦੁਨੀਆ ਦੀ ਹਰ ਤਕਨੀਕ ਵਾਇਰਲੈੱਸ ਹੋਣੀ ਚਾਹੀਦੀ ਹੈ ਤੇ ਹੋ ਵੀ ਸਕਦੀ ਹੈ ਤੇ ਉਹ ਕਰ ਸਕਦੇ ਹਨ ਪਰ ਪੈਸੇ ਦੀ ਕਮੀ ਨੇ ਉਨ੍ਹਾਂ ਦੀਆਂ ਬਹੁਤੀਆਂ ਖੋਜਾਂ ‘ਤੇ ਲਗਾਮ ਲਾਈ ਰੱਖੀ । ਇਸੇ ਤਹਿਤ ਹੀ ਉਨ੍ਹਾਂ ਨੇ ਅਮਰੀਕੀ ਮਿਲਟਰੀ ਨੂੰ ਇੱਕ ਡੈਮੋ ਕਿਸ਼ਤੀ ਬਣਾ ਕੇ ਵਿਖਾਈ ਸੀ ਜੋ ਰਿਮੋਟ ‘ਤੇ ਚੱਲਦੀ ਸੀ ਤੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਵੱਡੇ ਜਹਾਜ਼ ਵੀ ਰਿਮੋਟ ਅਧਾਰਿਤ ਬਣਾ ਸਕਦਾ ਹੈ, ਪਰ ਅਮਰੀਕੀ ਫੌਜ ਤੇ ਆਮ ਲੋਕਾਂ ਨੇ ਉਸਦੀ ਗੱਲ ਦਾ ਯਕੀਨ ਨਹੀਂ ਕੀਤਾ ਸੀ। ਟੇਸਲਾ ਇੱਕ ਅਜਿਹਾ ਜਹਾਜ਼ ਵੀ ਬਣਾਉਣਾ ਚਾਹੁੰਦਾ ਸੀ ਜੋ ਸੂਰਜ ਤੇ ਵਾਤਾਵਰਨ ਤੋਂ ਹੀ ਊਰਜਾ ਲੈ ਕੇ ਉੱਡ ਸਕਦਾ ਹੋਏ ਪਰ ਕਿਸੇ ਨੇ ਵੀ ਉਸਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ ਤੇ ਨਾ ਹੀ ਕਿਸੇ ਨੇ ਉਹਨਾਂ ਦੀਆਂ ਖੋਜਾਂ ‘ਤੇ ਪੈਸਾ ਲਾਇਆ ਸੀ ।
ਨਿਕੋਲਾ ਟੇਸਲਾ ਇੱਕ ਲੋਕਪੱਖੀ ਵਿਗਿਆਨਕ ਸੀ। ਉਸਨੇ ਆਮ ਲੋਕਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ 1901 ਵਿੱਚ ਗੁਪਤ ਰੂਪ ਨਾਲ 187 ਫੁੱਟ ਉੱਚਾ ਟਾਵਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਲਈ ਉਸਨੇ ਸਭ ਤੋਂ ਵੱਡੇ ਉਦਯੋਗਪਤੀ ਜੇ. ਪੀ. ਮਾਰਗਨ ਤੋਂ ਡੇਢ ਲੱਖ ਡਾਲਰ ਦੀ ਮੰਗ ਕੀਤੀ ਤੇ ਉਸਨੂੰ ਕਿਹਾ ਗਿਆ ਕਿ ਉਹ ਇੱਕ ਟਾਵਰ ਵਾਰਡਨ ਕਲਿਫ ਟਾਵਰ ਬਣਾ ਰਿਹਾ ਹੈ
ਜਿਸ ਦੀ ਵਰਤੋਂ ਰੇਡੀਉ ਟਰਾਂਸਮਿਸ਼ਨ ਲਈ ਕੀਤੀ ਜਾਵੇਗੀ ਜਿਸ ਨਾਲ ਕਿਸੇ ਵੀ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਸਾਨੀ ਨਾਲ ਭੇਜਿਆ ਜਾ ਸਕਦਾ ਹੈ । ਪਰ ਉਹ ਇਸ ਦੀ ਵਰਤੋਂ ਇਸ ਤੋਂ ਵੀ ਜਬਰਦਸਤ ਕੰਮ ਲਈ ਕਰਨੀ ਚਾਹੁੰਦਾ ਸੀ ਟੇਸਲਾ ਇਸ ਟਾਵਰ ਦੀ ਮੱਦਦ ਨਾਲ ਅਸਮਾਨੀ ਬਿਜਲੀ ਨੂੰ ਖਿੱਚ ਕੇ ਵਾਇਰਲੈਸ ਤਕਨੀਕ ਨਾਲ ਲੋਕਾਂ ਦੇ ਘਰਾਂ ਤੱਕ ਮੁਫਤ ਬਿਜਲੀ ਪਹੁੰਚਾ ਸਕਦਾ ਸੀ ਜਿਵੇਂ ਅੱਜ-ਕੱਲ੍ਹ ਅਸੀਂ ਟੀ. ਵੀ. ਤੇ ਮੋਬਾਇਲ ਤੇ ਵਾਈਫਾਈ ਤੇ ਵਾਇਰਲੈਸ ਸਿਗਨਲ ਵਾਰਤਦੇ ਹਾਂ।
ਜੇਕਰ ਉਹ ਕਾਮਯਾਬ ਹੋ ਜਾਂਦਾ ਤਾਂ ਅੱਜ ਅਸੀਂ ਨਾਮਾਤਰ ਚਾਰਜ ਦੇ ਕੇ ਬਗੈਰ ਕਿਸੇ ਤਾਰ ਦੇ ਇੱਕ ਛੋਟੇ ਜਿਹੇ ਐਨਟੀਨੇ ਦੀ ਮੱਦਦ ਨਾਲ ਦੁਨੀਆਂ ਦੇ ਹਰ ਕੋਨੇ ਵਿੱਚ ਵਾਇਰਲੈਸ ਬਿਜਲੀ ਪ੍ਰਾਪਤ ਕਰ ਰਹੇ ਹੁੰਦੇ, ਪਰ ਜਦ ਨੂੰ ਇਹ ਪ੍ਰਜੈਕਟ ਨੇਪਰੇ ਚੜ੍ਹਨ ਵਾਲਾ ਸੀ ਤਾਂ ਟੇਸਲਾ ਦੇ ਮੁਫਤ ਬਿਜਲੀ ਦੇ ਪ੍ਰੋਜੈਕਟ ਦਾ ਪਤਾ ਜੇ. ਪੀ. ਮਾਰਗਨ ਨੂੰ ਲੱਗ ਗਿਆ ਜਿਸ ਕਰਕੇ ਉਸਨੇ ਟੇਸਲਾ ਦੀ ਮੱਦਦ ਬੰਦ ਕਰ ਦਿੱਤੀ ਨਤੀਜੇ ਵਜੋਂ ਪੈਸੇ ਦੀ ਕਮੀ ਕਰਕੇ 1905 ਵਿੱਚ ਟੇਸਲਾ ਨੂੰ ਆਪਣਾ ਉਹ ਡ੍ਰੀਮ ਪ੍ਰੋਜੈਕਟ ਬੰਦ ਕਰਨਾ ਪਿਆ। ਅਖੀਰ 1917 ਵਿੱਚ ਜੇ. ਪੀ. ਮਾਰਗਨ ਤੇ ਉਸ ਵੇਲੇ ਦੀਆਂ ਉੱਭਰ ਰਹੀਆਂ ਬਿਜਲੀ ਕੰਪਨੀਆਂ ਨੇ ਟੇਸਲਾ ਦੇ ਮੁਫਤ ਬਿਜਲੀ ਦੇ ਸੁਪਨੇ ਨੂੰ ਹਮੇਸ਼ਾ ਲਈ ਤੁੜਵਾ ਦਿੱਤਾ ਤੇ ਉਸਦੀ ਲੈਬ ਦਾ ਸਾਰਾ ਸਾਮਾਨ ਨਸ਼ਟ ਕਰਵਾ ਦਿੱਤਾ।
ਜੇਕਰ ਗੱਲ ਉਨ੍ਹਾਂ ਦੇ ਨਿੱਜੀ ਜੀਵਨ ਦੀ ਕਰੀਏ ਤਾਂ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ ਜਿਸ ਦਾ ਮੁੱਖ ਕਾਰਨ ਇਹ ਸੀ ਕਿ ਉਨ੍ਹਾਂ ਦੇ ਕੰਮ ਵਿੱਚ ਖੜੋਤ ਨਾ ਆਵੇ ਬਚਪਨ ਵਿੱਚ ਉਹ ਗਣਿਤ ਦੇ ਔਖੇ ਸਵਾਲਾਂ ਨੂੰ ਦਿਮਾਗ ਵਿੱਚ ਹੀ ਹੱਲ ਕਰ ਦਿੰਦੇ ਸਨ ਬਚਪਨ ਵਿੱਚ ਉਹ ਮੋਤੀਆਂ ਨੂੰ ਵੇਖਣ ਤੋਂ ਵੀ ਘਬਰਾਉਂਦੇ ਸਨ ਇਸ ਕਰਕੇ ਉਨ੍ਹਾਂ ਨੂੰ ਕਈ ਵਾਰ ਦੌਰੇ ਵੀ ਪਏ ਸਨ ਉਹ ਅਕਸਰ ਨਿਊਯਾਰਕ ਦੇ ਡੈਲਮਿਕੋ ਤੇ ਬਾਅਦ ਵਿੱਚ ਵਾਲਡੋਰਫ-ਐਕਸਟੋਰੀਆ ਹੋਟਲ ਵਿੱਚ ਇੱਕੋ ਟੇਬਲ ‘ਤੇ ਡਿਨਰ ਕਰ ਲੈਂਦੇ ਸਨ
ਉਨ੍ਹਾਂ ਨੂੰ ਕਿਟਾਣੂਆਂ ਤੋਂ ਡਰ ਲੱਗਦਾ ਸੀ ਤੇ ਉਹ 18 ਨੈਪਕਿਨ ਦਾ ਪੈਕਟ ਆਪਣੇ ਨਾਲ ਰੱਖਦੇ ਸਨ। ਉਨ੍ਹਾਂ ਲਈ ਤਿੰਨ ਨੰਬਰ ਕਾਫੀ ਕਿਸਮਤ ਵਾਲਾ ਸੀ। ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਸਾਇੰਸ ਨੂੰ ਹੀ ਸਮਰਪਿਤ ਕਰ ਦਿੱਤੀ ਸੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਕਿੱਤੇ ਨੂੰ ਬਿਜਨਸ ਦੇ ਤੌਰ ‘ਤੇ ਵੇਖਿਆ ਸੀ ਉਨ੍ਹਾਂ ਦਾ ਮੁੱਖ ਉਦੇਸ਼ ਆਮ ਲੋਕਾਂ ਦੀ ਜਿੰਦਗੀ ਨੂੰ ਸੌਖਿਆਂ ਕਰਨਾ ਸੀ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਆਪਣੀ ਸਾਰੀ ਜਿੰਦਗੀ ਪੈਸੇ ਦੀ ਕਿੱਲਤ ਵਿੱਚ ਕੱਢਣੀ ਪਈ ਸੀ ।
ਅਖੀਰ 7 ਜਨਵਰੀ 1943 ਨੂੰ ਉਹਨਾਂ ਦੀ ਮੌਤ ਨਿਊਯਾਰਕ ਦੇ ਇੱਕ ਛੋਟੇ ਜਿਹੇ ਹੋਟਲ ਵਿੱਚ ਆਰਥਿਕ ਤੰਗੀ ਨਾਲ ਲੜਦਿਆਂ ਹੋ ਗਈ ਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਹੋਰ ਆਉਣ ਵਾਲਿਆਂ ਛੇ-ਸੱਤ ਸੌ ਦੇ ਕਰੀਬ ਖੋਜਾਂ ਦੇ ਦਸਤਾਵੇਜ਼ ਉਨ੍ਹਾਂ ਦੇ ਕਮਰੇ ਵਿੱਚੋਂ ਜਬਤ ਕਰ ਲਏ ਤੇ ਕਈਆਂ ‘ਤੇ ਰਿਸਰਚ ਕਰਕੇ ਵਿਕਸਿਤ ਵੀ ਕੀਤੇ ਪਰ ਕਦੇ ਜਨਤਕ ਨਹੀਂ ਕੀਤੇ। ਸ਼ਾਇਦ ਇਸੇ ਕਰਕੇ ਦੂਜੇ ਵਿਸ਼ਵ ਯੁੱਧ ਦੇ ਭਾਰੀ ਨੁਕਸਾਨ ਤੋਂ ਬਾਅਦ ਵੀ ਸਿਰਫ ਪੰਜ-ਸੱਤ ਸਾਲਾਂ ਵਿੱਚ ਹੀ ਅਮਰੀਕਾ ਬਹੁਤ ਤੇਜ਼ੀ ਨਾਲ ਵਿਕਸਿਤ ਹੋਇਆ ਤੇ ਅੱਜ ਵੀ ਮਹਾਂਸ਼ਕਤੀ ਦੀ ਰੇਸ ਵਿੱਚ ਬਹੁਤ ਅੱਗੇ ਲੰਘ ਚੱਲ ਰਿਹਾ ਹੈ ।
ਸੰਗਤ ਕਲਾਂ (ਬਠਿੰਡਾ)
ਮੋ. 85590-86235
ਸੁਖਵਿੰਦਰ ਚਹਿਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ