ਮੰਗਾਂ ਨਾ ਮੰਨਣ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ਅਤੇ ਤਿੱਖੇ ਸੰਘਰਸ਼ ਦੀ ਚੇਤਾਵਨੀ
ਪਟਿਆਲਾ, (ਸੱਚ ਕਹੂੰ ਨਿਊਜ)। ਐਨ ਐਚ ਐਮ ਇੰਪਲਾਈਜ਼ ਯੂਨੀਅਨ ਅਤੇ ਐਨ ਐਚ ਐਮ ਇੰਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਇੰਦਰਜੀਤ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਜੋ ਲੰਬੇ ਸਮੇਂ ਤੋਂ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੇ ਹਿੱਤਾਂ ਲਈ ਲੜ ਰਹੇ ਹਨ, ਦੀ ਅਗਵਾਈ ਹੇਠ ਬੀਤੇ ਦਿਨੀਂ ਹੰਗਾਮੀ ਮੀਟਿੰਗ ਹੋਈ।
ਮੀਟਿੰਗ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੁਆਰਾ ਸਿਹਤ ਵਿਭਾਗ ਲਈ ਕੈਬਨਿਟ ਮੀਟਿੰਗ ਵਿੱਚ ਪਾਸ ਕੀਤੀਆਂ ਤੇ ਜਲਦ ਹੀ ਪਬਲਿਸ ਹੋਣ ਵਾਲੀਆਂ ਵੱਖ-ਵੱਖ ਕੈਡਰਾਂ ਦੀਆਂ ਪੋਸਟਾਂ ‘ਤੇ ਰੋਕ ਲਗਾਉਣਾ ਹੈ ਇਸ ਦਾ ਤਰਕ ਦਿੰਦੇ ਹੋਏ ਸੂਬਾ ਆਗੂਆਂ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਵਿੱਚ ਪਿਛਲੇ 12-15 ਸਾਲਾਂ ਤੋਂ ਹਜਾਰਾਂ ਕਰਮਚਾਰੀ ਠੇਕੇ ‘ਤੇ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ।
ਇਹ ਕਰਮਚਾਰੀ ਕੰਮ ਵੀ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਕਰ ਰਹੇ ਹਨ।ਕੋਰੋਨਾ ਦੀ ਜੰਗ ਵਿੱਚ ਇਹ ਠੇਕੇ ਵਾਲੇ ਕਰਮਚਾਰੀ ਬਿਨ੍ਹਾਂ ਕਿਸੇ ਡਰ ਤੋਂ ਆਪਣੀ ਜਾਨ ਜ਼ੋਖਮ ਵਿੱਚ ਪਾਕੇ ਕੰਮ ਕਰ ਰਹੇ ਹਨ,ਪਰੰਤੂ ਪੰਜਾਬ ਸਰਕਾਰ ਤਨਖਾਹ ਰੈਗੂਲਰ ਕਰਮਚਾਰੀਆਂ ਤੋਂ ਘੱਟ ਦੇ ਰਹੀ ਹੈ ਜਿਹੜੀਆਂ ਪੋਸਟਾਂ ਸਰਕਾਰ ਸਿਹਤ ਵਿਭਾਗ ਵਿੱਚ ਕੱਢਣ ਜਾ ਰਹੀ ਹੈ ਉਨ੍ਹਾਂ ਪੋਸਟਾਂ ‘ਤੇ ਤਜਰਬੇਕਾਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦਾ ਹੱਕ ਬਣਦਾ ਹੈ। ਜੇਕਰ ਸਰਕਾਰ ਇਨ੍ਹਾਂ ਪੋਸਟਾਂ ‘ਤੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਅਡਜਸਟ ਕਰਨ ਦੀ ਥਾਂ ਨਵੀਂ ਭਰਤੀ ਕਰਦੀ ਹੈ ਤਾਂ ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਕਰਮਚਾਰੀ ਰੋਸ ਵਜੋਂ ਸੜਕਾਂ ‘ਤੇ ਉਤਰ ਆਉਣਗੇ ਅਤੇ ਵਿਭਾਗ ਦਾ ਕੰਮ ਛੱਡਕੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠ ਜਾਣਗੇ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਦਾ ਵਿਰੋਧ ਪੰਜਾਬ ਵਿੱਚ ਸਟਾਫ ਨਰਸਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਹੈ ਅਤੇ ਤਕਰੀਬਨ ਸਾਰੇ ਜਿਲ੍ਹਿਆਂ ਵਿੱਚ ਧਰਨੇ ਵੀ ਦਿੱਤੇ ਜਾ ਰਹੇ ਹਨ।ਇਸ ਭਖਦੇ ਰੋਸ ਵਿੱਚ ਜਲਦ ਹੀ ਨੈਸ਼ਨਲ ਹੈਲਥ ਮਿਸ਼ਨ ਦੇ ਸਾਰੇ ਕਰਮਚਾਰੀ ਸ਼ਾਮਿਲ ਹੋ ਜਾਣਗੇ ਅਤੇ ਸਿਹਤ ਵਿਭਾਗ ਦਾ ਕੰਮ ਬੁਰੀ ਤਰ੍ਹਾਂ ਠੱਪ ਹੋ ਜਾਵੇਗਾ।ਆਗੂਆਂ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰੰ ਮੰਨਣ ਲਈ ਕਿਹਾ ਨਹੀਂ ਤਾਂ ਸੰਘਰਸ਼ ਹੋਵੇਗਾ। ਮੀਟਿੰਗ ਵਿੱਚ ਹਰਪਾਲ ਸਿੰਘ ਸੋਢੀ, ਡਾਕਟਰ ਪ੍ਰਿਅੰਕਾ ਭੰਡਾਰੀ, ਅਰੁਣ ਦੱਤ, ਮਨਿੰਦਰ ਸਿੰਘ, ਡਾਕਟਰ ਯੋਗੇਸ ਸਚਦੇਵਾ, ਪ੍ਰਿਤਪਾਲ ਸਿੰਘ, ਜ਼ਸਵਿੰਦਰ ਕੌਰ, ਰਮਨਪ੍ਰੀਤ ਕੌਰ ਅਤੇ ਸਰਬਜੀਤ ਕੌਰ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ