ਪੰਜਾਬੀ ਯੂਨੀਵਰਸਿਟੀ ਨੇ ਗੋਲਡਨ ਚਾਂਸ ਨਾਂਅ ‘ਤੇ 47 ਲੱਖ ਤੋਂ ਵੱਧ ਕਮਾਏ

Punjabi University

ਲੇਟ ਫੀਸ ਸਮੇਤ ਰੀ-ਅਪੀਅਰ ਵਾਲਿਆ ਤੋਂ ਇਕੱਠੇ ਕੀਤੇ 24,15,698 ਰੁਪਏ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਦਿੱਤੇ ਗਏ ਗੋਲਡਨ ਚਾਂਸ ਰਾਹੀਂ ਵਿਦਿਆਰਥੀਆਂ ਤੋਂ 47 ਲੱਖ ਰੁਪਏ ਤੋਂ ਵੱਧ ਕਮਾਏ ਹਨ। ਵਿੱਦਿਆ ਦਾ ਚਾਨਣ ਫੈਲਾਉਣ ਵਾਲੀ ਯੂਨੀਵਰਸਿਟੀ ਮੋਟੀਆਂ ਫੀਸਾਂ ਰਾਹੀਂ ਵਿਦਿਆਰਥੀਆਂ ਦੀਆਂ ਜੇਬ੍ਹਾਂ ਖਾਲੀ ਕਰਨ ‘ਤੇ ਤੁਲੀ ਹੋਈ ਹੈ। ਇੱਧਰ ਮੌਜੂਦਾ ਸਮੇਂ ਯੂਨੀਵਰਸਿਟੀ ਦੀ ਹਾਲਤ ਕੱਖੋਂ ਪਤਲੀ ਹੋਈ ਪਈ ਹੈ ਅਤੇ ਅਧਿਆਪਕ ਵਰਗ ਤਨਖਾਹਾਂ ਲਈ ਮੁਰਦਾਬਾਦ ਦੇ ਰਾਹ ਪਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਆਪਣੀ ਕਾਰਗੁਜਾਰੀ ‘ਚ ਵਾਧਾ ਕਰਵਾਉਣ ਲਈ ਵਿਦਿਆਰਥੀਆਂ ਨੂੰ ਗੋਲਡਨ ਚਾਂਸ ਦਿੱਤਾ ਗਿਆ ਸੀ। ਯੂਨੀਵਰਸਿਟੀ ਵੱਲੋਂ ਗੋਲਡਨ ਚਾਂਸ ਲਈ ਵਿਦਿਆਥੀਆਂ ਤੇ ਫੀਸ ਵਜੋਂ ਮੋਟਾ ਟੱਕ ਲਾਇਆ ਗਿਆ ਸੀ।

ਗੋਲਡਨ ਚਾਂਸ ਲਈ ਵਿਦਿਆਰਥੀਆਂ ਨੂੰ 35000 ਰੁਪਏ ਸਮੇਤ ਪ੍ਰੀਖਿਆ ਫੀਸ ਲਗਭਗ 38000 ਰੁਪਏ ਵਿੱਚ ਪਈ ਸੀ। ਯੂਨੀਵਰਸਿਟੀ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਗੋਲਡਨ ਚਾਂਸ ਲਈ 62 ਵਿਦਿਆਰਥੀਆਂ ਵੱਲੋਂ ਪਹੁਚ ਕੀਤੀ ਗਈ ਸੀ। ਇਨ੍ਹਾਂ ਵਿਦਿਆਰਥੀਆਂ ਤੋਂ ਯੂਨੀਵਰਸਿਟੀ ਨੇ ਗੋਲਡਨ ਚਾਂਸ ਸਮੇਤ ਪ੍ਰੀਖਿਆ ਫੀਸ ਦੇ 22,99,287 ਲੱਖ ਰੁਪਏ ਕਮਾਏ ਹਨ। ਯੂਨੀਵਰਸਿਟੀ ਵੱਲੋਂ ਇਸ ਗੋਲਡਨ ਚਾਂਸ ਦੀ ਤਾਰੀਖ ਨੂੰ ਕਈ ਵਾਰ ਅੱਗੇ ਵੀ ਵਧਾਇਆ ਗਿਆ ਸੀ, ਤਾ ਜੋਂ ਵੱਧ ਤੋਂ ਵੱਧ ਵਿਦਿਆਰਥੀ ਉਨ੍ਹਾਂ ਦੇ ਖਜਾਨੇ ਨੂੰ ਹੁਲਾਰਾ ਦੇਣ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਦਿੱਤਾ ਗਿਆ ਸੀ ਵਿਦਿਆਰਥੀਆਂ ਨੂੰ ਗੋਲਡਨ ਚਾਂਸ

ਰੱਖੀ ਗਈ ਤਾਰੀਖ ਤੋਂ ਬਾਅਦ ਯੂਨੀਵਰਸਿਟੀ ਨੇ ਫਿਰ ਲੇਟ ਫੀਸ ਰਾਹੀਂ ਵੀ ਵਿਦਿਆਰਥੀਆਂ ਨੂੰ ਗੋਲਡਲ ਚਾਂਸ ਦਾ ਮੌਕਾ ਦਿੱਤਾ ਗਿਆ ਸੀ। ਯੂਨੀਵਰਸਿਟੀ ਵੱਲੋਂ ਗੋਲਡਨ ਚਾਂਸ ਦੀ ਲੇਟ ਫੀਸ ਸਮੇਤ ਰੀ-ਅਪੀਅਰ ਵਾਲੇ ਵਿਦਿਆਰਥੀਆਂ ਤੋਂ 24,16,411 ਵੱਖਰੇ ਤੌਰ ਤੇ ਕਮਾਏ ਗਏ ਹਨ। ਇਸ ਤਰ੍ਹਾਂ ਯੂਨੀਵਰਸਿਟੀ ਵੱਲੋਂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੋਲਡਨ ਚਾਂਸ ਸਮੇਤ ਰੀ-ਅਪੀਅਰ ਵਾਲੇ ਵਿਦਿਆਰਥੀਆਂ ਰਾਹੀਂ ਕੁੱਲ 47, 15, 698 ਰੁਪਏ ਕਮਾਏ ਗਏ ਹਨ। ਲੇਟ ਫੀਸ ਨਾਲ ਇਹ ਗੋਲਡਨ ਚਾਂਸ 50 ਹਜਾਰ ਨੂੰ ਟੱਪ ਗਿਆ ਸੀ।

ਉਂਜ ਵਿਦਿਆਰਥੀ ਜਥੇਬੰਦੀਆਂ ਸਮੇਤ ਬੁੱਧੀਜੀਵੀਆਂ ਵੱਲੋਂ ਬਾਬੇ ਨਾਨਕ ਦੇ ਨਾਮ ਤੇ ਵਿਦਿਆਰਥੀਆਂ ਦੀ ਕੀਤੀ ਇਸ ਲੁੱਟ ਦਾ ਵਿਰੋਧ ਵੀ ਜਿਤਾਇਆ ਗਿਆ ਸੀ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਨੂੰ ਟਿੱਚ ਜਾਣਦਿਆ ਆਪਣੇ ਖਜਾਨੇ ਭਰਨ ਨੂੰ ਪਹਿਲ ਦਿੱਤੀ। ਕਈ ਲੋੜਵੰਦ ਵਿਦਿਆਰਥੀਆਂ ਨੇ ਇਸ ਗੋਲਡਨ ਚਾਂਸ ਲਈ ਕਰਜ਼ੇ ਦੀ ਉੱਖਲੀ ‘ਚ ਸਿਰ ਦੇ ਕੇ ਯੂਨੀਵਰਸਿਟੀ ਦੇ ਇਸ ਚਾਂਸ ਨੂੰ ਹਾਸਲ ਕੀਤਾ ਸੀ। ਇੱਧਰ ਮੌਜੂਦਾ ਸਮੇਂ ਯੂਨੀਵਰਸਿਟੀ ਦੀ ਹਾਲਤ ਪਾਣੀ ਨਾਲੋਂ ਵੀਂ ਪਤਲੀ ਹੋ ਚੁੱਕੀ ਹੈ । ਯੂਨੀਵਰਸਿਟੀ ਦੇ ਅਧਿਆਪਕ ਅਤੇ ਮੁਲਾਜ਼ਮ ਤਨਖਾਹਾਂ ਸਮੇਤ ਹੋਰ ਮੰਗਾਂ ਲਈ ਵਾਇਸ ਚਾਂਸਲਰ ਦੇ ਦਰਵਾਜ਼ੇ ਕੁੱਟ ਰਹੇ ਹਨ, ਪਰ ਉਨ੍ਹਾਂ ਨੂੰ ਖੈਰ ਨਹੀਂ ਪੈ ਰਹੀ।

ਯੂਨੀਵਰਸਿਟੀ ਆਪਣੇ ਫੈਲੇ ਵਿੱਦਿਆ ਚਾਨਣ ਹੋਏ ਦੇ ਮੁੱਖ ਉਦੇਸ਼ ਤੋਂ ਭਟਕੀ : ਕੁਲਵਿੰਦਰ ਸਿੰਘ

ਪੰਜਾਬ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਪੰਜਾਬ ਦੇ ਵਿਦਿਆਰਥੀਆਂ ਦੇ ਉੱਪਰ ਅਣਲੋੜੀਦਾ ਤੇ ਗੈਰਵਾਜਿਬ ਵਿੱਤੀ ਬੋਝ ਨਹੀਂ ਪਾਉਣਾ ਚਾਹੀਦਾ। ਉਨਾਂ ਕਿਹਾ ਕਿ ਹੋਰਨਾ ਸਰਕਾਰੀ ਯੂਨੀਵਰਸਿਟੀਆਂ ਵਿੱਚ ਅਜਿਹੇ ਚਾਂਸ ਹਰ ਸਾਲ ਪੰਜ ਹਜਾਰ ਰੁਪਏ ਵਿੱਚ ਦਿੱਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਗੋਲਡਨ ਚਾਂਸ ਵਿੱਚ ਕਿਸੇ ਵਰਗ ਨੂੰ ਕੋਈ ਰਾਹਤ ਵੀ ਨਹੀਂ ਦਿੱਤੀ ਗਈ ਸੀ। ਯੂਨੀਵਰਸਿਟੀ ਆਪਣੇ ਫੈਲੇ ਵਿੱਦਿਆ ਚਾਨਣ ਹੋਏ ਦੇ ਮੁੱਖ ਉਦੇਸ਼ ਤੋਂ ਭਟਕ ਚੁੱਕੀ ਹੈ ਅਤੇ ਜਿਸ ਕਾਰਨ ਹੀ ਯੂਨੀਵਰਸਿਟੀ ਦੇ ਹਰ ਫੈਸਲੇ ਉੱਪਰ ਸਵਾਲੀਆਂ ਚਿੰਨ ਲੱਗ ਰਹੇ ਹਨ। ਯੂਨੀਵਰਸਿਟੀ ਆਪਣੇ ਡਿੱਗ ਰਹੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵੱਲ ਧਿਆਨ ਕੇਂਦਰਿਤ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ