ਵਿਆਹੁਤਾ ਨੂੰ ਜਹਿਰੀਲੀ ਦਵਾਈ ਪਿਲਾ ਕੇ ਮਾਰਨ ਦਾ ਦੋਸ਼

ਪਤੀ, ਸੱਸ, ਸਹੁਰਾ ਅਤੇ ਨੰਨਦ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ਼

ਸਮਾਣਾ, (ਸੁਨੀਲ ਚਾਵਲਾ)। ਮਹਿਲਾ ਨੂੰ ਉਸਦੇ ਸਹੁਰਾ ਪਰਿਵਾਰ ਵੱਲੋਂ ਨਸ਼ੀਲੀ ਦਵਾਈ ਪਿਲਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਤੇ ਮ੍ਰਿਤਕਾਂ ਦੇ ਪਤੀ,ਸੱਸ,ਸਹੁਰਾ ਅਤੇ ਨੰਨਦ ਖ਼ਿਲਾਫ਼ ਗੁਹਲਾ ਪੁਲਿਸ ਨੇ ਆਈਪੀਸੀ ਦੀ ਧਾਰਾ 302,34 ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕਾ ਦਾ ਸਮਾਣਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਮ੍ਰਿਤਕਾ ਅਨੀਸ਼ਾ ਰਾਣੀ 28 ਪੁੱਤਰੀ ਬ੍ਰਿਜ ਲਾਲ ਵਾਸੀ ਬੰਮਨਾ ਪੱਤੀ ਸਮਾਣਾ ਦੇ ਪਿਤਾ ਬ੍ਰਿਜ ਲਾਲ ਨੇ ਦੱਸਿਆ ਕਿ ਉਨਾਂ ਨੇ ਆਪਣੀ ਲੜਕੀ ਅਨੀਸ਼ਾ ਦਾ ਵਿਆਹ ਵਿਕਰਮਜੀਤ ਸਿੰਘ ਪੁੱਤਰ ਗਾਜਾ ਰਾਮ ਵਾਸੀ ਪਿੰਡ ਰੱਤਾਖੇੜਾ (ਸਮਾਣਾ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਪਿੰਡ) ਨਾਲ 2008 ਵਿਚ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਅਨੀਸ਼ਾ ਕੋਲ 2 ਲੜਕੇ ਹਨ ਜਿਨਾਂ ਵਿਚ ਵੱਡਾ ਲੜਕਾ 11 ਸਾਲ ਅਤੇ ਛੋਟਾ ਲੜਕਾ 9 ਸਾਲ ਦਾ ਹੈ।

ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਜਿਸ ਕਾਰਨ ਅਕਸਰ ਉਹ ਅਤੇ ਉਸਦਾ ਪਰਿਵਾਰ ਅਨੀਸ਼ਾ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ। ਕਈ ਵਾਰ ਰਿਸ਼ਤੇਦਾਰਾਂ ਵਿਚ ਬੈਠ ਕੇ ਸਮਝੌਤੇ ਵੀ ਹੋਏ ਪ੍ਰੰਤੂ ਬੀਤੇ ਕੱਲ ਸ਼ਾਮ ਸਮੇਂ ਅਨੀਸ਼ਾ ਦੇ ਦੇਵਰ ਜੋਰਾ ਸਿੰਘ ਦਾ ਫੋਨ ਆਇਆ ਕਿ ਅਨੀਸ਼ਾ ਨੇ ਕੋਈ ਜਹਿਰੀਲੀ ਦਵਾਈ ਨਿਗਲ ਲਈ ਹੈ ਜਿਸ ਕਾਰਨ ਅਸੀਂ ਉਸ ਨੂੰ ਇਲਾਜ ਲਈ ਸਮਾਣਾ ਦੇ ਸਿਵਲ ਹਸਪਤਾਲ ਲੈ ਕੇ ਆ ਰਹੇ ਹਾਂ।

ਬ੍ਰਿਜ ਲਾਲ ਨੇ ਅੱਗੇ ਦੱਸਿਆ ਕਿ ਫੋਨ ਸੁਨਦੇ ਸਾਰ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਉਸਦੇ ਸਹੁਰਾ ਘਰ ਪਿੰਡ ਰੱਤਾਖੇੜਾ ਵੱਲ ਤੁਰ ਪਏ,ਪ੍ਰੰਤੂ ਰਸਤੇ ਵਿਚ ਹੀ ਉਸਦਾ ਦੇਵਰ ਜੋਰਾ ਸਿੰਘ ਅਨੀਸ਼ਾ ਨੂੰ ਮੋਟਰਸਾਇਕਲ ਤੇ ਆਪਣੀ ਪਤਨੀ ਨਾਲ ਲੈ ਕੇ ਆਉਂਦਾ ਮਿਲਿਆ ਜਿਸ ਨੇ ਅਨੀਸ਼ਾ ਨੂੰ ਸਾਡੀ ਗੱਡੀ ਵਿਚ ਬਿਠਾ ਦਿੱਤਾ ਤੇ ਅਸੀਂ ਉਸ ਨੂੰ ਸਿਵਲ ਹਸਪਤਾਲ ਸਮਾਣਾ ਲੈ ਆਏ ਪ੍ਰੰਤੂ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੇਫਰ ਕਰ ਦਿੱਤਾ

ਜਿਸ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਗੁਹਲਾ ਚੌਂਕੀ ਦੇ ਐਸਐਚਓ ਸੁਰੇਸ਼ ਕੁਮਾਰ ਨੇ ਦੱਸਿਆ ਕਿ  ਮ੍ਰਿਤਕਾ ਦਾ ਪੋਸਟਮਾਰਟਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ ਜਦੋਂਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾਂ ਦੇ ਪਤੀ ਵਿਕਰਮਜੀਤ ਸਿੰਘ ਪੁੱਤਰ ਗਾਜਾ ਸਿੰਘ,ਸਹੁਰਾ ਗਾਜਾ ਸਿੰਘ, ਸੱਸ ਸਿੰਦਰ ਕੌਰ ਅਤੇ ਨੰਨਦ ਕਰਮਜੀਤ ਕੌਰ ਖ਼ਿਲਾਫ਼ ਆਈਪੀਸੀ ਦੀ ਧਾਰਾ 302,34 ਤਹਿਤ ਮਾਮਲਾ ਦਰਜ਼ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ