Moti Mahal ਦੇ ਅੰਦਰ ਤੱਕ ਨਾ ਬੁਲਾਇਆ, ਐਸਡੀਐਮ ਨੇ ਵੀ ਪੱਲਾ ਝਾੜਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲਾ ਅੱਗੇ ਦਲਿਤਾਂ ਦੀ ਰਾਖਵੀਂ ਜ਼ਮੀਨ ਮਸਲੇ ਨੂੰ ਲੈ ਕੇ ਰੋਸ ਧਰਨਾ ਦੇਣ ਪੁੱਜੇ। ਵਿਧਾਇਕ ਕਾਫ਼ੀ ਸਮਾਂ ਮਹਿਲ ਅੱਗੇ ਇਕੱਲੇ ਹੀ ਰੋਸ਼ ਧਰਨੇ ਤੇ ਬੈਠੇ ਰਹੇ, ਪਰ ਮੋਤੀ ਮਹਿਲਾ ਨੇ ਉਨ੍ਹਾਂ ਦੇ ਪੱਲੇ ਮਸਲੇ ਨੂੰ ਹੱਲ ਕਰਨ ਦੀ ਕੋਈ ਖੈਰ ਨਾ ਪਾਈ। ਇੱਥੋਂ ਤੱਕ ਕਿ ਵਿਧਾਇਕ ਨੂੰ ਅੰਦਰ ਤੱਕ ਨਾ ਬੁਲਾਇਆ ਗਿਆ। ਉਂਜ ਭਾਵੇਂ ਬਾਹਰ ਹੀ ਐਸਡੀਐਮ ਵੱੱਲੋਂ ਉਨ੍ਹਾਂ ਦੀ ਸਮੱਸਿਆ ਸੁਣੀ ਗਈ, ਪਰ ਇਸ ਸਮੱਸਿਆ ਨੂੰ ਸਥਾਨਕ ਪੱਧਰ ਦੀ ਆਖ ਕੇ ਉਹ ਵੀ ਤੁਰਦੇ ਬਣੇ।
ਇਸ ਪੱਤਰਕਾਰ ਨਾਲ ਗੱਲ ਕਰਦਿਆ ਵਿਧਾਇਕ ਪਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ‘ਚ ਪੈਂਦੇ ਪਿੰਡ ਪੱਖੋਂ ਕਲਾਂ ਵਿਖੇ ਕਰੀਬ 44 ਏਕੜ ਪੰਚਾਇਤੀ ਜ਼ਮੀਨ ਹੈ ਜਿਸ ‘ਤੇ ਸਥਾਨਕ ਪੰਚਾਇਤ ਵੱਲੋਂ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਐੱਸਸੀ ਭਾਈਚਾਰੇ ਦੇ ਹਿੱਸੇ ਦੀ ਜ਼ਮੀਨ ਵੀ ਜਨਰਲ ਕੈਟਾਗਰੀ ਦੇ ਵਿਅਕਤੀਆਂ ਨੂੰ ਦਲਿਤ ਦਰਸਾ ਕੇ ਅਤੇ ਬੋਲੀ ਚਾੜ ਕੇ ਉਨ੍ਹਾਂ ਨੂੰ ਦੇ ਦਿੱਤੀ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਬੋਲੀ ਲਾਉਣ ਵਾਲੇ ਉਕਤ ਵਿਅਕਤੀ ਸੱਤਾਧਿਰ ਪਾਰਟੀ ਆਗੂਆਂ ਦੇ ਨਜਦੀਕੀ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਪਹਿਲਾ ਬਰਨਾਲਾ ਵਿਖੇ ਬੀਡੀਪੀਓ ਦਫ਼ਤਰ ਅੱਗੇ ਧਰਨੇ ਤੇ ਬੈਠੇ, ਪਰ ਉੱਥੇ ਵੀ ਅਧਿਕਾਰੀਆਂ ਨੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹੁਣ ਮੁੱਖ ਮੰਤਰੀ ਦੀ ਰਿਹਾਇਸ ਤੋਂ ਇਨਸਾਫ਼ ਲੈਣ ਲਈ ਆਏ ਹਨ, ਪਰ ਇੱਥੇ ਵੀ ਕਿਸੇ ਅੰਦਰਲੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇੱਥੋਂ ਤੱਕ ਕਿ ਵਿਧਾਇਕ ਨੂੰ ਅੰਦਰ ਬੁਲਾ ਕੇ ਮਸਲੇ ਸਬੰਧੀ ਪੁੱਛਿਆ ਤੱਕ ਨਹੀਂ ਗਿਆ।
ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਐਸਡੀਐਮ ਚਰਨਜੀਤ ਸਿੰਘ ਬਾਹਰ ਹੀ ਉਨ੍ਹਾਂ ਕੋਲ ਪੁੱਜੇ ਅਤੇ ਉਨ੍ਹਾਂ ਦੀ ਗੱਲ ਸੁਣੀ, ਜਦੋਂ ਉਨ੍ਹਾਂ ਨੂੰ ਦਲਿਤਾਂ ਦੇ ਜ਼ਮੀਨ ਮਸਲੇ ਸਬੰਧੀ ਦੱਸਿਆ ਤਾ ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਵਿੱਚ ਕੁਝ ਨਹੀਂ ਕਰ ਸਕਦੇ, ਕਿਉਂਕਿ ਇਹ ਉਨ੍ਹਾਂ ਦੇ ਸਥਾਨਕ ਹਲਕੇ ਦਾ ਮਸਲਾ ਹੈ। ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਹਨੇਰ ਕਰਦੀ ਇਸ ਗੱਲ ਦੀ ਹੈ ਕਿ ਇੱਕ ਵਿਧਾਇਕ ਦੀ ਜਦੋਂ ਗੱਲ ਨਹੀਂ ਸੁਣੀ ਜਾ ਰਹੀ ਤਾ ਇੱਥੇ ਮੋਤੀ ਮਹਿਲਾ ਵਿਖੇ ਆਮ ਬੰਦੇ ਦੀ ਕੀ ਸੁਣਵਾਈ ਹੁੰਦੀ ਹੋਵੇਗੀ।
Moti Mahal | ਉਨ੍ਹਾਂ ਕਿਹਾ ਕਿ ਚੋਣਾ ਵੇਲੇ ਕਾਂਗਰਸ ਵਿੱਚ ਬੈਠੇ ਅਤੇ ਜਿੱਤੇ ਐਸਸੀ ਵਰਗ ਤੇ ਨੁੰਮਾਇਦਿਆ ਵੱਲੋਂ ਉਨ੍ਹਾਂ ਦੇ ਹੱਕਾਂ ਲਈ ਟਾਹਰਾਂ ਦਿੱਤੀਆਂ ਜਾਂਦੀਆਂ ਹਨ, ਪਰ ਹੁਣ ਇਸ ਮਸਲੇ ਤੇ ਕੋਈ ਨਹੀਂ ਬੋਲ ਰਿਹਾ। ਉਨ੍ਹਾਂ ਕਿਹਾ ਕਿ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਸਭ ਕੁਝ ਕਰ ਸਕਦੇ ਹਨ, ਪਰ ਉਨ੍ਹਾਂ ਵੱਲੋਂ ਵੀ ਇਸ ਮਸਲੇ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਹੈ ਕਿ ਇਸ ਸਭ ਸੱਤਾਧਾਰੀ ਧਿਰ ਦੇ ਵਿਅਕਤੀਆਂ ਵੱਲੋਂ ਹੀ ਅਧਿਕਾਰੀਆਂ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ ਤੋਂ ਵੀ ਨਿਰਾਸ਼ ਮੁੜਨਾ ਪੈ ਰਿਹਾ ਹੈ ਅਤੇ ਇੱਥੇ ਵੀ ਕੋਈ ਸੁਣਵਾਈ ਕਰਨ ਵਾਲਾ ਨਹੀਂ। ਉਨ੍ਹਾਂ ਮੰਗ ਕੀਤੀ ਕਿ ਪਿੰਡ ਪੱਖੋਂ ਕਲਾਂ ਦੀ ਪੰਚਾਇਤੀ ਜ਼ਮੀਨ ‘ਚ ਐਸਸੀ ਭਾਈਚਾਰੇ ਨੂੰ ਬਣਦਾ ਹਿੱਸਾ ਦਿੱਤਾ ਜਾਵੇ ਅਤੇ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।