ਅਣਗਹਿਲੀ : ਡੀਸੀ ਦਫ਼ਤਰ ਦੀਆਂ ਗੱਡੀਆਂ ਬਿਨਾ ਬੀਮਾ ਦੌੜਦੀਆਂ ਨੇ ਸੜਕਾਂ ‘ਤੇ

ਆਰ.ਟੀ.ਆਈ. ਦੀ ਰਿਪੋਰਟ ਨੇ ਸੱਚ ਤੋਂ ਚੁੱਕਿਆ ਪਰਦਾ

ਸਿਟੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪਾਈ ਆਰਟੀਆਈ ‘ਤੇ ਆਈ ਰਿਪੋਰਟ

ਤਪਾ ਮੰਡੀ (ਸੁਰਿੰਦਰ ਮਿੱਤਲ) ਕਾਨੂੰਨ ਅਨੁਸਾਰ ਕਿਸੇ ਵੀ ਵਾਹਨ ਚਾਲਕ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਉਸ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ ਤੇ ਵਾਹਨ ਚਾਲਕ ਬਾਅਦ ‘ਚ ਚਲਾਨ ਭੁਗਤਨ ਲਈ ਕਈ ਵਾਰ ਅਦਾਲਤਾਂ ਦੇ ਚੱਕਰ ਮਾਰਦਾ ਰਹਿੰਦਾ ਹੈ ਜਾਂ ਫਿਰ ਹਾਜ਼ਰ ਟਰੈਫਿਕ ਮੁਲਾਜਮਾਂ ਦੀਆਂ ਜੇਬ੍ਹਾਂ ਗਰਮ ਕਰਕੇ ਹੀ ਵਾਹਨ ਚਾਲਕ ਅੱਗੇ ਲੰਘ ਸਕਦਾ ਹੈ ਸਬੰਧਤ ਵਾਹਨ ਦੀ ਰਜਿਸਟਰੇਸ਼ਨ ਜਾਂ ਵਾਹਨ ਦਾ ਬੀਮਾ ਹੋਣਾ ਅਤਿ ਜਰੂਰੀ ਹੁੰਦਾ ਹੈ ਤਾਂ ਜੋ ਕਿਸੇ ਵੀ ਦੁਰਘਟਨਾ ਵਾਪਰਨ ‘ਤੇ ਵਾਹਨ ਨਾਲ ਟਕਰਾਉਣ ਵਾਲੇ ਵਿਅਕਤੀ ਨੂੰ ਬੀਮਾ ਕੰਪਨੀ ਵੱਲੋਂ ਕੁਝ ਰਾਹਤ ਅਤੇ ਨੁਕਸਾਨੇ ਵਾਹਨ ਦੀ ਮੁੰਰਮਤ ਲਈ ਵਾਹਨ ਮਾਲਿਕ ਨੂੰ ਭਰਪਾਈ ਲਈ ਪੈਸੇ ਮਿਲ ਸਕਣ।

ਉਸ ਵੇਲੇ ਹੈਰਾਨੀ ਦੀ ਹੱਦ ਹੋ ਗਈ ਜਦੋਂ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤਪਾਲ ਗੋਇਲ ਨੇ ਨਿਯਮਾਂ ਦਾ ਪਾਲਣ ਕਰਵਾਉਣ ਵਾਲੇ ਜ਼ਿਲ੍ਹਾ ਮੁਖੀ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਦਫਤਰ ਦੀਆਂ ਸਰਕਾਰੀ ਗੱਡੀਆਂ ਦੇ ਬੀਮੇ ਸਬੰਧੀ ਸੂਚਨਾ ਅਧਿਕਾਰ ਰਾਹੀਂ ਲਿਖਤੀ ਰੁਪ ਵਿਚ ਦਫਤਰ ਤੋਂ ਪੁੱਛਿਆ ਕਿ ਪਹਿਲੀ ਜਨਵਰੀ 2019 ਤੋ 31 ਦਸੰਬਰ 2019 ਤੱਕ ਡੀ.ਸੀ. ਬਰਨਾਲਾ ਦੇ ਦਫਤਰ ਦੀਆਂ ਸਰਕਾਰੀ ਗੱਡੀਆਂ ਦੇ ਬੀਮੇ ਉਪਰ ਕਿੰਨੀ ਰਕਮ ਖਰਚ ਕੀਤੀ ਗਈ ਹੈ।

ਸਿਟੀ ਵੈਲਫੇਅਰ ਪ੍ਰਧਾਨ ਸੱਤਪਾਲ ਨੇ ਦਫਤਰ ਦੇ ਸੁਪਰਡੈਂਟ ਵੱਲੋਂ ਦਿੱਤੇ ਲਿਖਤੀ ਜਬਾਬ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਜਬਾਬ ਵਿੱਚ ਦਰਸਾਇਆ ਗਿਆ ਹੈ ਕਿ ਪਹਿਲੀ ਜਨਵਰੀ 2019 ਤੋਂ 31 ਦਸੰਬਰ 2019 ਤੱਕ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਦੀਆਂ ਸਰਕਾਰੀ ਗੱਡੀਆਂ ਦੇ ਬੀਮੇ ਉਪਰ ਇੱਕ ਰੁਪੱਈਆ ਵੀ ਖਰਚ ਨਹੀਂ ਕੀਤਾ ਗਿਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਫਤਰ ਦੀਆਂ ਸਰਕਾਰੀ ਗੱਡੀਆਂ ਬਗੈਰ ਬੀਮੇ ਤੋਂ ਹੀ ਸੜਕਾਂ ਉਪਰ ਦੋੜਦੀਆਂ ਹਨ। ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਸਪੰਰਕ ਕਰਨਾ ਚਾਹਿਆ ਤਦ ਉਨ੍ਹਾਂ ਫੋਨ ਕੱਟ ਦਿੱਤਾ।

ਕੇਂਦਰੀ ਤੇ ਰਾਜ ਟਰਾਂਸਪੋਰਟ ਮੰਤਰੀ ਇਸ ਗੱਲ ਦਾ ਲੈਣ ਨੋਟਿਸ : ਆਰ.ਟੀ.ਆਈ. ਕਾਰਕੁੰਨ

ਮਾਮਲੇ ਸਬੰਧੀ ਸੂਚਨਾ ਅਧਿਕਾਰ ਕਾਰਕੁੰਨ ਸੱਤਪਾਲ ਗੋਇਲ ਦਾ ਕਹਿਣਾ ਹੈ ਕਿ ਮੋਟਰ ਵਹੀਕਲ ਐਕਟ ਅਧੀਨ ਕੋਈ ਵੀ ਵਹੀਕਲ ਬਗੈਰ ਬੀਮੇ ਤੋਂ ਸੜਕ ਉਪਰ ਨਹੀਂ ਦੌੜ ਸਕਦਾ। ਜਿਸ ਲਈ ਉਸ ਵਹੀਕਲ ਮਾਲਿਕ ਨੂੰ ਫਸਟ ਪਾਰਟੀ ਜਾਂ ਥਰਡ ਪਾਰਟੀ ਬੀਮਾ ਕਰਵਾਉਣਾ ਅਤਿ ਜ਼ਰੂਰੀ ਹੁੰਦਾ ਹੈ ਪਰ ਹੈਰਾਨੀ ਉਦੋਂ ਹੋਈ ਜਦ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਧਿਕਾਰੀ ਦੇ ਦਫ਼ਤਰ ਦੇ ਵਾਹਨ ਬਿਨਾ ਬੀਮੇ ਤੋਂ ਸੜਕ ਉਪਰ ਦੌੜਦੇ ਸੁਣਾਈ ਦਿੱਤੇ।

ਉਨ੍ਹਾਂ ਕੇਂਦਰੀ ਅਤੇ ਰਾਜ ਸਰਕਾਰ ਦੇ ਟਰਾਂਸਪੋਰਟ ਮੰਤਰੀ ਤੋਂ ਮੰਗ ਕੀਤੀ ਕਿ ਅਜਿਹੇ ਹੀ ਹੋਰਨਾਂ ਅਣਗਹਿਲੀ ਕਰਨ ਵਾਲੇ ਅਦਾਰਿਆਂ ਦੇ ਅਧਿਕਾਰੀਆਂ ਨੂੰ ਸਰਕਾਰੀ ਗੱਡੀਆਂ ਦਾ ਬੀਮਾ ਕਰਵਾਉਣਾਂ ਜਰੂਰੀ ਬਣਾਇਆ ਜਾਵੇ ਤਾਂ ਜੋ ਸੜਕ ਉਪਰ ਦੋੜਦੇ ਇਨਾਂ ਵਾਹਨਾਂ ਦੇ ਅੱਗੇ ਪਿੱਛੇ, ਜਾਂ ਪੈਦਲ ਜਾਣ ਵਾਲੇ ਰਾਹਗੀਰ ਖੁਦ ਨੂੰ ਸੁਰੱਖਿਅਤ ਸਮਝ ਸਕਣ।

ਬਗੈਰ ਬੀਮੇ ਤੋਂ ਸੜਕ ਉਪਰ ਗੱਡੀ ਨਹੀਂ ਚੜ੍ਹ ਸਕਦੀ : ਆਰ.ਟੀ.ਓ. ਛੀਨਾ

ਮਾਮਲੇ ਸਬੰਧੀ ਆਰ.ਟੀ.ਓ. ਕਰਨਵੀਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਕੋਈ ਵੀ ਵਹੀਕਲ ਸੜਕ ਉਪਰ ਬਗੈਰ ਬੀਮੇ ਤੋਂ ਨਹੀਂ ਦੌੜ ਸਕਦਾ ਜੋ ਕਾਨੂੰਨਨ ਅਪਰਾਧ ਹੈ। ਉਨ੍ਹਾਂ ਦਾ ਧਿਆਨ ਜਦ ਡਿਪਟੀ ਕਮਿਸ਼ਨਰ ਦਫਤਰ ਬਰਨਾਲਾ ਦੀਆ ਸਰਕਾਰੀ ਗੱਡੀਆ ਵੱਲ ਦਿਵਾਇਆ ਤਦ ਉਨ੍ਹਾਂ ਕਿਹਾ ਕਿ ਮੈਂ ਡੀ.ਸੀ. ਸਾਹਿਬ ਨਾਲ ਗੱਲ ਕਰਕੇ ਬਾਅਦ ਵਿੱਚ ਜਾਣਕਾਰੀ ਦੇਵਾਂਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੇ ਬੀਮੇ ਦਾ ਵੀ ਮੁੱਦਾ ਉਠਿਆ ਸੀ। ਜਿਸ ਉਪਰ ਵੀ ਸੱਤਪਾਲ ਗੋਇਲ ਨੇ ਆਰ.ਟੀ.ਆਈ. ਰਾਹੀਂ ਖੁਲਾਸਾ ਕੀਤਾ ਸੀ ਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਵੀ ਬੀਮਾ ਨਹੀਂ ਹੁੰਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।