ਕੋਰੋਨਾ: ਪੱਤਰਕਾਰ ਭਾਈਚਾਰਾ ਵੀ ਪ੍ਰਸੰਸਾ ਤੇ ਮਾਣ-ਸਨਮਾਨ ਦਾ ਹੱਕਦਾਰ
ਕੋਰੋਨਾ ਵਾਇਰਸ ਦੇ ਖਤਰੇ ਦੀ ਦਹਿਸ਼ਤ ਅਤੇ ਮਾਰ ਕੋਈ ਆਮ ਨਹੀਂ। ਬੇਸ਼ੱਕ ਤਕਰੀਬਨ ਸੌ ਵਰ੍ਹੇ ਪਹਿਲਾਂ ਪਲੇਗ ਨੇ ਮਹਾਂਮਾਰੀ ਦੇ ਰੂਪ ‘ਚ ਮਨੁੱਖਤਾ ਨੂੰ ਖੌਫਜ਼ਦਾ ਕੀਤਾ ਸੀ। ਪਰ ਸੰਸਾਰ ਪੱਧਰ ‘ਤੇ ਲੋਕਾਂ ਨੂੰ ਘਰਾਂ ‘ਚ ਵੜਨ ਲਈ ਮਜ਼ਬੂਰ ਕਰ ਦੇਣ ਦੀ ਕੋਰੋਨਾ ਵਾਇਰਸ ਜਿਹੀ ਦਹਿਸ਼ਤ ਕਦੇ ਵੀ ਮਨੁੱਖੀ ਇਤਿਹਾਸ ਦਾ ਹਿੱਸਾ ਨਹੀਂ ਰਹੀ। ਕੋਰੋਨਾ ਵਾਇਰਸ ਦੇ ਖਤਰੇ ਮਨੁੱਖੀ ਜਾਨਾਂ ਦੇ ਨਾਲ-ਨਾਲ ਆਰਥਿਕਤਾ ਲਈ ਬੜੇ ਮਾਰੂ ਹਨ। ਮਾਹਿਰਾਂ ਅਨੁਸਾਰ ਕੋਰੋਨਾ ਕਾਲ ਨਾਲੋਂ ਕੋਰੋਨਾ ਤੋਂ ਬਾਅਦ ਦਾ ਕਾਲ ਕਿਤੇ ਜਿਆਦਾ ਭਿਆਨਕਤਾ ਪੈਦਾ ਕਰਨ ਵਾਲਾ ਹੈ।
Journalist Community | ਕੋਰੋਨਾ ਵਾਇਰਸ ਨਾਲ ਲੜਾਈ ਦੌਰਾਨ ਜਿੱਥੇ ਆਮ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ, ਉੱਥੇ ਡਾਕਟਰ, ਪੁਲਿਸ, ਸਫਾਈ ਕਰਮਚਾਰੀ ਅਤੇ ਕਈ ਤਰ੍ਹਾਂ ਦੇ ਹੋਰ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੌਰਾਨ ਵੀ ਡਿਊਟੀਆਂ ਕਰਨੀਆਂ ਪੈਂਦੀਆਂ ਹਨ। ਇਹਨਾਂ ਡਿਊਟੀਕਾਰਾਂ ਨੂੰ ਫਰੰਟ ਲਾਈਨ ‘ਤੇ ਆ ਕੇ ਲੋਕਾਂ ਦਾ ਬਚਾਅ ਕਰਨਾ ਪੈਂਦਾ ਹੈ। ਜਿੱਥੇ ਕੋਰੋਨਾ ਮਰੀਜ਼ ਨੂੰ ਆਮ ਲੋਕਾਂ ਨਾਲੋਂ ਵੱਖ ਕਰਕੇ ਬਾਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਹੀ ਡਾਕਟਰਾਂ ਨੂੰ ਕੋਰੋਨਾ ਮਰੀਜ਼ ਨਾਲ ਸਿੱਧਾ ਵਾਹ ਪਾਉਣਾ ਪੈਂਦਾ ਹੈ।
ਬਿਨਾਂ ਸ਼ੱਕ ਡਾਕਟਰਾਂ ਵੱਲੋਂ ਇਸ ਦੌਰਾਨ ਪੂਰੀ ਤਰ੍ਹਾਂ ਸਾਵਧਾਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਜਾਨ ਦੇ ਦਰਪੇਸ਼ ਖਤਰੇ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਸੰਸਾਰ ਪੱਧਰ ‘ਤੇ ਡਾਕਟਰਾਂ ਦੇ ਕੋਰੋਨਾ ਪੀੜਤ ਹੋਣ ਤੇ ਅਨੇਕਾਂ ਦਾ ਮੌਤ ਦੇ ਮੂੰਹ ਜਾ ਪੈਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਫਰੰਟ ਲਾਈਨ ਦੇ ਲੜਾਕੂਆਂ ਦੀ ਜਾਨ ਹਮੇਸ਼ਾ ਖਤਰੇ ‘ਚ ਰਹਿੰਦੀ ਹੈ।
ਫਰੰਟ ਲਾਈਨ ਦੇ ਇਹਨਾਂ ਲੜਾਕੂਆਂ ਦਾ ਯੋਗਦਾਨ ਵਿਲੱਖਣ ਹੈ। ਇਹਨਾਂ ਦੀ ਜਾਨ ਨੂੰ ਪੈਰ-ਪੈਰ ‘ਤੇ ਖਤਰਾ ਵੇਖਦਿਆਂ ਸਰਕਾਰਾਂ ਵੱਲੋਂ ਇਹਨਾਂ ਲਈ ਸਿਹਤ ਬੀਮਾ ਸਕੀਮਾਂ ਸਮੇਤ ਕਈ ਪ੍ਰਕਾਰ ਦੀਆਂ ਹੋਰ ਸਕੀਮਾਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ। ਫਰੰਟ ਲਾਈਨ ਦੇ ਇਹਨਾਂ ਲੜਾਕੂਆਂ ਨਾਲ ਕਿਸੇ ਕਿਸਮ ਦੀ ਅਣਹੋਣੀ ਵਾਪਰ ਜਾਣ ਦੀ ਸੂਰਤ ‘ਚ ਮਾਲੀ ਮੱਦਦ ਦੇ ਪ੍ਰਬੰਧ ਕੀਤੇ ਗਏ ਹਨ। ਪਰਿਵਾਰਕ ਮੈਂਬਰਾਂ ਲਈ ਨੌਕਰੀ ਆਦਿ ਦੀਆਂ ਵਿਵਸਥਾਵਾਂ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਹਨ। ਸਮੇਂ ਦੀ ਜਰੂਰਤ ਅਨੁਸਾਰ ਇਹਨਾਂ ਸਾਰੀਆਂ ਵਿਵਸਥਾਵਾਂ ਦੀ ਸਥਾਪਨਾ ਲਈ ਹਕੂਮਤਾਂ ਪ੍ਰਸੰਸਾਂ ਦੀਆਂ ਪਾਤਰ ਹਨ
ਜੇਕਰ ਕੋਰੋਨਾ ਖਿਲਾਫ ਲੜਾਈ ਵਿੱਚ ਪੱਤਰਕਾਰ ਭਾਈਚਾਰੇ ਦੇ ਯੋਗਦਾਨ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਕਿਸੇ ਗੱਲੋਂ ਘੱਟ ਨਹੀਂ ਹੈ। ਪੱਤਰਕਾਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਸਮੇਂ ਘਰਾਂ ਤੋਂ ਬਾਹਰ ਨਿੱਕਲ ਕੇ ਕੰੰਮ ਕੀਤਾ ਜਦੋਂ ਪ੍ਰਸ਼ਾਸਨ ਵੱਲੋਂ ਸਭ ਲੋਕਾਂ ਨੂੰ ਘਰਾਂ ‘ਚ ਰੱਖ ਕੇ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਪੱਤਰਕਾਰਾਂ ਨੇ ਜਿਥੇ ਵੱਖਰੇ ਤੌਰ ‘ਤੇ ਆਪਣੇ ਫਰਜ਼ ਨਿਭਾਏ, ਉੱਥੇ ਹੀ ਪ੍ਰਸ਼ਾਸਨ ਦੇ ਸਹਿਯੋਗੀ ਵਜੋਂ ਵੀ ਕੰਮ ਕੀਤਾ। ਕਰਫਿਊ ਅਤੇ ਲਾਕਡਾਊਨ ਦੀ ਉਲੰਘਣਾ ਕਰਕੇ ਘਰਾਂ ਤੋਂ ਬਾਹਰ ਨਿੱਕਲਣ ਵਾਲੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀਆਂ ਅਪੀਲਾਂ ਕੀਤੀਆਂ ਅਤੇ ਦਲੀਲਾਂ ਦਿੱਤੀਆਂ। ਆਮ ਲੋਕਾਂ ਦੀ ਜ਼ਿੰਦਗੀ ‘ਤੇ ਭਾਰੂ ਪੈਣ ਵਾਲੀ ਹਰ ਉਲੰਘਣਾ ‘ਤੇ ਪੱਤਰਕਾਰਾਂ ਨੇ ਬਾਜ਼ ਅੱਖ ਰੱਖੀ।
Journalist Community | ਪੱਤਰਕਾਰਾਂ ਨੇ ਕੋਰੋਨਾ ਨਾਲ ਜੁੜੀ ਹਰ ਅਫਵਾਹ ਨੂੰ ਜਾਨ ਜੋਖਮ ‘ਚ ਪਾ ਕੇ ਪੜਤਾਲਿਆ ਅਤੇ ਆਮ ਲੋਕਾਂ ਤੱਕ ਸਟੀਕ ਜਾਣਕਾਰੀ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਅਤਿ ਨਾਜ਼ੁਕ ਅਤੇ ਖਤਰੇ ਭਰਪੂਰ ਕੋਰੋਨਾ ਪੀੜਤ ਕਈ ਖੇਤਰਾਂ ਵਿੱਚ ਜਿੱਥੇ ਸਿਰਫ ਸਿਹਤ ਅਤੇ ਪੁਲਿਸ ਵਿਭਾਗ ਨੂੰ ਹੀ ਜਾਣ ਦੀ ਇਜਾਜ਼ਤ ਸੀ ਪਰ ਪੱਤਰਕਾਰਾਂ ਨੇ ਉੱਥੇ ਵੀ ਜਾਣ ਤੋਂ ਪਰਵਾਹ ਨਹੀਂ ਕੀਤੀ। ਪ੍ਰਸ਼ਾਸਨਿਕ ਮਨਜੂਰੀ ਨਾਲ ਅਜਿਹੇ ਖੇਤਰਾਂ ‘ਚ ਪੁੱਜ ਕੇ ਵੀ ਆਮ ਲੋਕਾਂ ਨੂੰ ਹਕੀਕਤ ਦੇ ਰੂਬਰੂ ਕਰਵਾਇਆ।
ਹੋਰ ਤਾਂ ਹੋਰ ਪੱਤਰਕਾਰਾਂ ਨੇ ਤਾਂ ਕੋਰੋਨਾ ਮਰੀਜਾਂ ਦਾ ਹੌਂਸਲਾ ਵੀ ਵਧਾਉਣ ਤੋਂ ਪਿੱਠ ਨਹੀਂ ਵਿਖਾਈ। ਪੱਤਰਕਾਰਾਂ ਨੇ ਕੋਰੋਨਾ ਮਰੀਜਾਂ ਅਤੇ ਉਹਨਾਂ ਦੇ ਵਾਰਿਸਾਂ ਦੀ ਆਵਾਜ਼ ਵੀ ਪ੍ਰਸ਼ਾਸਨ ਤੱਕ ਪਹੁੰਚਦੀ ਕੀਤੀ। ਕੋਰੋਨਾ ਖਿਲਾਫ ਲੜਾਈ ‘ਚ ਪੱਤਰਕਾਰਾਂ ਦਾ ਯੋਗਦਾਨ ਬਹੁਤ ਵਿਸ਼ਾਲ ਰਿਹਾ ਅਤੇ ਜਾਰੀ ਹੈ। ਪੱਤਰਕਾਰਾਂ ਨੇ ਜਿੱਥੇ ਆਮ ਲੋਕਾਂ ਨੂੰ ਘਰ ਬੈਠਿਆਂ ਹੀ ਕੋਰੋਨਾ ਨਾਲ ਜੁੜੀ ਸਹੀ ਜਾਣਕਾਰੀ ਮੁਹੱਈਆ ਕਰਵਾਈ, ਉੱਥੇ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਆਮ ਲੋਕਾਂ ਨੂੰ ਲਾਕਡਾਊਨ ਅਤੇ ਕਰਫਿਊ ਦੀਆਂ ਪਾਬੰਦੀਆਂ ਲਈ ਮਾਨਸਿਕ ਤੌਰ ‘ਤੇ ਤਿਆਰ ਵੀ ਕੀਤਾ।
ਦੂਜੇ ਪਾਸੇ ਪੱਤਰਕਾਰਾਂ ਨੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ। ਕਿੰਨੇ ਹੀ ਲੋਕਾਂ ਦੀਆਂ ਖਾਣੇ ਨਾਲ ਜੁੜੀਆਂ ਅਤੇ ਹੋਰ ਸਮੱਸਿਆਵਾਂ ਪੱਤਰਕਾਰਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਨਾਲ ਹੱਲ ਹੋਈਆਂ ਹਨ। ਪ੍ਰਵਾਸੀ ਮਜਦੂਰਾਂ ਦੀਆਂ ਤਮਾਮ ਸਮੱਸਿਆਵਾਂ ਵੀ ਪੱਤਰਕਾਰਾਂ ਦੀ ਬਦੌਲ਼ਤ ਹੀ ਹੱਲ ਹੋਈਆਂ ਹਨ।ਪੱਤਰਕਾਰਾਂ ਵੱਲੋਂ ਉਹਨਾਂ ਖੇਤਰਾਂ ਤੱਕ ਵੀ ਪਹੁੰਚ ਬਣਾਈ ਜਿੱਥੇ ਹਕੂਮਤਾਂ ਲਈ ਪਹੁੰਚਣਾ ਅਸਾਨ ਨਹੀਂ ਸੀ। ਇਸ ਦੌਰਾਨ ਪੱਤਰਕਾਰਾਂ ਨੇ ਸਮਾਜ ਸੇਵਾਂ ਦੇ ਫਰਜ਼ ਨੂੰ ਵੀ ਨਹੀਂ ਵਿਸਾਰਿਆ। ਬਹੁਤ ਸਾਰੀਆਂ ਪੱਤਰਕਾਰ ਸੰਸਥਾਵਾਂ ਤੇ ਅਖਬਾਰੀ ਅਦਾਰਿਆਂ ਨੇ ਲੋੜਵੰਦਾਂ ਲਈ ਖਾਣਾ ਅਤੇ ਹੋਰ ਸਮੱਗਰੀ ਪਹੁੰਚਦੀ ਕੀਤੀ।
ਪਰ ਕੋਰੋਨਾ ਖਿਲਾਫ ਲੜਾਈ ‘ਚ ਬਹੁਪੱਖੀ ਯੋਗਦਾਨ ਦੇਣ ਵਾਲਾ ਪੱਤਰਕਾਰ ਭਾਈਚਾਰਾ ਸਹੂਲਤਾਂ ਪ੍ਰਦਾਨ ਕਰਨ ਸਮੇਂ ਹਾਸ਼ੀਏ ‘ਤੇ ਧਕੇਲਿਆ ਪ੍ਰਤੀਤ ਹੁੰਦਾ ਹੈ। ਜਾਨ ਜੋਖਮ ‘ਚ ਪਾ ਕੇ ਕੋਰੋਨਾ ਖਿਲਾਫ ਜੰਗ ਦੇ ਫਰੰਟ ਲਾਈਨ ਲੜਾਕੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਵਾਲੇ ਪੱਤਰਕਾਰਾਂ ਲਈ ਕਿਸੇ ਕਿਸਮ ਦੀ ਬੀਮਾ ਯੋਜਨਾ ਜਾਂ ਕੋਈ ਹੋਰ ਸਹਾਇਤਾ ਸਕੀਮ ਅਮਲ ਵਿੱਚ ਨਹੀਂ ਲਿਆਂਦੀ ਗਈ। ਪ੍ਰਸ਼ਾਸਨ ਦੇ ਸਹਿਯੋਗੀ ਅਤੇ ਆਮ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਤਰਕਾਰ ਭਾਈਚਾਰੇ ਲਈ ਵੀ ਸਿਹਤ ਬੀਮਾ ਯੋਜਨਾ ਪ੍ਰਵਾਨ ਕੀਤੀ ਜਾਣੀ ਬਣਦੀ ਹੈ। ਇਸ ਲੜਾਈ ਬਦਲੇ ਪੱਤਰਕਾਰ ਭਾਈਚਾਰਾ ਵੀ ਬਾਕੀ ਲੜਾਕੂਆਂ ਵਾਂਗ ਹੀ ਫੁੱਲਾਂ ਦੀ ਵਰਖਾ ਦਾ ਹੱਕਦਾਰ ਹੈ।
ਸ਼ਕਤੀ ਨਗਰ ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।