Anmol Bachan | ਸਿਮਰਨ ਨਾਲ ਹੁੰਦੀ ਐ ਬੁਰਾਈਆਂ ‘ਤੇ ਜਿੱਤ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ, ਫ਼ਕੀਰ ਇੱਕ ਹੀ ਸੰਦੇਸ਼ ਦਿੰਦੇ ਹਨ ਕਿ ਭਗਤੀ-ਇਬਾਦਤ ਕਰੋ, ਸਿਮਰਨ ਕਰੋ। ਹਰ ਸਮੇਂ ਇੱਕ ਹੀ ਚਰਚਾ ਫ਼ਕੀਰ ਕਰਦੇ ਹਨ ਕਿ ਚੰਗੇ-ਨੇਕ ਕਰਮ ਕਰੋ, ਸਿਮਰਨ ਕਰੋ। ਸਿਮਰਨ ਕਰਨ ਨਾਲ ਇਨਸਾਨ ਆਪਣੀਆਂ ਅੰਦਰਲੀਆਂ ਬੁਰਾਈਆਂ, ਅੰਦਰਲੇ ਬੁਰੇ ਵਿਚਾਰਾਂ, ਪਾਪ-ਕਰਮਾਂ ‘ਤੇ ਜਿੱਤ ਹਾਸਲ ਕਰ ਲੈਂਦਾ ਹੈ।
ਬੁਰੇ ਵਿਚਾਰ ਫਿਰ ਇਨਸਾਨ ਨੂੰ ਆਪਣੇ ਨਾਲ ਚੱਲਣ ‘ਤੇ ਮਜ਼ਬੂਰ ਨਹੀਂ ਕਰਦੇ। ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਨੂੰ ਸੁਖ ਮਿਲੇ, ਸ਼ਾਂਤੀ ਮਿਲੇ ਅਤੇ ਹਰ ਇਨਸਾਨ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣੇ, ਇਸ ਲਈ ਹੀ ਪੀਰ-ਫ਼ਕੀਰ ਸਭ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ, ਪ੍ਰਭੂ ਦਾ ਨਾਮ ਲੈਣ ਲਈ ਪ੍ਰੇਰਣਾ ਦਿੰਦੇ ਹਨ ਅਤੇ ਸੰਤਾਂ ਨੇ ਕਿਸੇ ਤੋਂ ਪ੍ਰਭੂ ਦਾ ਨਾਮ ਜਪਵਾ ਕੇ ਆਪਣੇ ਲਈ ਕੋਈ ਰੁਪਏ ਇਕੱਠੇ ਨਹੀਂ ਕਰਨੇ ਹੁੰਦੇ।
ਉਨ੍ਹਾਂ ਦਾ ਤਾਂ ਇੱਕ ਹੀ ਮਕਸਦ, ਇੱਕ ਹੀ ਉਦੇਸ਼ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਹਰ ਪ੍ਰਾਣੀ ਨੂੰ ਸੁਖ ਮਿਲੇ। ਜਿਵੇਂ ਘਰ-ਗ੍ਰਹਿਸਥ ਵਿੱਚ ਰਹਿੰਦੇ ਹੋਏ, ਜੋ ਗ੍ਰਹਿਸਥੀ-ਦੁਨਿਆਵੀ ਲੋਕ ਹਨ, ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਘਰ, ਉਨ੍ਹਾਂ ਦੀ ਔਲਾਦ, ਉਨ੍ਹਾਂ ਦਾ ਪਰਿਵਾਰ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੇ , ਦੂਜਿਆਂ ਨਾਲ ਕੋਈ ਮਤਲਬ ਨਹੀਂ, ਦੂਜੇ ਜਾਣ ਖੂਹ ਵਿੱਚ। ਕਹਿੰਦਾ ਹੈ ਮੇਰੇ ਵਾਲੇ ਸੁਖੀ ਵੱਸਣ, ਉਨ੍ਹਾਂ ਨੂੰ ਪੈਸਾ ਮਿਲੇ, ਉਨ੍ਹਾਂ ਨੂੰ ਸਭ-ਕੁਝ ਮਿਲੇ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ। 99 ਫੀਸਦੀ ਲੋਕਾਂ ਦਾ, ਜੋ ਗ੍ਿਰਹਸਥੀ ਹਨ, ਉਨ੍ਹਾਂ ਦਾ ਇਹੀ ਨਿਸ਼ਾਨਾ ਹੁੰਦਾ ਹੈ, ਨਿਸ਼ਾਨਾ ਹੁੰਦਾ ਹੈ ਜੀਵਨ ਜਿਉਣ ਦਾ।
Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਫ਼ਕੀਰ, ਸੰਤ ਹੁੰਦਾ ਹੈ, ਉਸ ਦਾ ਨਿਸ਼ਾਨਾ ਕੋਈ ਹੋਰ ਹੁੰਦਾ ਹੈ। ਜਿਸ ਤਰ੍ਹਾਂ ਇੱਕ ਘਰ- ਪਰਿਵਾਰ ਵਿੱਚ ਰਹਿਣ ਵਾਲੇ ਮੁਖੀ ਦਾ ਸਾਰਾ ਧਿਆਨ ਆਪਣੇ ਭਾਈ-ਭੈਣ, ਪੁੱਤਰ-ਧੀ, ਪਰਿਵਾਰ ‘ਤੇ ਹੁੰਦਾ ਹੈ ਕਿ ਉਨ੍ਹਾਂ ਨੂੰ ਚੰਗਾ ਮਿਲੇ, ਉਹ ਚੰਗੇ ਬਣਨ, ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰਾਂ ਦਾ ਵੀ ਨਿਸ਼ਾਨਾ ਹੁੰਦਾ ਹੈ ਕਿ ਸਭ ਉਸ ਮਾਲਕ ਦੀ ਔਲਾਦ ਹਨ, ਫ਼ਕੀਰ ਚਾਹੁੰਦਾ ਹੈ ਕਿ ਜਦੋਂ ਮਾਲਕ ਦੇ ਸਿਮਰਨ, ਸੇਵਾ, ਸਤਿਸੰਗ ਨਾਲ ਸੰਤ, ਪੀਰ-ਫ਼ਕੀਰ ਮਾਲਕ ਦੇ ਰਹਿਮੋ-ਕਰਮ, ਲੱਜ਼ਤ-ਅੰਮ੍ਰਿਤ, ਆਬੋ-ਹਿਯਾਤ ਨਾਲ ਮਾਲਾ-ਮਾਲ ਹੋ ਜਾਂਦੇ ਹਨ ਅਤੇ ਇਹੀ ਉਨ੍ਹਾਂ ਦਾ ਟੀਚਾ, ਨਿਸ਼ਾਨਾ ਹੁੰਦਾ ਹੈ ਕਿ ਮਾਲਕ ਦੀ ਜਿੰਨੀ ਵੀ ਔਲਾਦ ਹੈ ਉਹ ਵੀ ਪ੍ਰਭੂ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਜ਼ਰੂਰ ਹੋ ਜਾਵੇ।
ਉਹ ਪੀਰ-ਫ਼ਕੀਰ ਸਾਰਿਆਂ ਲਈ ਸੋਚਦੇ ਹਨ, ਕਿਉਂਕਿ ਜੋ ਤਿਆਗੀ, ਤਪੱਸਵੀ ਹੈ, ਉਨ੍ਹਾਂ ਦਾ ਫਰਜ਼ ਇਹੀ ਹੁੰਦਾ ਹੈ ਕਿ ਉਹ ਦੂਜਿਆਂ ਦਾ ਭਲਾ ਸੋਚਣ, ਖੁਦ ਥੋੜ੍ਹਾ ਦੁੱਖ ਉਠਾਉਣ ਅਤੇ ਦੂਜਿਆਂ ਨੂੰ ਸੁਖ ਪਹੁੰਚਾਉਣ। ਤਾਂ ਜੋ ਅਜਿਹਾ ਸੋਚਦੇ ਹਨ, ਅਮਲ ਕਰਦੇ ਹਨ, ਯਕੀਨਨ ਉਹ ਮਾਲਕ ਦੇ ਬਹੁਤ ਪਿਆਰੇ ਭਗਤ ਹੁੰਦੇ ਹਨ।
ਤਾਂ ਸੰਤ, ਪੀਰ-ਫ਼ਕੀਰਾਂ ਦਾ ਇਹ ਨਿਸ਼ਾਨਾ ਹੁੰਦਾ ਹੈ ਕਿ ਸ੍ਰਿਸ਼ਟੀ ਦਾ ਭਲਾ ਹੋਵੇ ਅਤੇ ਹਰ ਪ੍ਰਾਣੀ ਮਾਲਕ ਦੀ ਦਇਆ-ਦ੍ਰਿਸ਼ਟੀ ਨਾਲ, ਦਇਆ-ਮਿਹਰ, ਰਹਿਮਤ ਨਾਲ ਖੁਸ਼ੀਆਂ ਹਾਸਲ ਕਰੇ। ਗ਼ਮ, ਚਿੰਤਾ-ਪਰੇਸ਼ਾਨੀਆਂ ਲੋਕਾਂ ਨੂੰ ਨਾ ਹੋਣ, ਉਸ ‘ਚ ਬਰਦਾਸ਼ਤ ਸ਼ਕਤੀ ਵਧੇ ਤਾਂਕਿ ਆਪਸੀ ਝਗੜੇ ਨਾ ਹੋਣ। ਈਰਖਾ, ਨਫ਼ਰਤ ਨਾ ਹੋਵੇ, ਕੋਈ ਕਿਸੇ ਦੀ ਲੱਤ-ਖਿਚਾਈ ਨਾ ਕਰੇ। ਤਾਂ ਸੰਤ, ਪੀਰ-ਫ਼ਕੀਰ ਦੁਨੀਆਂ ਵਿੱਚ ਆਉਣ ਦਾ ਇਹੀ ਮਕਸਦ ਰੱਖਦੇ ਹਨ। ਉਨ੍ਹਾਂ ਦੀ ਸੋਚ ਸਰਵ-ਵਿਆਪਕ, ਸਾਰਿਆਂ ਲਈ ਹੁੰਦੀ ਹੈ, ਸਰਵ-ਸਾਂਝੀ ਹੁੰਦੀ ਹੈ।
ਆਪ ਜੀ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਨੂੰ ਸਿਮਰਨ ਕਰਨਾ ਚਾਹੀਦਾ ਹੈ ਅਤੇ ਸਿਮਰਨ ‘ਤੇ ਕੋਈ ਜ਼ੋਰ ਨਹੀਂ ਲੱਗਦਾ। ਲੇਟ ਕੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਅਤੇ ਤੁਸੀਂ ਯਕੀਨ ਮੰਨੋ ਕਿ ਜੋ ਸੇਵਾ-ਸਿਮਰਨ ਲਗਨ ਨਾਲ ਕਰਦਾ ਹੈ, ਜਿਸ ਦੇ ਅੰਦਰ ਮਾਲਕ ਦੇ ਖ਼ਜ਼ਾਨੇ ਹਨ, ਉਹ ਜ਼ਰਾ-ਜ਼ਰਾ ਜਿੰਨੀ ਗੱਲ ‘ਤੇ ਕਦੇ ਪਾਰਾ ਉੱਪਰ-ਹੇਠਾਂ ਲੈ ਕੇ ਨਹੀਂ ਜਾਂਦਾ। ਉਹ ਇੱਕ-ਰਸ ਆਪਣੀ ਜ਼ਿੰਦਗੀ ਬਣਾ ਲੈਂਦਾ ਹੈ। ਨਾ ਹੀ ਉਸ ਨੂੰ ਗ਼ਮਾਂ ਦੀ ਮਾਰ ਤੋੜ ਸਕਦੀ ਹੈ ਤੇ ਨਾ ਹੀ ਖੁਸ਼ੀਆਂ-ਬਹਾਰਾਂ ਉਸ ਨੂੰ ਮਾਲਕ ਤੋਂ ਦੂਰ ਕਰ ਸਕਦੀਆਂ ਹਨ, ਭਾਵ ਖੁਸ਼ੀਆਂ ‘ਚ ਭਟਕਦਾ ਨਹੀਂ ਅਤੇ ਗ਼ਮ ਜਾਂ ਕੋਈ ਚਿੰਤਾ ਆਉਂਦੀ ਹੈ ਤਾਂ ਉਸ ਵਿੱਚ ਉਹ ਟੁੱਟਦਾ ਨਹੀਂ।
ਮਾਲਕ ਦੀ ਦਇਆ-ਦ੍ਰਿਸ਼ਟੀ ਨਾਲ, ਰਹਿਮੋ-ਕਰਮ ਨਾਲ ਉਹ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ। ਉਹ ਪ੍ਰਭੂ ਤੋਂ ਪ੍ਰਭੂ ਨੂੰ ਮੰਗਦਾ ਹੋਇਆ, ਪ੍ਰਭੂ ਤੋਂ ਪ੍ਰਭੂ ਦੀ ਖਲਕਤ ਦਾ ਭਲਾ ਮੰਗਦਾ ਹੋਇਆ ਉਹ ਕਦਮ ਅੱਗੇ ਵਧਾਉਂਦਾ ਹੈ। ਕਦੇ ਵੀ ਕਿਸੇ ਵੀ ਗੰਦਗੀ ਵੱਲ ਉਹ ਨਹੀਂ ਵਧਦਾ। ਯਕੀਨ ਮੰਨੋ ਅਜਿਹਾ ਜੀਵ, ਜਿਸ ਦੇ ਅੰਦਰ ਅਜਿਹਾ ਪਿਆਰ, ਅਜਿਹੇ ਵਿਚਾਰ ਹਨ, ਭਗਤੀ-ਭਾਵਨਾ ਹੈ ਉਹ ਮਾਲਕ ਦੇ ਅਤੀ ਪਿਆਰੇ ਬਣ ਜਾਂਦੇ ਹਨ। ਅਤੇ ਉਨ੍ਹਾਂ ‘ਤੇ ਮਾਲਕ ਦੀ ਦਇਆ, ਮਿਹਰ, ਰਹਿਮਤ ਜ਼ਰੂਰ ਵਰਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।