ਬਿਜਲੀ ਦੀ ਮੰਗ 7700 ਮੈਗਾਵਾਟ ‘ਤੇ ਪੁੱਜੀ, ਪਿਛਲੇ ਸਾਲ ਸੀ 6774 ਮੈਗਾਵਾਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤੰਦੂਰ ਵਾਂਗ ਤਪ ਰਹੇ ਪੰਜਾਬ ਅੰਦਰ ਬਿਜਲੀ ਦੀ ਮੰਗ ਵਿੱਚ ਇਕਦਮ ਵੱਡਾ ਵਾਧਾ ਹੋ ਗਿਆ ਹੈ। ਬਿਜਲੀ ਦੀ ਮੰਗ ਅੱਜ ਛੜੱਪੇ ਨਾਲ 7700 ਮੈਗਾਵਾਟ ‘ਤੇ ਪੁੱਜ ਗਈ ਹੈ। ਬਿਜਲੀ ਦੀ ਵਧਦੀ ਮੰਗ ਕਾਰਨ ਪਾਵਰਕੌਮ ਵੱਲੋਂ ਪ੍ਰਾਈਵੇਟ ਥਰਮਲਾਂ ਦੇ ਯੂਨਿਟ ਭਖਾਉਣੇ ਸ਼ੁਰੂ ਕਰ ਦਿੱਤੇ ਹਨ। ਉਂਜ ਪਾਵਰਕੌਮ ਨੇ ਸੂਬੇ ਅੰਦਰ ਅਣਐਲਾਨੇ ਬਿਜਲੀ ਕੱਟ ਵੀ ਸ਼ੁਰੂ ਕਰ ਦਿੱਤੇ ਹਨ,
ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਸੂਬੇ ਅੰਦਰ ਪਾਰਾ 43 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਤੇ ਲੋਆਂ ਦੇ ਥਪੇੜਿਆਂ ਨੇ ਲੋਕਾਂ ਨੂੰ ਘਰਾਂ ਅੰਦਰ ਵਾੜ ਦਿੱਤਾ ਹੈ। ਗਰਮੀ ਦੇ ਵੱਧਣ ਕਾਰਨ ਬਿਜਲੀ ਦੀ ਮੰਗ ਵਿੱਚ ਬੇਹਤਾਸਾ ਵਾਧਾ ਦਰਜ਼ ਕੀਤਾ ਗਿਆ ਹੈ।
Electricity Demand | 13 ਮਈ ਨੂੰ ਸੂਬੇ ਅੰਦਰ ਬਿਜਲੀ ਦੀ ਮੰਗ ਸਿਰਫ਼ 5671 ਮੈਗਾਵਾਟ ਸੀ, ਜੋ ਕਿ ਦਿਨਾਂ ਵਿੱਚ ਹੀ 2029 ਮੈਗਾਵਾਟ ਵੱਧਦਿਆਂ 7700 ਮੈਗਾਵਾਟ ‘ਤੇ ਪੁੱਜ ਗਈ ਹੈ। ਲਗਭਗ 12 ਦਿਨ ਪਹਿਲਾਂ ਸੂਬੇ ਅੰਦਰ ਠੰਢਕ ਵਾਲਾ ਮੌਸਮ ਸੀ, ਜੋ ਕਿ ਕੁਝ ਦਿਨਾਂ ‘ਚ ਹੀ ਭੱਠੀ ਵਾਂਗ ਤਪਣ ਲੱਗਾ ਹੈ।
ਅਗਲੇ ਦਿਨਾਂ ਦੌਰਾਨ ਤਾਪਮਾਨ ‘ਚ ਹੋਰ ਵਾਧਾ ਹੋਣ ਕਰਕੇ ਬਿਜਲੀ ਦੀ ਮੰਗ ਵੱਧਣਾ ਯਕੀਨੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਬਿਜਲੀ ਦੀ ਮੰਗ 6774 ਮੈਗਾਵਾਟ ਸੀ। ਪਾਵਰਕੌਮ ਵੱਲੋਂ 5862 ਮੈਗਾਵਾਟ ਬਿਜਲੀ ਦੀ ਖਰੀਦ ਕੀਤੀ ਜਾ ਰਹੀ ਹੈ ਜਦਕਿ ਪਿਛਲੇ ਸਾਲ 4312 ਮੈਗਾਵਾਟ ਖਰੀਦ ਕੀਤੀ ਸੀ। ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ ਅਜੇ ਆਪਣੇ ਸਰਕਾਰੀ ਥਰਮਲ ਪਲਾਂਟ ਤਾਂ ਬੰਦ ਕੀਤੇ ਹੋਏ ਹਨ ਅਤੇ ਪ੍ਰਾਈਵੇਟ ਥਰਮਲਾਂ ਨੂੰ ਭਖਾਉਣਾ ਸ਼ੁਰੂ ਕਰ ਦਿੱਤਾ ਹੈ।
Electricity Demand | ਪਿਛਲੇ ਦਿਨੀਂ ਰਾਜਪੁਰਾ ਪ੍ਰਾਈਵੇਟ ਥਰਮਲ ਪਲਾਂਟ ਦੇ ਯੂਨਿਟ ਚਾਲੂ ਕਰ ਦਿੱਤੇ ਗਏ ਹਨ। ਕੋਰੋਨਾ ਸੰਕਟ ਤੋਂ ਬਾਅਦ ਸੂਬੇ ਅੰਦਰ ਜਿਆਦਤਾਰ ਫੈਕਟਰੀਆਂ ਅਤੇ ਉਦਯੋਗਾਂ ‘ਚ ਕੰਮ ਸ਼ੁਰੂ ਹੋ ਗਏ ਹਨ, ਜਿਸ ਕਾਰਨ ਬਿਜਲੀ ਦੀ ਖ਼ਪਤ ਵਧੀ ਹੈ।
ਦਿਹਾਤੀ ਖੇਤਰਾਂ ਵਿੱਚ ਪਾਵਰਕੌਮ ਨੇ ਕੱਟਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਦਿਨ ਵਿੱਚ ਕਈ-ਕਈ ਘੰਟੇ ਬਿਜਲੀ ਗੁੱਲ ਹੋਣ ਲੱਗੀ ਹੈ। ਬਠੋਈ ਕਲਾਂ ਦੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਦੋ ਦਿਨਾਂ ਤੋਂ ਬਿਜਲੀ ਦਿਨ ‘ਚ ਵੀ ਹੈਰਾਨ ਕਰ ਰਹੀ ਹੈ ਅਤੇ ਦੋ-ਤਿੰਨ ਘੰਟੇ ਬੱਤੀ ਗੁੱਲ ਹੋ ਰਹੀ ਹੈ।
ਪਾਵਰਕੌਮ ਵੱਲੋਂ ਆਪਣੇ ਸਡਿਊਲ ਵਿੱਚ ਕਿਸੇ ਤਰ੍ਹਾਂ ਦੇ ਕੱਟਾਂ ਤੋਂ ਇਨਕਾਰ ਕੀਤਾ ਹੈ। ਜਿਕਰਯੋਗ ਹੈ ਕਿ ਸੂਬੇ ਅੰਦਰ ਝੋਨੇ ਤੇ ਗਰਮੀ ਦੇ ਸੀਜ਼ਨ ‘ਚ ਬਿਜਲੀ ਦੀ ਮੰਗ 15000 ਮੈਗਾਵਾਟ ਨੂੰ ਛੂਹ ਜਾਂਦੀ ਹੈ, ਜੋ ਕਿ ਪਾਵਰਕੌਮ ਲਈ ਮੁਸ਼ਕਿਲ ਦੀ ਘੜੀ ਹੁੰਦੀ ਹੈ।
ਪਾਵਰਕੌਮ ਉੱਚੀ ਤੋਂ ਉੱਚੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ : ਬਲਦੇਵ ਸਿੰਘ ਸਰਾਂ
Electricity Demand| ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਗਰਮੀ ਤੇ ਝੋਨੇ ਦੇ ਸੀਜ਼ਨ ਦੀਆਂ ਪਹਿਲਾਂ ਹੀ ਤਿਆਰੀਆਂ ਵਿੱਢੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਗਰਮੀ ਵਧਣ ਕਾਰਨ ਹੀ ਬਿਜਲੀ ਦੀ ਡਿਮਾਂਡ ‘ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ‘ਚ ਵੀ ਕਿਸੇ ਵਰਗ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਪਾਵਰਕੌਮ ਉੱਚੀ ਤੋਂ ਉੱਚੀ ਮੰਗ ਨੂੰ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।