ਕੋਰੋਨਾ ਵਾਇਰਸ ਦਾ ਸਮਾਜਿਕ ਰਿਸ਼ਤਿਆਂ ‘ਤੇ ਅਸਰ
ਪਿਛਲੇ ਕੁੱਝ ਮਹੀਨਿਆਂ ਤੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਭ ਦੇਸ਼ਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕੇ ਹਨ। ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਤਾਲਾਬੰਦੀ ਵਰਗੀਆਂ ਪਾਬੰਦੀਆਂ ਦਾ ਐਲਾਨ ਵੀ ਕੀਤਾ ਹੈ। ਤਾਲਾਬੰਦੀ ਤੋਂ ਬਾਅਦ ਲੋਕਾਂ ਦੀ ਆਮ ਜਿੰਦਗੀ ਜਿਸ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ, ਉਹ ਜੱਗ ਜਾਹਿਰ ਹੈ। ਇਸ ਨੇ ਸਾਡੇ ਸਮਾਜਿਕ ਤੇ ਆਰਥਿਕ ਜੀਵਨ ਨੂੰ ਜੜ੍ਹੋਂ ਹਿਲਾ ਕੇ ਰੱਖ ਦਿੱਤਾ ਹੈ।
ਕਿਉਂਕਿ ਆਰਥਿਕਤਾ ਨੂੰ ਸਮਾਜ ਦੀ ਨੀਂਹ ਮੰਨਿਆ ਜਾਂਦਾ ਹੈ। ਬਿਮਾਰੀ ਦਾ ਸ਼ਿਕਾਰ ਹੋਣ ਦਾ ਡਰ ਵਿਅਕਤੀ ਦੀ ਮਾਨਸਿਕ ਸਥਿਤੀ ਨੂੰ ਝੰਜੋੜ ਹੀ ਰਿਹਾ ਹੈ, ਪਰ ਦੂਜੇ ਪਾਸੇ, ਇਸ ਸਮੇਂ ਹਰ ਵਿਅਕਤੀ ਆਪਣੀ ਵਰਤਮਾਨ ਸਥਿਤੀ ਅਤੇ ਭਵਿੱਖ ਨੂੰ ਲੈ ਕੇ ਡਰ ਅਤੇ ਚਿੰਤਾ ਨਾਲ ਘਿਰਿਆ ਹੋਇਆ ਹੈ।
ਮਹਾਂਮਾਰੀ ਕਾਰਨ ਅਰਥਵਿਵਸਥਾ ਉੱਪਰ ਜੋ ਪ੍ਰਭਾਵ ਪਏਗਾ, ਉਸ ਦੇ ਨਤੀਜੇ ਤਾਂ ਅਜੇ ਸਾਹਮਣੇ ਆਉਣੇ ਬਾਕੀ ਹਨ ਪਰ ਅਰਥਵਿਵਸਥਾ ਤੋਂ ਬਿਨਾ ਮਹਾਂਮਾਰੀ ਬਾਕੀ ਸਮਾਜਿਕ ਤਾਣੇ-ਬਾਣੇ ‘ਤੇ ਜੋ ਅਸਰ ਪਾ ਰਹੀ ਹੈ ਉਸ ਨੂੰ ਵਿਚਾਰਨ ਦੀ ਲੋੜ ਹੈ।
ਅਰਥਵਿਵਸਥਾ ਅਤੇ ਸਿਹਤ ਦੇ ਨਾਲ-ਨਾਲ ਸਮਾਜਿਕ ਰਿਸ਼ਤੇ, ਜੋ ਸਮਾਜ ਦੇ ਨਿਰਮਾਣ ਅਤੇ ਬਣੇ ਰਹਿਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਵੀ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਸਮਾਜਿਕ ਦੂਰੀ ਦਾ ਸੰਕਲਪ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਵਰਤੋਂ ਵਿੱਚ ਲਿਆਂਦਾ ਗਿਆ ਜਿਸਦਾ ਮਤਲਬ ਹੈ ਕਿ ਵਿਅਕਤੀ ਸਰੀਰਕ ਤੌਰ ‘ਤੇ ਇੱਕ-ਦੂਜੇ ਤੋਂ ਦੂਰ ਰਹਿਣ ਤਾਂ ਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਫੈਲ ਸਕੇ ।
ਸਭ ਦੇਸ਼ਾਂ ਨੇ ਲੋਕਾਂ ਵਿੱਚ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ। ਪਰ ਸਮਾਜਿਕ ਦੂਰੀ ਦੇ ਇਸ ਸੰਕਲਪ ਦਾ ਨਤੀਜਾ ਸਮਾਜਿਕ ਰਿਸ਼ਤਿਆਂ ਵਿੱਚ ਦੂਰੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਕਰੋਨਾ ਵਾਇਰਸ ਦਾ ਡਰ ਲੋਕਾਂ ਦੀ ਸੋਚ, ਵਿਵਹਾਰ ਅਤੇ ਕਾਰਜਾਂ ਉੱਪਰ ਦੇਖਿਆ ਜਾ ਸਕਦਾ ਹੈ। ਇੱਕ ਆਮ ਵਿਅਕਤੀ ਲਈ ਇਹ ਡਰ ਸੁਭਾਵਿਕ ਵੀ ਹੈ ਕਿਉਂਕਿ ਉਸ ਦੇ ਆਲੇ-ਦੁਆਲੇ ਸਿਰਜਿਆ ਗਿਆ ਮਾਹੌਲ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਿਹਾ ਹੈ।
ਮੀਡੀਆ ਵੱਲੋਂ ਹਰ ਪਾਸੇ ਕਰੋਨਾ ਵਾਇਰਸ ਨਾਲ ਸਬੰਧਤ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਵਿਅਕਤੀ ਦਿਨ ਵਿੱਚ ਕਈ-ਕਈ ਵਾਰ ਕਰੋਨਾ ਦੇ ਪੋਜੀਟਿਵ ਕੇਸਾਂ ਅਤੇ ਮੌਤਾਂ ਦੇ ਅੰਕੜੇ ਦੇਖਣ ਦਾ ਆਦੀ ਹੋ ਚੁੱਕਾ ਹੈ। ਤਾਲਾਬੰਦੀ ਕਾਰਨ ਰੋਜਾਨਾ ਦੇ ਕੰਮ-ਧੰਦੇ ਬੰਦ ਹੋਣ ਤੋਂ ਬਾਅਦ ਵਿਅਕਤੀ ਸਿਰਫ ਕਰੋਨਾ, ਮੌਤ, ਡਰ ਅਤੇ ਇਸ ਤੋਂ ਬਚਾਅ ਦੇ ਤਰੀਕੇ ਸੋਚਣ ਲਈ ਮਜਬੂਰ ਹੋ ਗਿਆ ਹੈ।
ਜਿਸ ਕਾਰਨ ਆਪਣਿਆਂ ਤੋਂ ਇੱਕ ਡਰ ਦੀ ਭਾਵਨਾ ਹਰ ਇੱਕ ਵਿਅਕਤੀ ਦੀ ਸੋਚ ਅਤੇ ਮਨ ਵਿੱਚ ਘਰ ਕਰ ਗਈ ਹੈ। ਉਹ ਨੌਕਰੀ ਜਾਂ ਕਿਸੇ ਜਰੂਰੀ ਕੰਮ ਕਾਰਨ ਘਰੋਂ ਬਾਹਰ ਜਾ ਰਹੇ ਪਰਿਵਾਰਕ ਮੈਂਬਰਾਂ, ਗੁਆਂਢੀਆਂ, ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੋਂ ਜਾਨ ਨੂੰ ਖਤਰਾ ਮਹਿਸੂਸ ਕਰ ਰਿਹਾ ਹੈ।
ਕਈ ਥਾਵਾਂ ਉੱਪਰ ਔਲਾਦ ਵੱਲੋਂ ਜਨਮ ਦੇਣ ਅਤੇ ਪਾਲਣ-ਪੋਸ਼ਣ ਲਈ ਹਰ ਦੁੱਖ-ਦਰਦ ਸਹਿਣ ਵਾਲੇ ਮਾਤਾ-ਪਿਤਾ, ਜਿਨ੍ਹਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ, ਦੀ ਲਾਸ਼ ਲੈਣ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ। ਮੌਤ ਵਰਗੇ ਦੁੱਖ ਵਿੱਚ ਲੋਕ ਇੱਕ-ਦੂਜੇ ਦਾ ਦੁੱਖ ਵੰਡਾਉਣ ਤੋਂ ਡਰ ਰਹੇ ਹਨ। ਇਸ ਮਹਾਂਮਾਰੀ ਨੇ ਮਨੁੱਖ ਨੂੰ ਸਿਰਫ ਆਪਣੇ ਬਾਰੇ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ।
ਜਦਕਿ ਮਨੁੱਖ ਦੀ ਸਮਾਜ ਵਿੱਚ ਰਹਿਣ ਦੀ ਲੋੜ ਸਿਰਫ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹੀ ਨਹੀਂ, ਸਗੋਂ ਭਾਵਾਤਮਕ ਵੀ ਹੈ ਜੋ ਮਨੁੱਖ ਨੂੰ ਸਮਾਜਿਕ ਰਿਸ਼ਤਿਆਂ ਵਿੱਚ ਪਰੋ ਕੇ ਰੱਖਦੀ ਹੈ। ਸਮਾਜੀਕਰਨ ਦੀ ਪ੍ਰਕਿਰਿਆ ਦੁਆਰਾ ਮਨੁੱਖ ਨੂੰ ਹੋਰਨਾਂ ਨਾਲ ਸਹਿਯੋਗ ਕਰਨਾ ਸਿਖਾਇਆ ਜਾਂਦਾ ਹੈ ਕਿਉਂਕਿ ਉਹ ਦੂਜੇ ਮਨੁੱਖਾਂ ਦੇ ਸਹਿਯੋਗ ਤੋਂ ਬਿਨਾਂ ਇਨ੍ਹਾਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦਾ। ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਹੀ ਮਨੁੱਖ ਸਮਾਜਿਕ ਰਿਸ਼ਤੇ ਸਥਾਪਿਤ ਕਰਦਾ ਹੈ।
ਮਨੁੱਖ ਦੇ ਉਸਾਰੂ ਜੀਵਨ ਜਿਉਣ ਲਈ ਇਹਨਾਂ ਰਿਸ਼ਤਿਆਂ ਦਾ ਬਣੇ ਰਹਿਣਾ ਬਹੁਤ ਜਰੂਰੀ ਹੈ। ਅਜਿਹੀ ਭਿਆਨਕ ਮਹਾਂਮਾਰੀ ਦੇ ਚੱਲਦੇ ਇਹਨਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਨੁੱਖ ਦਾ ਭਾਵਨਾਤਮਕ ਤੌਰ ‘ਤੇ ਦੂਜੇ ਮਨੁੱਖ ਦੀ ਮਨੋਸਥਿਤੀ ਨੂੰ ਸਮਝਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ, ਪਰ ਅੱਜ ਵਿਅਕਤੀ ਉੱਠਦੇ ਸਾਰ ਹੀ ਕਿਸੇ ਕਰੋਨਾ ਪੋਜੀਟਿਵ ਆਏ ਕੇਸਾਂ ਦੀ ਲੜੀ ਫਰੋਲਣ ਲੱਗ ਪੈਂਦਾ ਹੈ ਕਿ ਕਿਹੜੇ ਵਿਅਕਤੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਹੈ।
ਇਸ ਸੋਚ ਅਤੇ ਡਰ ਨਾਲ ਦਿਨ ਦੀ ਸੁਰੂਆਤ ਕਰਦਾ ਹੈ ਅਤੇ ਜਾਣੇ-ਅਣਜਾਣੇ ਵਿਚ ਕਈ ਆਪਣਿਆਂ ਨੂੰ ਵੀ ਮੁਲਜ਼ਮਾਂ ਵਾਂਗ ਕਰੋਨਾ ਵਾਇਰਸ ਦੇ ਕਟਹਿਰੇ ਵਿੱਚ ਖੜ੍ਹਾ ਕਰ ਲੈਂਦਾ ਹੈ। ਜਿਸ ਨਾਲ ਸਮਾਜਿਕ ਰਿਸ਼ਤਿਆਂ ਉੱਪਰ ਮਾੜਾ ਅਸਰ ਪੈ ਰਿਹਾ ਹੈ। ਇੱਕ ਵਿਅਕਤੀ ਦੇ ਬਿਮਾਰੀ ਦੀ ਲਪੇਟ ਵਿੱਚ ਆਉਣ ‘ਤੇ ਉਸਦੇ ਪੂਰੇ ਭਾਈਚਾਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸਮਾਜਿਕ ਰਿਸ਼ਤੇ ਟੁੱਟਣ ਤੋਂ ਵੀ ਅਗਾਂਹ ਦੀਆਂ ਸਮੱਸਿਆਵਾਂ ਦਰਪੇਸ਼ ਆਉਣ ਦੇ ਸੰਕੇਤ ਹਨ।
ਸਾਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਦੁਨੀਆਂ ‘ਤੇ ਇਹ ਕੋਈ ਪਹਿਲੀ ਮਹਾਂਮਾਰੀ ਨਹੀਂ ਹੈ। ਸਦੀਆਂ ਤੋਂ ਕਿਸੇ ਨਾ ਕਿਸੇ ਵੱਡੀ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲਈ ਹੈ। ਪਰ ਉਸ ਨਾਲ ਧਰਤੀ ‘ਤੇ ਜੀਵਨ ਦਾ ਅੰਤ ਨਹੀਂ ਹੋਇਆ ਤਾਂ ਇਸ ਮਹਾਂਮਾਰੀ ਦੇ ਫੈਲਣ ਨਾਲ ਮਨੁੱਖ ਦੀ ਜ਼ਿੰਦਗੀ ਕਿਵੇਂ ਰੁਕ ਸਕਦੀ ਹੈ। ਇਸ ਬਾਰੇ ਸੋਚਣ ਦੀ ਲੋੜ ਹੈ।
ਕਿਉਂ ਹਰ ਪਾਸੇ ਸਿਰਫ ਕਰੋਨਾ ਵਾਇਰਸ ‘ਤੇ ਹੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਜਦਕਿ ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਮਲੇਰੀਆ, ਐਚ.ਆਈ.ਵੀ. ਆਦਿ ਕਾਰਨ ਲੋਕਾਂ ਦੀ ਜਾਨ ਜਾਂਦੀ ਹੈ। ਜਿਨ੍ਹਾਂ ਦਾ ਅੰਕੜਾ ਕਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਤੋਂ ਕਿਤੇ ਜ਼ਿਆਦਾ ਹੈ।
ਵਿਸ਼ਵ-ਸੰਗਠਨ ਅਨੁਸਾਰ ਕਰੋਨਾ ਵਾਇਰਸ ਖਤਮ ਹੋ ਸਕੇਗਾ ਜਾਂ ਨਹੀਂ, ਖਤਮ ਹੋਣ ਤੇ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਹਾਲ ਦੀ ਘੜੀ ਕੋਈ ਅੰਦਾਜਾ ਲਾਉਣਾ ਮੁਸ਼ਕਿਲ ਹੈ। ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ ਜੋ ਕਦੇ ਖਤਮ ਨਹੀਂ ਹੋ ਸਕੀਆਂ। ਫਿਰ ਵੀ ਮਨੁੱਖ ਇੱਕ ਆਮ ਜਿੰਦਗੀ ਜੀ ਰਿਹਾ ਹੈ।
ਕਿਸੇ ਵੀ ਮਨੁੱਖ ਨਾਲ ਮਹਾਂਮਾਰੀ ਦੇ ਡਰੋਂ ਅਣਮਨੁੱਖੀ ਵਰਤਾਓ ਕਰਨਾ ਮਨੁੱਖ ਨੂੰ ਮਨੁੱਖ ਹੋਣ ਦੇ ਦਰਜੇ ਤੋਂ ਹੇਠਾਂ ਧੱਕ ਰਿਹਾ ਹੈ। ਮਹਾਂਮਾਰੀ ਤੋਂ ਬਚਾਅ ਲਈ ਸੁਰੱਖਿਆ ਜਰੂਰੀ ਹੈ। ਪਰ ਮਨੁੱਖ ਦਾ ਮਨੁੱਖ ਤੋਂ ਡਰਨਾ ਸਮਾਜਿਕ ਰਿਸ਼ਤਿਆਂ ਲਈ ਨਾਂਹ-ਪੱਖੀ ਰਵੱਈਆ ਹੈ। ਮਨੁੱਖ ਲਈ ਆਪਣੀ ਮਾਨਸਿਕਤਾ ਨੂੰ ਸੰਤੁਲਿਤ ਬਣਾਈ ਰੱਖਣ ਦੀ ਲੋੜ ਹੈ ਤਾਂ ਕਿ ਇਸ ਧਰਤੀ ‘ਤੇ ਬਾਕੀ ਜੀਵਾਂ ਤੋਂ ਵੱਖਰਾ ਹੋਣ ਭਾਵ ਸਮਾਜਿਕ ਜੀਵ ਹੋਣ ਦੇ ਮਹੱਤਵ ਨੂੰ ਯਾਦ ਰੱਖ ਸਕੇ।
ਉਹ ਸਮਾਜਿਕ ਜੀਵ ਜੋ ਸਮਾਜ ਵਿੱਚ ਹੀ ਰਹਿ ਸਕਦਾ ਹੈ, ਇਕੱਲਾ ਰਹਿਣਾ ਉਸਦੇ ਸੁਭਾਅ ਅਤੇ ਲੋੜਾਂ ਦੇ ਅਨੁਕੂਲ ਨਹੀਂ ਹੈ। ਸਕਾਰਾਤਮਕ ਸੋਚ ਹੀ ਵਿਅਕਤੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ। ਸਮੇਂ ਦੀ ਲੋੜ ਹੈ ਕਿ ਸੋਚ ਨੂੰ ਸਕਾਰਾਤਮਕ ਅਤੇ ਮਜਬੂਤ ਬਣਾਇਆ ਜਾਵੇ ਤਾਂ ਕਿ ਇਸ ਔਖੀ ਘੜੀ ਵਿੱਚ ਮਨੁੱਖ ਹੋਣ ਦਾ ਫਰਜ਼ ਅਦਾ ਕਰ ਸਕੀਏ।
ਸਹਾਇਕ ਪ੍ਰੋਫੈਸਰ, ਸਮਾਜ ਵਿਗਿਆਨ।
ਹਰਿੰਦਰ ਕੌਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।