ਸ਼੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੇ ਲਾ ਲਿਆ ਕੋਰੋਨਾ ਅੱਗੇ

19 Passengers Return Home Free From Corona

ਅੱਜ ਫਿਰ 19 ਯਾਤਰੀ ਕੋਰੋਨਾ ਤੋਂ ਮੁਕਤ ਹੋ ਘਰਾਂ ਨੂੰ ਪਰਤੇ

ਹਸਪਤਾਲ ਦੇ ਸਟਾਫ ਵੱਲੋਂ ਦਿੱਤੇ ਪਿਆਰ-ਸਤਿਕਾਰ ਦੀ ਕੀਤਾ ਸ਼ੁਕਰੀਆ

ਅੰਮ੍ਰਤਸਰ, ਰਾਜਨ ਮਾਨ। ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੀਟਵ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਨੂੰ ਠੀਕ ਹੋਣ ਮਗਰੋਂ ਲਗਤਾਰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਹੈ ਅਤੇ ਰੋਜ਼ਨਾ ਵੱਡੀ ਗਿਣਤੀ ਵਿਚ ਠੀਕ ਹੋ ਰਹੇ ਸ਼ਰਧਾਲੂਆਂ ਤੋਂ ਇਉਂ ਲੱਗ ਰਿਹਾ ਹੈ, ਜਿਵੇਂ ਸੰਗਤ ਨੇ ਕੋਰੋਨਾ ਨੂੰ ਅੱਗੇ ਲਗਾ ਲਿਆ ਹੋਵੇ। ਕੱਲ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚੋਂ 25 ਸ਼ਰਧਾਲੂਆਂ ਨੂੰ ਦਿੱਤੀ ਛੁੱਟੀ ਮਗਰੋਂ ਅੱਜ ਫਿਰ 20 ਲੋਕਾਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ, ਜਿਸ ਵਿਚ 19 ਉਹ ਸ਼ਰਧਾਲੂ ਹਨ, ਜੋ ਕਿ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਹਨ।

ਇਕ ਮਰੀਜ ਜੰਡਿਆਲਾ ਗੁਰੂ ਤੋਂ ਸੀ, ਜੋ ਕਿ 7ਅਪ੍ਰੈਲ ਤੋਂ ਹਸਪਤਾਲ ਵਿਚ ਦਾਖਲ ਸੀ, ਅੱਜ ਪੰਜ ਹਫ਼ਤਿਆਂ ਮਗਰੋਂ ਠੀਕ ਹੋ ਕੇ ਘਰ ਨੂੰ ਗਿਆ। ਹਸਪਤਾਲ ਵਿਚ ਲਗਾਤਾਰ ਚੰਗੀਆਂ ਖ਼ਬਰਾਂ ਮਿਲਣ ਕਾਰਨ ਦਾਖਲ ਦੂਸਰੇ ਮਰੀਜ਼ਾਂ ਨੂੰ ਵੀ ਮਾਨਸਿਕ ਤੌਰ ਉਤੇ ਤਾਕਤ ਮਿਲੀ ਹੈ। ਡਾਕਟਰਾਂ ਨੇ ਦੱਸਿਆ ਕਿ ਭਾਵੇਂ ਸ੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਦੇ ਟੈਸਟ ਪਾਜ਼ਿਟਵ ਆਉਣ ਕਾਰਨ ਇੰਨਾਂ ਨੂੰ ਹਸਪਪਤਾਲ ਵਿਚ ਰੱਖਿਆ ਗਿਆ ਸੀ, ਪਰ ਸਾਰੇ ਸ਼ਰਧਾਲੂ ਬੜੇ ਚੜਦੀ ਕਲਾ ਵਿਚ ਰਹੇ ਅਤੇ ਕਿਸੇ ਨੂੰ ਸਰੀਰਕ ਤੌਰ ਉਤੇ ਵੀ ਕੋਈ ਮੁਸ਼ਿਕਲ ਨਹੀਂ ਹੋਈ। ਅੱਜ ਵਾਹਿਗੁਰੂ ਦੀ ਕ੍ਰਿਪਾ ਨਾਲ ਇਨਾਂ ਦੇ ਲਗਾਤਾਰ ਦੋ ਟੈਸਟ ਨੈਗੇਟਿਵ ਆਉਣ ਕਾਰਨ ਅੱਜ ਇੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

13 ਦਿਨਾਂ ਵਿੱਚ ਠੀਕ ਹੋ ਕੇ ਪਰਤੇ ਘਰਾਂ ਨੂੰ

ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਘਰ ਜਾ ਰਹੇ ਸਾਰੇ ਸ਼ਰਧਾਲੂ ਨੂੰ ਵਧਾਈ ਦਿੰਦੇ ਦੱਸਿਆ ਕਿ ਅਸੀਂ ਇੰਨਾਂ ਦੇ ਟੈਸਟ ਪਾਜ਼ਿਟਵ ਆਉਣ ਮਗਰੋਂ ਸ਼ਰਧਾਲੂਆਂ ਨੂੰ ਇਕਾਂਤਵਾਸ ਵਿਚੋਂ ਕੱਢ ਕੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਉਨਾਂ ਦੱਸਿਆ ਕਿ ਇਹ ਸਾਰੇ ਪਹਿਲੇ ਦਿਨ ਤੋਂ ਹੀ ਸਰੀਰਕ ਅਤੇ ਮਾਨਸਿਕ ਤੌਰ ਉਤੇ ਤੰਦਰੁਸਤ ਸਨ, ਜਿਸ ਕਾਰਨ ਕੋਈ ਸਮੱਸਿਆ ਨਹੀਂ ਆਈ। ਹਸਪਤਾਲ ਸਟਾਫ ਵੱਲੋਂ ਇਨਾਂ ਦੀ ਹਰ ਸੰਭਵ ਸਹਾਇਤਾ ਤੇ ਸੇਵਾ ਕੀਤੀ ਗਈ। ਲਗਭਗ 13 ਦਿਨਾਂ ਵਿਚ ਹੀ ਇਹ ਠੀਕ ਹੋ ਕੇ ਘਰਾਂ ਨੂੰ ਆ ਰਹੇ ਹਨ। ਉਨਾਂ ਹਸਪਤਾਲ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਘਰ ਜਾ ਰਹੇ ਸ਼ਰਧਾਲੂਆਂ ਨੇ ਹਸਪਤਾਲ ਦੇ ਸਟਾਫ, ਜਿਸ ਵਿਚ ਖਾਸ ਤੌਰ ਉਤੇ ਨਰਸਿੰਗ ਤੇ ਹੋਰ ਪੈਰਾ ਮੈਡੀਕਲ ਸਟਾਫ ਸ਼ਾਮਿਲ ਸੀ, ਦੀ ਦਿਲ ਖੋਲ ਕੇ ਤਾਰੀਫ਼ ਕੀਤੀ। ਸ਼ਰਧਾਲੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿਘ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਵੀ ਸ਼ਰਧਾਲੂਆਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।