ਵੱਖਰਾ ਨਜ਼ਾਰਾ ਸੀ ਸਾਈਕਲ ‘ਤੇ ਪੱਠੇ ਲਿਆਉਣ ਦਾ

ਵੱਖਰਾ ਨਜ਼ਾਰਾ ਸੀ ਸਾਈਕਲ ‘ਤੇ ਪੱਠੇ ਲਿਆਉਣ ਦਾ

ਇਹ ਉਹ ਸਮਾਂ ਸੀ ਜਦੋਂ ਲੋਕਾਂ ਨੂੰ ਪਸ਼ੂਧਨ ਨਾਲ ਕਾਫੀ ਮੋਹ ਸੀ ਪਸ਼ੂਧਨ ਦੀ ਗਿਣਤੀ ਵੀ ਇੱਕ ਤਰ੍ਹਾਂ ਪਰਿਵਾਰ ਦੀ ਦੌਲਤ ਵਿੱਚ ਹੀ ਕੀਤੀ ਸੀ ਕਿਸਾਨ ਪਰਿਵਾਰਾਂ ਲਈ ਤਾਂ ਜਿਵੇਂ ਪਸ਼ੂ ਰੱਖਣਾ ਲਾਜ਼ਮੀ ਵਰਗਾ ਹੀ ਹੁੰਦਾ ਸੀ ਦੁੱਧ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਹੀ ਲੋਕਾਂ ਦੀ ਮੁੱਖ ਖੁਰਾਕ ਸਨ ਘਰ ਵਿੱਚ ਦੁੱਧ, ਦਹੀਂ ਅਤੇ ਲੱਸੀ  ਹੋਣ ਦੀ ਵੱਖਰੀ ਖੁਸ਼ੀ ਹੁੰਦੀ ਸੀ ਮਾਵਾਂ ਬੜੇ ਚਾਅ ਨਾਲ ਬੱਚਿਆਂ ਨੂੰ ਦੁੱਧ ਅਤੇ ਦਹੀਂ, ਲੱਸੀ ਪੀਣ ਖਾਣ ਨੂੰ ਦਿੰਦੀਆਂ ਸਨ ਸ਼ਾਮ ਸਮੇਂ ਕਾੜ੍ਹਨੀ ਦਾ ਦੁੱਧ ਪੀਣ ਦਾ ਰਿਵਾਜ਼ ਆਮ ਸੀ ਘਿਉ ਪਾਏ ਦੁੱਧ ਨੂੰ ਹਜ਼ਮ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਸੀ

ਉਹਨੀਂ ਦਿਨੀਂ ਬਹੁਤੇ ਪਰਿਵਾਰਾਂ ਦੀ ਆਰਥਿਕ ਹਾਲਤ ਇਹੋ-ਜਿਹੀ ਸੀ ਕਿ ਗੱਡੇ ਜਾਂ ਰੇਹੜੀਆਂ ਵੀ ਸਾਰੇ ਪਰਿਵਾਰਾਂ ਕੋਲ ਨਹੀਂ ਸਨ ਗੱਡੇ ਅਤੇ ਰੇਹੜੀਆਂ ਤੋਂ ਸੱਖਣੇ ਪਰਿਵਾਰ ਦਾਣੇ ਜਾਂ ਹੋਰ ਵਸਤਾਂ ਦੀ ਢੋਆ-ਢੁਆਈ ਲਈ ਕਿਸੇ ਹੋਰ ਪਰਿਵਾਰ ਤੋਂ ਗੱਡਾ ਜਾਂ ਰੇਹੜੀ ਉਧਾਰੀ ਮੰਗ ਲੈਂਦੇ ਸਨ ਗੱਡੇ ਅਤੇ ਰੇਹੜੀ ਤੋਂ ਸੱਖਣੇ ਪਰਿਵਾਰ ਪਸ਼ੂਆਂ ਲਈ ਕੱਖ ਪੱਠੇ ਸਿਰਾਂ ‘ਤੇ ਹੀ ਲਿਆਉਂਦੇ ਸਨ ਰਾਹ ਆਉਂਦੀ ਰੇਹੜੀ ਗੱਡੇ ‘ਤੇ ਵੀ ਕੱਖਾਂ ਦੀ ਪੰਡ ਰੱਖ ਲੈਣ ਦਾ ਰਿਵਾਜ਼ ਆਮ ਸੀ ਲੋਕਾਂ ਨੇ ਸਾਰਾ-ਸਾਰਾ ਦਿਨ ਖੇਤਾਂ ‘ਚ ਕੰਮ ਕਰਨਾ ਅਤੇ ਸ਼ਾਮ ਨੂੰ ਵਾਪਸੀ ਸਮੇਂ ਪਸ਼ੂਆਂ ਦੇ ਚਾਰੇ ਦੀਆਂ ਭਰੀਆਂ ਸਿਰਾਂ ‘ਤੇ ਚੁੱਕ ਕੇ ਲਿਆਉਣੀਆਂ ਘਰ ਆ ਕੇ ਉਹਨਾਂ ਨੂੰ ਹੱਥੀਂ ਕੁਤਰਨਾ ਅਤੇ ਪਸ਼ੂਆਂ ਨੂੰ ਪਾਉਣਾ ਉਹਨਾਂ ਦਿਨਾਂ ਦੀ ਕਿਸਾਨੀ ਦਾ ਅੱਜ ਦੀ ਕਿਸਾਨੀ ਨਾਲੋਂ ਅੰਤਾਂ ਦਾ ਅੰਤਰ ਸੀ

ਸਾਡੇ ਕੋਲ ਵੀ ਗੱਡਾ ਜਾਂ ਰੇਹੜੀ ਨਹੀਂ ਸੀ ਬੇਸ਼ੱਕ ਅਸੀਂ ਉਦੋਂ ਨਿਆਣੇ ਸੀ ਪਰ ਉਹਨਾਂ ਸਮਿਆਂ ਦੇ ਮਾਪੇ ਬੱਚਿਆਂ ਨੂੰ ਬਚਪਨ ਤੋਂ ਹੀ ਕੰਮ-ਧੰਦੇ ਲਾ ਲੈਂਦੇ ਸਨ ਅਸੀਂ ਵੀ ਪਸ਼ੂਆਂ ਦੇ ਹਰੇ ਚਾਰੇ ਦੀਆਂ ਛੋਟੀਆਂ-ਛੋਟੀਆਂ ਭਰੀਆਂ ਜਾਂ ਪੰਡਾਂ ਸਿਰਾਂ ‘ਤੇ ਚੁੱਕ ਕੇ ਲਿਆਉਣੀਆਂ ਘਰ ਆ ਕੇ ਪਾਣੀ ਪੀਣ ਉਪਰੰਤ ਉਹਨਾਂ ਨੂੰ ਹੱਥਾਂ ਨਾਲ ਮਸ਼ੀਨ ‘ਤੇ ਕੁਤਰਨਾ ਬੇਸ਼ੱਕ ਅਸੀਂ ਮਸ਼ੀਨ ਗੇੜਨ ਜੋਗੇ ਨਹੀਂ ਸਾਂ ਪਰ ਮਸ਼ੀਨ ‘ਚ ਰੁੱਗ ਜਰੂਰ ਲਗਾਉਣੇ ਫਿਰ ਮਸ਼ੀਨੀਕਰਨ ਦੇ ਯੁੱਗ ਦੀ ਸ਼ੁਰੂਆਤ ਹੋਈ

ਸਾਡੇ ਪਰਿਵਾਰ ‘ਚ ਵੀ ਸਾਈਕਲ ਦੀ ਆਮਦ ਹੋਈ ਤਾਂ ਸਾਰੇ ਪਰਿਵਾਰ ਦਾ ਖੁਸ਼ੀ ‘ਚ ਪੈਰ ਨਾ ਥੱਲੇ ਲੱਗੇ ਪਹਿਲਾਂ ਤਾਂ ਅਸੀਂ ਕੈਂਚੀ, ਡੰਡਾ ਅਤੇ ਕਾਠੀ ਕਰਦਿਆਂ-ਕਰਦਿਆਂ ਸਾਈਕਲ ਸਿੱਖਿਆ ਬਹੁਤ ਵਾਰੀ ਸਾਈਕਲ ਸਿੱਖਦੇ ਡਿੱਗੇ ਵੀ ਅਤੇ ਕਈ ਸੱਟਾਂ ਵੀ ਖਾਧੀਆਂ ਉਹਨਾਂ ਵਿੱਚੋਂ ਕਈ ਸੱਟਾਂ ਸਰੀਰ ਦਾ ਅਮਿੱਟ ਹਿੱਸਾ ਵੀ ਬਣੀਆਂ ਹੋਈਆਂ ਹਨ ਕਈ ਵਾਰੀ ਲੱਗਣਾ ਕਿ ਆਪਾਂ ਨਹੀਂ ਸਿੱਖ ਸਕਦੇ ਸਾਈਕਲ ਫਿਰ ਚਿੰਬੜ ਜਾਣਾ ਕੈਂਚੀ ਚਲਾਉਣ ਅਤੇ ਕਈ ਵਾਰ ਪਿੱਛੋਂ ਦੂਜੇ ਨੂੰ ਸਾਈਕਲ ਫੜ ਕੇ ਰੱਖਣ ਲਈ ਕਹਿਣਾ

ਸਾਈਕਲ ਦੀ ਆਮਦ ਨਾਲ ਤਾਂ ਜਿਵੇਂ ਜਿੰਦਗੀ ਸੁਰਗ ਈ ਬਣ ਗਈ ਮਿੰਟਾਂ ‘ਚ ਈ ਖੇਤ ਪਹੁੰਚ ਜਾਣਾ ਅਤੇ ਕੰਮ-ਧੰਦਾ ਕਰਕੇ ਵਾਪਸ ਆ ਜਾਣਾ ਸਾਨੂੰ ਨਿਆਣਿਆਂ ਨੂੰ ਤਾਂ ਸਾਈਕਲ ਚਲਾਉਣ ਦਾ ਚਾਅ ਈ ਬਹੁਤ ਹੁੰਦਾ ਸੀ ਅਸੀਂ ਤਾਂ ਉਡੀਕਦੇ ਰਹਿਣਾ ਕਿ ਘਰ ਦੇ ਕਦੋਂ ਕੋਈ ਸਾਈਕਲ ‘ਤੇ ਜਾ ਕੇ ਕਰਨ ਵਾਲਾ ਕੰੰਮ ਕਰਨ ਨੂੰ ਕਹਿਣ ਪਲਾਂ ‘ਚ ਹੀ ਖੇਤ ਵਿਚਲੀ ਮੋਟਰ ਚਲਾ ਆਉਣੀ ਸਿਰਾਂ ‘ਤੇ ਪਸ਼ੂਆਂ ਦਾ ਚਾਰਾ ਲਿਆਉਣ ਦੇ ਕੰਮ ਤੋਂ ਵੀ ਮੁਕਤੀ ਮਿਲ ਗਈ ਸਾਈਕਲ ‘ਤੇ ਚਾਰਾ ਲਿਆਉਣ ਦਾ ਅਜਿਹਾ ਯੁੱਗ ਸ਼ੁਰੂ ਹੋਇਆ ਕਿ ਗੱਡਿਆਂ ਅਤੇ ਰੇਹੜੀਆਂ ਵਾਲੇ ਵੀ ਸਾਈਕਲ ਲੈਣ ਤੁਰ ਪਏ ਸਾਈਕਲ ਦੇ ਪਿੱਛੇ ਕੈਰੀਅਰ ਨਾਲ ਸਾਈਕਲ ਦੀ ਪੁਰਾਣੀ ਟਿਊਬ ਬੰਨ੍ਹ ਲੈਣੀ ਕੈਰੀਅਰ ‘ਤੇ ਚਾਰੇ ਦੀ ਪੰਡ ਜਾਂ ਭਰੀ ਦਾ ਸੰਤੁਲਨ ਬਣਾਉਣਾ ਆਪਣੇ-ਆਪ ‘ਚ ਬੜਾ ਕੁਸ਼ਲਤਾ ਭਰਪੂਰ ਕਾਰਜ ਸੀ

ਪੰਡ ਜਾਂ ਭਰੀ ਦਾ ਵਿਗੜਿਆ ਸੰਤੁਲਨ ਸਾਈਕਲ ਨੂੰ ਸੁੱਟ ਦਿੰਦਾ ਸੀ ਕਈ ਵਾਰ ਰਸਤੇ ‘ਚ ਆ ਕੇ ਕੈਰੀਅਰ ‘ਤੇ ਟਿਕਾਈ ਪੰਡ ਦਾ ਸੰਤੁਲਨ ਵਿਗੜ ਜਾਣਾ ਅਤੇ ਸਾਈਕਲ ਡਿੱਗ ਜਾਣਾ ਸਾਈਕਲ ਖੜ੍ਹਾ ਕਰਨ ਲਈ ਬਹੁਤ ਕੋਸ਼ਿਸ਼ ਕਰਨੀ ਪਰ ‘ਕੱਲੇ ਵਿਅਕਤੀ ਤੋਂ ਗੱਲ ਹਿਸਾਬ ‘ਚ ਘੱਟ ਹੀ ਆਉਂਦੀ ਸੀ ਫਿਰ ਕਿਸੇ ਕੋਲੋਂ ਲੰਘਣ ਵਾਲੇ ਨੇ ਸਾਈਕਲ ਖੜ੍ਹਾ ਕਰਵਾ ਕੇ ਮੁੜ ਚਾਰੇ ਵਾਲੀ ਪੰਡ ਰਖਵਾ ਦੇਣੀ ਅਤੇ ਘਰ ਆ ਜਾਣਾ ਘੱਟ ਪਸ਼ੂਆਂ ਵਾਲੇ ਪਰਿਵਾਰਾਂ ਦਾ ਤਾਂ ਕੈਰੀਅਰ ‘ਤੇ ਰੱਖੇ ਚਾਰੇ ਦੀ ਪੰਡ ਜਾਂ ਭਰੀ ਨਾਲ ਹੀ ਸਰ ਜਾਂਦਾ ਸੀ

ਪਰ ਸਾਡੇ ਵਰਗੇ ਕਿਸਾਨ ਪਰਿਵਾਰਾਂ ‘ਚ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਜਾਂ ਤਾਂ ਕਈ-ਕਈ ਚੱਕਰ ਲਗਾਉਣੇ ਪੈਂਦੇ ਸਨ ਅਤੇ ਜਾਂ ਫਿਰ ਅਸੀਂ ਤਾਂ ਸਾਈਕਲ ਦੇ ਕੈਰੀਅਰ ਦੇ ਨਾਲ-ਨਾਲ ਡੰਡੇ ਹੇਠਲੀ ਖਾਲੀ ਜਗ੍ਹਾ ਵਿੱਚ ਵੀ ਚਾਰੇ ਦੀ ਪੰਡ ਜਾਂ ਭਰੀ ਟਿਕਾ ਲੈਣੀ ਇਸ ਤਰ੍ਹਾਂ ਕਰਨ ਨਾਲ ਸਾਈਕਲ ਚਲਾਕੇ ਲਿਅਉਣ ਦੀ ਬਜਾਏ ਤੁਰ ਕੇ ਹੀ ਲਿਆਉਣਾ ਪੈਂਦਾ ਸੀ

ਸਾਈਕਲ ਦੀ ਆਮਦ ਸਾਡੇ ਲਈ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ ਜਿੱਥੇ ਸਾਈਕਲ ਆਉਣ-ਜਾਣ ਤੋਂ ਲੈ ਕੇ ਪਸ਼ੂਆਂ ਲਈ ਪੱਠੇ ਢੋਣ ਦਾ ਵੀ ਵਧੀਆ ਜਰੀਆ ਬਣਿਆ, ਉੱਥੇ ਹੀ ਸਾਈਕਲ ਚਲਾਉਣਾ ਆਪਣੇ-ਆਪ ‘ਚ ਇੱਕ ਵਧੀਆ ਕਸਰਤ ਵੀ ਸੀ ਉਹਨੀਂ ਦਿਨੀਂ ਇਹ ਤਾਂ ਪਤਾ ਹੀ ਨਹੀਂ ਸੀ ਕਿ ਕਸਰਤ ਹੁੰਦੀ ਕੀ ਹੈ? ਅਤੇ ਇਹ ਕਿਉਂ ਕੀਤੀ ਜਾਂਦੀ ਹੈ? ਸਾਰਾ ਦਿਨ ਪਸ਼ੂਆਂ ਦੀ ਸੰਭਾਲ ਅਤੇ ਵੱਡਿਆਂ ਨਾਲ ਖੇਤੀ ਦੇ ਛੋਟੇ-ਮੋਟੇ ਕੰੰਮ ਕਰਦਿਆਂ ਕਸਰਤ ਤਾਂ ਆਪਣੇ ਆਪ ਈ ਹੋ ਜਾਂਦੀ ਸੀ

ਉਹਨੀਂ ਦਿਨੀਂ ਕਸਰਤ ਦਾ ਬਹੁਤਾ ਸੰਬੰਧ ਸ਼ਹਿਰੀ ਲੋਕਾਂ ਨਾਲ ਹੁੰਦਾ ਸੀ ਅੱਜ ਜਦੋਂ ਡਾਕਟਰ ਸਾਈਕਲ ਚਲਾ ਕੇ ਕਸਰਤ ਕਰਨ ਦੀ ਸਲਾਹ ਦਿੰਦੇ ਹਨ ਜਾਂ ਕਸਰਤ ਲਈ ਘਰਾਂ ‘ਚ ਲਿਆਂਦੇ ਵਿਸ਼ੇਸ਼ ਸਾਈਕਲਾਂ ‘ਤੇ ਨਜ਼ਰ ਜਾਂਦੀ ਹੈ ਤਾਂ ਸਾਈਕਲ ‘ਤੇ ਪਸ਼ੂਆਂ ਦਾ ਚਾਰਾ ਲਿਆਉਣ ਦਾ ਸਮਾਂ ਕਿਸੇ ਚੰਗੀ ਯਾਦ ‘ਚ ਬਣੀ ਫਿਲ਼ਮ ਵਾਂਗ ਅੱਖਾਂ ਅੱਗਿਓਂ ਗੁਜ਼ਰ ਜਾਂਦਾ ਹੈ
ਸ਼ਕਤੀ ਨਗਰ, ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here