ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ

ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ

ਅੱਜ ਭਾਰਤ ਸਮੇਤ ਦੁਨੀਆਂ ਦੇ 86 ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਹਰ ਸਾਲ ਮਈ ਦਾ ਦੂਸਰਾ ਐਤਵਾਰ ਮਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਬਾਕੀ ਰਹਿੰਦੇ ਕਈ ਦੇਸ਼ 4 ਮਈ ਨੂੰ ਮਾਂ ਦਿਵਸ ਵਜੋਂ ਮਨਾਉਂਦੇ ਹਨ। ਅਰਬ ਦੇਸ਼ਾਂ ਵਿੱਚ ਇਹ ਦਿਨ 21 ਮਾਰਚ ਨੂੰ ਮਨਾਇਆ ਜਾਂਦਾ ਹੈ ਤੇ ਯੂਰਪ ਦੇ ਬਹੁਤੇ ਦੇਸ਼ ਹਰ ਸਾਲ 8 ਮਾਰਚ ਨੂੰ ਮਾਂ ਦਿਵਸ ਮਨਾਉਂਦੇ ਹਨ।

ਜੱਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਵੀ ਹਮੇਸ਼ਾ ਸਤਿਕਾਰ ਦੇਣ ਦੀ ਗੱਲ ਕਹੀ ਹੈ। ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰਸਵਾਰਥ ਹੁੰਦੀ ਹੈ। ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ-ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ ਪਰ ਮਾਂ ਆਪਣੇ ਪੁੱਤਰ ਨੂੰ ਸਭ ਤੋਂ ਪਹਿਲਾਂ ਸਿਰ ‘ਤੇ ਹੱਥ ਫੇਰ ਕੇ ਪੁੱਛਦੀ ਹੈ, ‘ਕੁਝ ਖਾ ਲਿਆ ਸੀ?’ ਇਸੇ ਕਰਕੇ ਮਾਂ ਅੱਗੇ ਹਮੇਸ਼ਾ ਸਿਰ ਝੁਕਦਾ ਰਹੇਗਾ।

ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਪਾਲ ਕੇ ਜਨਮ ਦਿੰਦੀ ਹੈ, ਪਾਲਣ-ਪੋਸ਼ਣ ਕਰਦੀ ਹੈ, ਆਪ ਗਿੱਲੀ ਥਾਂ ‘ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ‘ਤੇ ਪਾਉਂਦੀ ਹੈ। ਮਾਂ ਦੇ ਪੈਰਾਂ ਹੇਠ ਜੰਨਤ ਦੱਸੀ ਗਈ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਮਾਂ ਦੀ ਕਦਰ ਕਰਦੇ ਹਨ, ਜਿਨ੍ਹਾਂ ਦਾ ਸੀਸ ਮਾਂ ਦੇ ਕਦਮਾਂ ਵਿੱਚ ਝੁਕਦਾ ਹੈ ਉਨ੍ਹਾਂ ਨੇ ਜੰਨਤ ਪ੍ਰਾਪਤ ਕਰ ਲਈ ਹੈ ਅਤੇ ਜਿਹੜੇ ਮਾਂ ਦੀ ਬੇਕਦਰੀ ਕਰਦੇ ਹਨ ਭਾਵ ਘਰ ਵਿੱਚ ਮਾਂ ਦਾ ਸਤਿਕਾਰ ਹੀ ਨਹੀਂ ਕਰਦੇ ਉਨ੍ਹਾਂ ਨੂੰ ਕਦੇ ਸੁਖ ਨਹੀਂ ਮਿਲ ਸਕਦਾ।

ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਤੋਂ ਪਿਆਰਾ ਤੇ ਬਹੁਮੁੱਲਾ ਹੈ। ਇਹ ਉਹ ਮਾਂ ਹੈ ਜਿਸਨੇ ਖੁਦ ਲੱਖਾਂ ਤਸੀਹੇ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੁੰਦਾ ਹੈ ਅਤੇ ਖੁਦ ਖਾਲੀ ਪੇਟ ਰਹਿ ਕੇ, ਰੁੱਖੀ-ਮਿੱਸੀ ਖਾ ਕੇ ਬੱਚਿਆਂ ਦਾ ਪੇਟ ਭਰਿਆ ਹੁੰਦਾ ਹੈ। ਆਪਣੀਆਂ ਉਮੀਦ ਭਰੀਆਂ ਅੱਖਾਂ ਵਿੱਚ ਕਿੰਨੇ ਹੀ ਸੁਫ਼ਨੇ ਸਜਾ ਕੇ ਰੱਖੇ ਹੁੰਦੇ ਹਨ ਮਾਂ-ਬਾਪ ਨੇ ਕਿ ਉਨ੍ਹਾਂ ਦੇ ਬੱਚੇ ਇਹ ਬਣਨਗੇ, ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਆਹ ਸੁਖ ਦੇਣਗੇ ਅਤੇ ਜੇ ਲੱਖਾਂ ਤਸੀਹੇ ਝੱਲ ਕੇ ਅਤੇ ਢਿੱਡ ਬੰਨ੍ਹ-ਬੰਨ੍ਹ ਕੇ ਜੋੜੀ ਅਤੇ ਖਰਾ ਸੋਨਾ ਸਮਝ ਕੇ ਹਿੱਕ ਨਾਲ ਲਾ ਕੇ ਰੱਖੀ ਔਲਾਦ ਮਾਂ-ਪਿਉ ਦੀ ਸੇਵਾ ਨਾ ਕਰੇ ਨਿਕੰਮੀ ਨਿੱਕਲ ਜਾਵੇ ਤਾਂ ਉਸ ਮਨ ‘ਤੇ ਕੀ ਬੀਤਦੀ ਹੋਵੇਗੀ,

ਇਹ ਤਾਂ ਸਿਰਫ਼ ਉਹੀ ਜਾਣਦੇ ਹਨ ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ। ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥਪੁਣੇ ਦੇ ਅਜਿਹੇ ਦੌਰ ‘ਚੋਂੋ ਲੰਘ ਰਿਹਾ ਹੈ ਜਿਥੇ ਇਨਸਾਨ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀਂ ਲਾਉਂਦਾ।

ਸਮਾਜ ਵਿੱਚ ਕਿੰਨੀਆਂ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆਂ ਹਨ। ਸਾਨੂੰ ਬਜੁਰਗ ਮਾਂ-ਬਾਪ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਦੀ ਬਜਾਏ ਉਨ੍ਹਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਸਕੀਏ।

ਅੱਜ ਦਾ ਦਿਨ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ। ਇਸ ਲਈ ਜੇ ਕੋਈ ਜਾਣੇ-ਅਣਜਾਣੇ ਆਪਣੇ ਮਾਂ-ਬਾਪ ਨੂੰ ਆਪਣੇ ਤੋਂ ਦੂਰ ਕਰੀ ਬੈਠਾ ਹੈ ਤਾਂ ਸਭ ਕੁਝ ਭੁੱਲ ਕੇ ਮਾਂ ਦੇ ਚਰਨਾਂ ਵਿੱਚ ਜਾ ਡਿੱਗੋ। ਮਾਂ ਦੀ ਮਮਤਾ ਏਨੀ ਕੋਮਲ ਹੁੰਦੀ ਹੈ ਕਿ ਇੱਕ ਪਲ ਵਿੱਚ ਤੁਹਾਨੂੰ ਮਾਂ ਨੇ ਆਪਣੀ ਹਿੱਕ ਨਾਲ ਲਾ ਲੈਣਾ ਹੈ।

ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਲ-ਨਾਲ, ਸਮਾਜ ਵਿਚ ਮਾਂ ਸਮਾਨ ਬਜ਼ੁਰਗ ਔਰਤਾਂ ਦਾ ਵੀ ਅਸੀਂ ਹਮੇਸ਼ਾ ਮਾਂ ਵਾਂਗ ਹੀ ਸਤਿਕਾਰ ਕਰੀਏ ਤਾਂ ਜੋ ਸਾਡਾ ਸਮਾਜ ਸਵਰਗ ਦਾ ਨਕਸ਼ਾ ਬਣ ਸਕੇ ਅਤੇ ਨੌਜਵਾਨ ਪੀੜ੍ਹੀ ਨੂੰ ਲਿਆਕਤ ਤੇ ਸਿਆਣਪ ਆ ਸਕੇ। ਇੱਕ ਗੱਲ ਹਮੇਸ਼ਾ ਯਾਦ ਰੱਖੋ ‘ਮਾਂ ਦੇ ਚਰਨਾਂ ਤੋਂ ਵੱਡਾ ਕੋਈ ਤੀਰਥ ਤੇ ਇਸ਼ਨਾਨ ਨਹੀ’ ਇਸ ਲਈ ਹਮੇਸ਼ਾ ਸਰਵਣ ਪੁੱਤਰ ਬਣਨ ਦੀ ਕੋਸ਼ਿਸ਼ ਕਰੋ। ਜਿਸ ਦੀ ਸ਼ੁਰੂਆਤ ਅੱਜ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਕੰਪਿਊਟਰ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ (ਫਰੀਦਕੋਟ)

ਆਪਣੀ ਮਾਂ

  • ਚਾਚੀਆਂ, ਮਾਸੀਆਂ ਚਾਹੇ ਕਿੰਨਾ ਚੰਗਾ ਕਰਨ ਵਿਹਾਰ।
  • ਆਪਣੀ ਮਾਂ ਦੇ ਵਰਗਾ ਕੋਈ ਕਰ ਨਾ ਸਕੇ ਪਿਆਰ।
  • ਬੱਚੇ ਨੂੰ ਤਕਲੀਫ਼ ਹੁੰਦੀ ਜਦ ਦੁਖੀ ਹੁੰਦੀ ਹੈ ਮਾਂ,
  • ਸੁੱਕੀ ਥਾਂ ‘ਤੇ ਪਾ ਕੇ ਉਸ ਨੂੰ ਪੈਂਦੀ ਗਿੱਲੀ ਥਾਂ,
  • ਧੀਆਂ ਪੁੱਤਰਾਂ ਦੀਆਂ ਪੀੜਾਂ ਨੂੰ ਸਕਦੀ ਨਹੀਂ ਸਹਾਰ।
  • ਆਪਣੀ ਮਾਂ ਦੇ ਵਰਗਾ…..
  • ਧੁੱਪਾਂ ਸਹਿ ਕੇ ਅਕਸਰ ਕਰਦੀ ਹੈ ਬੱਚਿਆਂ ਨੂੰ ਛਾਵਾਂ,
  • ਮਾਂ ਦੀ ਨਿੱਘੀ ਗੋਦ ‘ਚ ਹੁੰਦਾ ਜੰਨਤ ਦਾ ਸਿਰਨਾਵਾਂ,
  • ਮਾਂ ਦੇ ਨਾਲ ਸੰਪੂਰਨ ਹੁੰਦਾ ਬੱਚਿਆਂ ਦਾ ਪਰਿਵਾਰ।
  • ਆਪਣੀ ਮਾਂ ਦੇ ਵਰਗਾ…..
  • ਤੰਦਰੁਸਤੀ ਤੇ ਲੰਮੀ ਉਮਰ ਦੀਆਂ ਮੰਗਦੀ ਸਦਾ ਦੁਆ,
  • ਆਪਣੇ ਬੱਚਿਆਂ ਦੇ ਸਾਹਾਂ ਨਾਲ ਮਾਂ ਲੈਂਦੀ ਹੈ ਸਾਹ,
  • ਔਖੇ ਆਉਂਦੇ ਸਾਹ ਜੇ ਬੱਚੇ ਲੱਗ ਜਾਣ ਕਰਨ ਖ਼ੁਆਰ।
  • ਆਪਣੀ ਮਾਂ ਦੇ ਵਰਗਾ…..
  • ਆਪ ਮਾਂ ਰਹਿ ਲਏ ਭੁੱਖੀ ਭਾਵੇਂ ਬੱਚਿਆਂ ਨੂੰ ਰਜਾਵੇ,
  • ਖਾਂਦੀ-ਖਾਂਦੀ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ ਪਾਵੇ,
  • ਆਪਣੇ ਹਿੱਸੇ ਦਾ ਸੁੱਖ ਦੇਵੇ ਆਪਣੀ ਔਲਾਦ ਤੋਂ ਵਾਰ।
  • ਆਪਣੀ ਮਾਂ ਦੇ ਵਰਗਾ…..
  • ਰਿਸ਼ਤੇ ਹੋਰ ਪਿਆਰੇ ਪਰ ਮਾਂ ਸਭ ਤੋਂ ਵੱਧ ਪਿਆਰੀ,
  • ਰੱਬ ਦਾ ਰੂਪ ਸਮਝਕੇ ਜਾਂਦੀ ਜੱਗ ਦੇ ਵਿਚ ਸਤਿਕਾਰੀ,
  • ਪੀਰ ਪੈਗ਼ੰਬਰਾਂ ਵੀ ਕੀਤਾ ਮਾਂ ਦੀ ਮਮਤਾ ਦਾ ਸਤਿਕਾਰ।
  • ਆਪਣੀ ਮਾਂ ਦੇ ਵਰਗਾ…..
  • ਕਹਿਣ ਸਿਆਣੇ ਦੁਨੀਆਂ ਵਾਲਿਓ ਮਾਂ ਹੁੰਦੀ ਹੈ ਮਾਂ,
  • ਚਾਚੀ ਤਾਈ ਲੈ ਨਾ ਸਕਦੀ ਕਦੇ ਵੀ ਇਸ ਦੀ ਥਾਂ
  • ‘ਚੋਹਲੇ’ ਵਾਲਾ ‘ਬੱਗਾ’ ਲਿਖਦਾ ਕਰਕੇ ਸੋਚ-ਵਿਚਾਰ,
  • ਆਪਣੀ ਮਾਂ ਦੇ ਵਰਗਾ ਕੋਈ ਕਰ ਨਾ ਸਕੇ ਪਿਆਰ।

ਰਮੇਸ਼ਾ ਬੱਗਾ ਚੋਹਲਾ,

ਰਿਸ਼ੀ ਨਗਰ ਐਕਸਟੈਨਸ਼ਨ(ਲੁਧਿਆਣਾ)
ਮੋ. 94631-32719
ਨੀਨਾ ਧੀਰ ਜੈਤੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।