ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ

ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ

5 ਮਈ ਦੇ ਦਿਨ 297 ਸਾਲ ਪਹਿਲਾਂ 1723 ਵਿਚ ਜੱਸਾ ਸਿੰਘ ਰਾਮਗੜੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਵਿਚ ਹੋਇਆ ਜੱਸਾ ਸਿੰਘ ਰਾਮਗੜੀਏ ਦੇ ਪੁਰਖਿਆਂ ਵੱਡੇ-ਵਡੇਰਿਆਂ ਨੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਸੇਵਾ ਕੀਤੀ ਜਿਸ ਕਰਕੇ ਜੱਸਾ ਸਿੰਘ ਰਾਮਗੜੀਏ ਨੂੰ ਗੁਰੂ ਘਰ ਦੀ ਸੇਵਾ ਅਤੇ ਜ਼ਬਰ-ਜ਼ੁਲਮ ਦੇ ਵਿਰੁੱਧ ਆਵਾਜ਼, ਮਜ਼ਲੂਮਾਂ ਦੀ ਰੱਖਿਆ ਦੀ ਗੁੜ੍ਹਤੀ ਮਿਲੀ। ਉਨ੍ਹਾਂ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਪਾਸੋਂ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਗਿਆਨੀ ਭਗਵਾਨ ਸਿੰਘ ਉੱਚ ਆਚਰਨ ਵਾਲੇ ਕਿਰਤੀ ਅਤੇ ਸਿਦਕਵਾਨ ਸਿੱਖ ਸਨ।

ਗਿਆਨੀ ਭਗਵਾਨ ਸਿੰਘ ਨੇ ਬਾਲਗ ਸ. ਜੱਸਾ ਸਿੰਘ ਨੂੰ ਤਰਖਾਣੇ ਕੰਮ ਵਿਚ ਹੱਥ ਵਟਾਉਣ ਲਈ ਲਾਉਣਾ ਚਾਹਿਆ, ਪ੍ਰੰਤੂ  ਯਤਨ ਕਰਨ ਦੇ ਬਾਵਜੂਦ ਉਸ ਨੇ ਤਰਖਾਣੇ ਕੰਮ ਵਿਚ ਦਿਲਚਸਪੀ ਨਾ ਲਈ। ਨਾਦਰ ਸ਼ਾਹ ਦੇ ਹਮਲੇ ਕਾਰਨ ਪਰਿਵਾਰ ਨੂੰ ਪਿੰਡ ਛੱਡਣਾ ਪਿਆ। 1738 ਈ: ਵਿਚ ਜਦੋਂ ਜ਼ਕਰੀਆ ਖਾਨ ਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਪੰਜਾਬ ਵਲ ਵਧ ਰਿਹਾ ਤਾਂ ਉਸਨੇ ਬਹਾਦਰ ਸਿੰਘਾਂ ਨਾਲ ਸੁਲਾਹ-ਸਫਾਈ ਕਰਕੇ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਮਦੱਦ ਲੈਣ ਲਈ ਸਿੱਖਾਂ ਨੂੰ ਇੱਕ ਜਗੀਰ ਤੇ ਖਿਲਤ ਪੇਸ਼ ਕੀਤੀ, ਜੋ ਸਿੱਖਾਂ ਨੇ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ।

ਮਿੱਤਰਤਾ ਦੇ ਫੈਸਲੇ ਨੂੰ ਸਾਰੇ ਸਿੰਘਾਂ ਨੇ ਪ੍ਰਵਾਨ ਕਰਕੇ ਨਾਦਰ ਸ਼ਾਹ ਦੇ ਖਿਲਾਫ ਜ਼ਕਰੀਆ ਖ਼ਾਨ ਦਾ ਸਾਥ ਦੇਣ ਦਾ ਪ੍ਰਣ ਲਿਆ। ਬਹੁਤ ਸਾਰੇ ਸਿੰਘ ਨਾਦਰ ਸ਼ਾਹ ਦੇ ਖਿਲਾਫ ਫ਼ੌਜ ਵਿਚ ਭਰਤੀ ਹੋ ਗਏ ਜਿਨ੍ਹਾਂ ਵਿਚ ਗਿਆਨੀ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਸ਼ਾਮਲ ਸਨ। ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫ਼ੌਜਾਂ ਵਿਚਕਾਰ 1738 ਈ: ਵਿਚ ਵਜੀਰਾਬਾਦ ਜ਼ਿਲ੍ਹਾ ਗੁੱਜਰਾਂਵਾਲਾ, ਪਾਕਿਸਤਾਨ) ਨੇੜੇ ਟਾਕਰਾ ਹੋਇਆ। ਇਸ ਘਮਸਾਣ ਦੀ ਲੜਾਈ ਵਿਚ  ਬਹਾਦਰੀ ਵਿਖਾਉਂਦਿਆਂ ਗਿਆਨੀ ਭਗਵਾਨ ਸਿੰਘ ਸ਼ਹੀਦ ਹੋ ਗਏ।

ਜੱਸਾ ਸਿੰਘ ਦੀ ਉਸ ਵੇਲੇ ਉਮਰ 15 ਕੁ ਸਾਲ ਸੀ। ਜੱਸਾ ਸਿੰਘ ਇੰਨੀ ਦਲੇਰੀ, ਨਿੱਡਰਤਾ, ਸੂਰਬੀਰਤਾ ਤੇ ਹਿੰਮਤ ਨਾਲ ਲੜਿਆ ਕਿ ਜ਼ਕਰੀਆ ਖਾਨ ਵੀ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ। ਜ਼ਕਰੀਆ ਖ਼ਾਨ ਨੇ ਗਿਆਨੀ ਭਗਵਾਨ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਜਗੀਰ ਵਜੋਂ ਦੇ ਦਿੱਤੇ ਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ।

ਇਨ੍ਹਾਂ ਵਿਚੋਂ ਪਿੰਡ ਵੱਲਾ ਜੱਸਾ ਸਿੰਘ ਦੇ ਹਿੱਸੇ ਆਇਆ ਜਿੱਥੋਂ ਉਨ੍ਹਾਂ ਦਾ ਰਾਜਸੀ ਜੀਵਨ ਆਰੰਭ ਹੋਇਆ। ਇਸ ਪਿੰਡ ਵਿਚ ਰਹਿੰਦਿਆਂ ਜਲੰਧਰ ਦੁਆਬੇ ਦੇ ਫ਼ੌਜ਼ਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ  ਨੌਰੰਗਾਬਾਦ ਦੇ ਆਸ-ਪਾਸ ਲੜਾਈ ਲੜੀ ਗਈ ਜੋ ਵੱਲੇ ਦੀ ਲੜਾਈ ਕਰਕੇ ਮਸ਼ਹੂਰ ਹੈ। ਸਿੱਖਾਂ ਨੇ ਆਪਣੀ ਫ਼ੌਜ ਜੱਥੇਬੰਦ ਕਰ ਲਈ। ਅਦੀਨਾ ਬੇਗ ਬਹੁਤ ਚਲਾਕ ਹਾਕਮ ਸੀ ਉਹ ਸ. ਜੱਸਾ ਸਿੰਘ ਦੀ ਸੂਰਮਤਾਈ ਤੇ ਸਿਆਣਪ ਜਾਣ ਚੁੱਕਾ ਸੀ ਇਸ ਲਈ ਵੈਰ ਵਧਾਉਣ ਦੀ ਬਜਾਏ ਉਸਦੀ ਤਾਕਤ ਦਾ ਫਾਇਦਾ ਲੈਣ ਦੀ ਰਣਨੀਤੀ ਅਪਣਾਈ।

ਜੱਸਾ ਸਿੰਘ ਨੂੰ ਆਪਣੀ ਫ਼ੌਜ਼ ਵਿੱਚ ਭਰਤੀ ਕਰਕੇ 500 ਘੋੜ ਸਵਾਰਾਂ ਦਾ ਆਗੂ ਨਿਯੁਕਤ ਕਰ ਦਿੱਤਾ। ਇੱਧਰੋਂ ਸਿੱਖ ਸਰਦਾਰ ਵੀ ਸ. ਜੱਸਾ ਸਿੰਘ ਨੂੰ ਅਦੀਨਾ ਬੇਗ ਨਾਲ ਗੱਲਬਾਤ ਕਰਨ ਲਈ ਆਪਣੇ ਸਫੀਰ ਦੇ ਤੌਰ ‘ਤੇ ਰੱਖਣਾ ਚਾਹੁੰਦੇ ਸਨ ਸਿਰਫ ਸ. ਜੱਸਾ ਸਿਘ ਆਹਲੂਵਾਲੀਆ ਹੀ ਅਦੀਨਾ ਬੇਗ ਨਾਲ ਸੁਲਾਹ ਦੇ ਖਿਲਾਫ ਸੀ।

ਸੰਨ 1747 ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੋਂ ਪਿੱਛੋਂ ਵਿਸਾਖੀ ‘ਤੇ ਸ੍ਰੀ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਉੱਘੇ ਸਿੱਖ ਆਗੂਆਂ ਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਮੰਦਰ ਸ਼ਾਹਿਬ ਦੀ ਰਾਖੀ ਲਈ ਕਿਲੇ ਉਸਾਰਨੇ ਚਾਹੀਦੇ ਹਨ।

ਇਸ ਫੈਸਲੇ ਪਿੱਛੋਂ ਪਹਿਲਾ ਕਿਲਾ ਅੰਮ੍ਰਿਤਸਰ ਦੀ ਧਰਤੀ ‘ਤੇ ਉਸਾਰਨ ਲਈ 1748 ਈ: ਨੂੰ ਸ਼ਹਿਰ ਦੇ ਪੂਰਬ ਵਾਲੇ ਪਾਸੇ ਇੱਕ ਕੱਚੀ ਗੜ੍ਹੀ ਦਾ ਕੰਮ ਸ਼ੁਰੂ ਕਰਕੇ 500 ਯੋਧਿਆਂ ਦੇ ਰਹਿਣ ਲਈ ਗੜ੍ਹੀ ਤਿਆਰ ਕਰ ਦਿੱਤੀ । ਇਸਦਾ ਨਾਂਅ ‘ਰਾਮਰੌਣੀ’ ਰੱਖਿਆ ਗਿਆ। 1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਤੇ ਇਸਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ‘ਤੇ ਭਾਰੀ ਹਾਰ ਦਿੱਤੀ, ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕੇ ਉਸਨੂੰ ਮੀਰ-ਮੰਨੂ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿੱਤਾ।

ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖ ਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ। ਅਮਨ ਕਾਇਮ ਕਰਨ ਦੇ ਬਹਾਨੇ ਉਸਨੇ ਇਲਾਕੇ ਵਿਚ ਗਸ਼ਤੀ ਭੇਜ ਕੇ ਸਿੰਘਾਂ ਦੇ ਕਤਲੇ-ਆਮ ਦਾ ਹੁਕਮ ਚਾੜ੍ਹ ਦਿੱਤਾ।

ਸਿੰਘ ਹਮੇਸ਼ਾ ਵਾਂਗ ਜੰਗਲਾਂ ਵਿਚ ਆਪਣੀਆਂ ਲੁਕਣਗਾਹਾਂ ‘ਚ ਰੁਪੋਸ਼ ਹੋ ਗਏ। ਕੁਝ ਚੋਣਵੇਂ ਸਿੰਘ ਯੋਧੇ ਹਰਮੰਦਰ ਸਾਹਿਬ ਦੀ ਰਾਖੀ ਹਿੱਤ ਰਾਮ ਰੌਣੀ ਵਿਚ ਜਮ੍ਹਾ ਹੋ ਗਏ। ਮੀਰ ਮਨੂੰ ਨੂੰ ਜਦ ਇਸ ਗੱਲ ਦੀ ਖਬਰ ਮਿਲੀ ਤਾਂ ਉਸਨੇ ਆਪਣੀਆਂ ਫ਼ੌਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਤੇ ਨਾਲ ਹੀ ਅਦੀਨਾ ਬੇਗ ਨੂੰ ਵੀ ਫ਼ੌਜ ਸਮੇਤ ਅੰਮ੍ਰਿਤਸਰ ਪਹੁੰਚਣ ਲਈ ਕਿਹਾ। ਹੁਣ ਮਜ਼ਬੂਰ ਹੋ ਕੇ ਅਦੀਨਾ ਬੇਗ ਨੂੰ ਸ. ਜੱਸਾ ਸਿੰਘ ਨੂੰ ਨਾਲ ਲੈ ਕੇ ਰਾਮ ਰੌਣੀ ਦੇ ਘੇਰੇ ਵਿਚ ਸ਼ਾਮਲ ਹੋਣਾ ਪਿਆ।

ਤਕਰੀਬਨ 6 ਮਹੀਨੇ ਘੇਰਾ ਪਿਆ ਰਿਹਾ, ਰਾਮ ਰੌਣੀ ਅੰਦਰ ਰਾਸ਼ਨ ਵਗੈਰਾ ਮੁੱਕਣ ਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ। ਇਸ ਦੌਰਾਨ ਸਿੰਘਾਂ ਨੂੰ ਪਤਾ ਲੱਗਾ ਕਿ ਮੁਗਲ ਫ਼ੌਜ ਵਿਚ ਸ. ਜੱਸਾ ਸਿੰਘ ਵੀ ਆਪਣੇ ਸਾਥੀਆਂ ਨਾਲ ਸ਼ਾਮਲ ਹੈ ਤਾਂ ਉਹਨਾਂ ਨੇ ਉਸਨੂੰ ਸੰਦੇਸ਼ਾ ਘਲਿਆ ਕਿ ਇਸ ਵੇਲੇ ਅਸੀਂ ਮੁਸੀਬਤ ਵਿਚ ਹਾਂ ਤੇ ਸਾਡੀ ਮੱਦਦ ਕਰ। ਇਹ ਜਾਣਕੇ ਫੌਰਨ ਹੀ ਸ. ਜੱਸਾ ਸਿੰਘ ਮੁਗਲ ਫ਼ੌਜ਼ ਦਾ ਸਾਥ ਛੱਡ ਕੇ ਆਪਣੇ ਸਾਰੇ ਸਾਥੀਆਂ ਸਮੇਤ ਰਾਮ ਰੌਣੀ ਵਿਚ ਆ ਗਿਆ।

ਇਸ ਤਰ੍ਹਾਂ ਕਰਨ ਨਾਲ ਸਿੱਖ ਫ਼ੌਜ ਦੇ ਹੌਂਸਲੇ ਦੁੱਗਣੇ ਹੋ ਗਏ ਤੇ ਮੁਗਲ ਫ਼ੌਜ ਦੇ ਹੌਂਸਲੇ ਪਸਤ ਹੋ ਗਏ। Àੁੱਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਦਿਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਾਹ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ।

ਇਸ ਤੋਂ ਬਾਅਦ ਸਿੱਖ ਸਰਦਾਰਾਂ ਨੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਅਤੇ ਸ. ਜੱਸਾ ਸਿੰਘ ਦੀ ਇਸ ਔਖੇ ਸਮੇਂ ਕੌਮ ਦੀ ਮੱਦਦ ਕਰਨ ਲਈ ਬਹੁਤ ਪ੍ਰਸ਼ੰਸ਼ਾ ਕੀਤੀ ਤੇ ਉਸਨੂੰ ਰਾਮ ਰੌਣੀ ਦੀ ਜੱਥੇਦਾਰੀ ਸੌਂਪ ਦਿੱਤੀ। ਸ. ਜੱਸਾ ਸਿੰਘ ਨੇ ਜੱਥੇਦਾਰੀ ਮਿਲਣ ਤੋਂ ਬਾਅਦ ਰਾਮ ਰੌਣੀ ਨੂੰ ਇੱਕ ਵਿਸ਼ਾਲ ਪੱਕੇ ਕਿਲੇ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਂਅ ‘ਰਾਮਗੜ’ ਰੱਖ ਦਿੱਤਾ। ਹੁਣ ਇਹ ਸਿੱਖਾਂ ਦਾ ਕਿਲਾ ‘ਰਾਮਗੜ’ ਮੁਗਲਾਂ ਦੀਆਂ ਅੱਖਾਂ ਵਿਚ ਰੜਕਣ ਲੱਗਾ। ਰਾਮਗੜ ਕਿਲੇ ਨੂੰ ਢਾਹੁਣ ਤੇ ਵਾਰ-ਵਾਰ ਉਸਾਰਨ ਤੇ ਇਸਦੀ ਰਾਖੀ ਲਈ ਲੜਦਿਆਂ ਸ. ਜੱਸਾ ਸਿੰਘ ਤੇ ਬਾਕੀ ਸਾਰੇ ਸਿੰਘਾਂ ਨੂੰ ਰਾਮਗੜ ਕਿਲੇ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗਾ।

ਸ. ਜੱਸਾ ਸਿੰਘ ਹੁਣ ਰਾਮਗੜੀਆ ਵਜੋਂ ਜਾਣਿਆ ਜਾਣ ਲੱਗ ਪਿਆ। ਜਦੋਂ ਸਿੱਖ ਬਾਰਾਂ ਮਿਸਲਾਂ ਵਿਚ ਵੰਡੇ ਗਏ ਤਾਂ ਸ. ਜੱਸਾ ਸਿੰਘ ਉਸ ਵੇਲੇ ਸ. ਨੰਦ ਸਿੰਘ ਸੰਘਾਣੀਆਂ ਦੀ ਮਿਸਲ ਵਿਚ ਸੀ ਅਤੇ ਸੰਘਾਣੀਆਂ ਦੀ ਮੌਤ ਤੋਂ ਬਾਅਦ ਇਸ ਨੂੰ ਮਿਸਲ ਦਾ ਮੁਖੀ ਥਾਪ ਦਿੱਤਾ ਗਿਆ ਜੋ ਕਿ ਬਾਅਦ ਵਿਚ ‘ਰਾਮਗੜੀਆ ਮਿਸਲ’ ਵਜੋਂ ਮਸ਼ਹੂਰ ਹੋਈ।

Jassa Singh Ramgarhia | ਸ. ਜੱਸਾ ਸਿੰਘ ਰਾਮਗੜੀਆ ਨੇ ਆਪਣੀ ਬਹਾਦਰੀ, ਸਿਆਣਪ, ਦੂਰਅੰਦੇਸ਼ੀ ਨਾਲ ਇਸ ਮਿਸਲ ਨੂੰ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਬਣਾ ਦਿੱਤਾ ਅਤੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਥਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ। ਆਪਣੇ ਰਾਜ ਵਿੱਚ ਤਕਰੀਬਨ 360 ਕਿਲੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਰਾਮਗੜੀਆ ਬੁੰਗਾ ਤੇ ਦੋ ਮਿਨਾਰ ਬਣਾਏ। ਮਹਾਰਾਜਾ ਜੱਸਾ ਸਿੰਘ ਰਾਮਗੜੀਏ ਦੀਆਂ ਲਗਾਤਾਰ ਜਿੱਤਾਂ ਨਾਲ ਫ਼ੌਜੀ ਤਾਕਤ ਵਿਚ ਵਾਧਾ ਹੋਣ ਕਰਕੇ ਸਾਰੀਆਂ ਮਿਸਲਾਂ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਈਆਂ।

ਸ. ਜੱਸਾ ਸਿੰਘ ਆਹਲੂਵਾਲੀਏ ਦੀ ਰਾਮਗੜੀਆਂ ਹੱਥੋਂ ਗ੍ਰਿਫਤਾਰੀ ਅਤੇ ਸ. ਚੜਤ ਸਿੰਘ ਸ਼ੁਕਰਚੱਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾ ਮੁੱਢ ਬੰਨ੍ਹ ਦਿੱਤਾ। ਇਹਨਾਂ ਨੇ ਰਾਮਗੜੀਏ ਦੇ ਸਾਰੇ ਇਲਾਕਿਆਂ ‘ਤੇ 1776 ਈ: ਨੂੰ ਕਬਜਾ ਕਰ ਲਿਆ। ਰਾਮਗੜੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇਂ ਯੋਧਿਆਂ ਨਾਲ ਸਤਲੁਜ ਤੋਂ ਪਾਰ ਚਲਾ ਗਿਆ, ਜਿਥੇ ਪਟਿਆਲਾ ਰਿਆਸਤ ਦੇ ਰਾਜੇ ਸ. ਅਮਰ ਸਿੰਘ ਨੇ ਉਸ ਨਾਲ ਦੋਸਤੀ ਦਾ ਹੱਥ ਵਧਾਇਆ ਕਿਉਂਕਿ ਉਹ ਜੱਸਾ ਸਿੰਘ ਦੀ ਬਹਾਦਰੀ, ਤਾਕਤ, ਸਿਆਣਪ ਤੇ ਯੁੱਧ ਕੁਸ਼ਲਤਾ ਨੂੰ ਜਾਣਦਾ ਸੀ। ਰਾਜਾ ਉਸਨੂੰ ਆਪਣੇ ਵਿਰੋਧੀਆਂ ਖਿਲਾਫ ਮੱਦਦ ਲਈ ਵਰਤਣਾ ਚਾਹੁੰਦਾ ਸੀ।

ਇਸ ਲਈ ਉਨ੍ਹਾਂ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਦੇ ਦਿੱਤਾ। ਸਿੱਖ ਫ਼ੌਜ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ, ਇੱਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਆਪਣੀਆਂ ਫ਼ੌਜਾਂ  ਨਾਲ ਤੇ ਦੂਸਰੇ ਪਾਸੇ ਤੋਂ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਬਘੇਲ ਸਿੰਘ ਵੀ ਆਪਣੀਆਂ ਫ਼ੌਜ਼ਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫ਼ੌਜਾਂ ਨੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲੇ ਵਿੱਚ ਦਾਖਲ ਹੋ ਕੇ ਕਿਲੇ ‘ਤੇ ਕਬਜਾ ਕਰ ਲਿਆ ਅਤੇ ਕੇਸਰੀ ਨਿਸ਼ਾਨ ਲਹਿਰਾ ਕੇ ਜਿੱਤ ਦਾ ਝੰਡਾ ਗੱਡ ਦਿੱਤਾ।

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ ਪੰਜਾਬ ਵਾਪਿਸ ਆ ਕੇ ਦੁਬਾਰਾ ਰਾਮਗੜੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ। ਅਖੀਰ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜੀਆ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਵਿਖੇ ਕੁਝ ਸਮਾਂ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਏ।

ਉੱਘੀ ਸ਼ਖਸੀਅਤ ਸਨ ਗਿਆਨੀ ਜ਼ੈਲ ਸਿੰਘ 104 ਸਾਲ ਪਹਿਲਾਂ 1916 ਵਿਚ ਗਿਆਨੀ ਜ਼ੈਲ ਸਿੰਘ ਨੇ ਮਾਤਾ ਇੰਦੀ ਕੌਰ ਦੀ ਕੁੱਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ਜਨਮ ਲਿਆ। ਗਿਆਨੀ ਜ਼ੈਲ ਸਿੰਘ ਨੂੰ 25 ਜੁਲਾਈ 1982  ਵਿਚ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ ਕਿਲੇ ਦੀ ਫ਼ਸੀਲ ‘ਤੇ 26 ਜਨਵਰੀ 1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਉਹ ਇਸ ਅਹੁਦੇ ‘ਤੇ 25 ਜੁਲਾਈ, 1987 ਤੱਕ ਰਹੇ।

ਉਹ ਇਸ ਤੋਂ ਪਹਿਲਾਂ ਪੈਪਸੂ ਵਿਚ ਮਾਲ ਅਤੇ ਖੇਤੀਬਾੜੀ ਮੰਤਰੀ, 1972 ਤੋਂ 1977 ਵਿਚ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤੱਕ ਭਾਰਤ ਦੇ ਗ੍ਰਹਿ ਮੰਤਰੀ  ਰਹੇ। ਉਨ੍ਹਾਂ ਦੀ ਪੰਜਾਬ  ਦੇ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ।

ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ। ਗਿਆਨੀ ਜੀ ਨੇ  ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ  ਦੋ ਤਖ਼ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਨ ਵਾਲਾ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ।ਗਿਆਨੀ ਜੀ ਹਮੇਸ਼ਾ ਸੁਤੰਤਰਤਾ ਸੰਗਰਾਮੀਆਂ ਦੀ ਮਦੱਦ ਨੂੰ ਪਹਿਲ ਦਿੰਦੇ ਸਨ ਭਾਵੇਂ ਉਹ ਕਿਸੇ ਵੀ ਅਹੁਦੇ ‘ਤੇ ਰਹੇ। ਗਿਆਨੀ ਜੀ ਅਖੀਰ ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ।

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਰਿਟਾ),    
ਨਿਊ ਦਸਮੇਸ਼ ਨਗਰ,  ਮੋਗਾ
ਮੋ. 98157-84100
ਗਿਆਨ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।