ਸਰਕਾਰੀ ਦਾਅਵੇ ਨਹੀਂ ਬਣ ਸਕੇ ਮਜ਼ਦੂਰਾਂ ਦੇ ਦਰਦ ਦੀ ਦਵਾ

ਸਰਕਾਰੀ ਦਾਅਵੇ ਨਹੀਂ ਬਣ ਸਕੇ ਮਜ਼ਦੂਰਾਂ ਦੇ ਦਰਦ ਦੀ ਦਵਾ

ਦੇਸ਼ ਤੇ ਦੁਨੀਆਂ ਭਰ ਵਿਚ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਤਾਂ ਬੜੀ ਧੂਮਧਾਮ ਨਾਲ ਜਾਂਦਾ, ਪਰੰਤੂ ਇਹ ਦਿਨ ਮਜ਼ਦੂਰਾਂ ਦੀ ਤਕਦੀਰ ਬਦਲਣ ਵਿਚ ਅੱਜ ਤੱਕ ਕਾਰਗਰ ਸਾਬਿਤ ਨਹੀਂ ਹੋ ਸਕਿਆ। ਦੁਨੀਆਂ ਅੰਦਰ ਕਿਸੇ ਵੀ ਦੇਸ, ਸੰਸਥਾ ਅਤੇ ਉਦਯੋਗ ਵਿਚ ਮਜ਼ਦੂਰਾਂ, ਕਾਮਿਆਂ ਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਉਦਯੋਗ ਵਿਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ।

ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜ੍ਹਾ ਨਹੀਂ ਰਹਿ ਸਕਦਾ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਅਮਰੀਕਾ ਵਿਚ 1 ਮਈ 1886 ਤੋਂ ਮੰਨੀ ਜਾਂਦੀ ਹੈ। ਉਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਇੱਕ ਮਾਰਕੀਟ ਵਿਚ ਬੰਬ ਧਮਾਕਾ ਹੋਇਆ ਸੀ।

ਇਹ ਬੰਬ ਕਿਸਨੇ ਸੁੱਟਿਆ ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੀ। ਇਸ ਦੇ ਸਿੱਟੇ ਵਜੋਂ ਪੁਲਿਸ ਨੇ ਮਜ਼ਦੂਰਾਂ ‘ਤੇ ਗੋਲੀ ਚਲਾ ਕੇ 7 ਮਜ਼ਦੂਰ ਮਾਰ ਦਿੱਤੇ। ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ,ਪਸਤੌਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵੱਲੋਂ ਆਈਆਂ, ਜਿੱਥੇ ਪੁਲਿਸ ਖੜ੍ਹੀ ਸੀ, ਤੇ ਭੀੜ ਵੱਲੋਂ ਇਕ ਵੀ ਫਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ ਮੁੱਢਲੀਆਂ ਅਖਬਾਰੀ ਰਿਪੋਰਟਾਂ ਵਿਚ ਭੀੜ ਵੱਲੋਂ ਗੋਲੀਬਾਰੀ ਦਾ ਵੀ ਕੋਈ ਜ਼ਿਕਰ ਨਹੀਂ ਮਿਲਦਾ। ਇਨ੍ਹਾਂ ਘਟਨਾਵਾਂ ਦਾ ਭਾਵੇਂ ਅਮਰੀਕਾ ਉੱਤੇ ਕੋਈ ਵੱਡਾ ਪ੍ਰਭਾਵ ਨਹੀਂ ਸੀ ਪਿਆ।

ਇਸ ਤੋਂ ਬਾਅਦ 1889 ਈਸਵੀ ਵਿਚ ਪੈਰਿਸ ਵਿਖੇ ਹੋਈ ਅੰਤਰਰਾਸ਼ਟਰੀ ਮਹਾਂ ਸਭਾ ਦੌਰਾਨ ਇਹ  ਮਤਾ ਪਾਸ ਕੀਤਾ ਗਿਆ ਕਿ 1 ਮਈ ਨੂੰ ਹਰ ਸਾਲ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇ। ਉਸ ਸਮੇਂ ਤੋਂ ਦੁਨੀਆਂ ਦੇ 80 ਦੇਸ਼ਾਂ ਵਿਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਇਤਿਹਾਸ ਵਿਚ ਮਈ ਦਿਵਸ ਬਾਰੇ ਜਿਕਰ ਆਉਂਦਾ ਹੈ ਕਿ ‘ਲੇਬਰ ਕਿਸਾਨ ਪਾਰਟੀ ਆਫ ਹਿੰਦੁਸਤਾਨ’ ਜਿਸ ਦੇ ਲੀਡਰ ‘ਸਿੰਗਰਾਵੇਲੂ ਚਟਿਆਰ’ ਸਨ, ਨੇ ਮਦਰਾਸ ਦੇ ਲਾਗੇ (ਹੁਣ ਚੇੱਨਈ) ਪਹਿਲੀ ਮਈ 1923 ਨੂੰ ਲਾਲ ਝੰਡਾ ਲਹਿਰਾ ਕੇ ਮਈ ਦਿਵਸ ਮਨਾਇਆ।

ਉਸ ਸਮੇਂ ਦੁਨੀਆਂ ਦੇ ਸਾਰੇ ਮੁਲਕਾਂ ਵਿਚ ਮਜ਼ਦੂਰ ਜਮਾਤ ਸੁਚੇਤ ਹੋਣ ਲੱਗੀ ਸੀ, ਜਿਸ ਕਰਕੇ ਮਈ ਦਿਵਸ ਦੁਨੀਆਂ ਦੇ ਹਰ ਮੁਲਕ ਵਿਚ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀ ਇਕਮੁੱਠਤਾ ਦਾ ਤਿਉਹਾਰ ਮੰਨਿਆ ਜਾਣ ਲੱਗ ਪਿਆ।  ਮਾਸਕੋ ਦੀ ਕਮਿਊਨਿਸਟ ਸਰਕਾਰ ਨੇ ਮਈ ਦਿਵਸ ਨੂੰ ਦੇਸ਼ ਦੀ ਮਿਲਟਰੀ ਤਾਕਤ ਦਾ ਪ੍ਰਦਰਸ਼ਨ ਦਿਨ ਬਣਾ ਲਿਆ। ਇਸ ਦਿਨ ਵੱਡੀਆਂ-ਵੱਡੀਆਂ ਰੈਲੀਆਂ ਕੱਢਣੀਆਂ ਵੀ ਸ਼ੁਰੂ ਕੀਤੀਆਂ ਗਈਆਂ। ਮਜ਼ਦੂਰਾਂ ਦੇ ਬਣਦੇ ਹੱਕਾਂ ਦੀ ਗੱਲ ਸਮਾਜਿਕ ਤੇ ਧਾਰਮਿਕ ਤੌਰ ਵੀ ਕੀਤੀ ਜਾਂਦੀ ਰਹੀ ਹੈ।

ਜਿਕਰ ਆਉਂਦਾ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸਮੇਂ ਦੌਰਾਨ ਦੁਨੀਆਂ ਨੂੰ ਜਿੱਥੇ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ, ਉੱਥੇ ਉਨ੍ਹਾਂ ਵੀ ਆਪਣੇ ਸਮੇਂ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਬਣਦੇ ਹੱਕਾਂ ਲਈ ਅਵਾਜ ਉਠਾਈ ਸੀ, ਉਨ੍ਹਾਂ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਸੀ, ਅਤੇ ਭਾਈ ਲਾਲੋ ਦੀ ਕਿਰਤ ਕਮਾਈ ਨੂੰ ਸਤਿਕਾਰ ਦਿੱਤਾ ਸੀ। ਉਨ੍ਹਾਂ ਗਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁੱਖ ਤੋਂ ਗੁਰਮੁਖ ਤੱਕ ਦੀ ਯਾਤਰਾ ਕਰਨ ਦਾ ਸੰਦੇਸ਼ ਵੀ ਦਿੱਤਾ।

ਦੇਸ਼ ਦੀ ਅਜ਼ਾਦੀ ਵਿਚ ਅਹਿਮ ਰੋਲ ਨਿਭਾਉਣ ਵਾਲੇ ਮਹਾਤਮਾ ਗਾਂਧੀ ਨੇ ਵੀ ਮਜ਼ਦੂਰਾਂ ਦੇ ਬਣਕੇ ਹੱਕਾਂ ਦੀ ਗੱਲ ਕਰਦਿਆਂ ਆਖਿਆ ਸੀ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉੱਥੋਂ ਦੇ ਮਿਹਨਤਕਸ਼ ਲੋਕਾਂ ਅਤੇ ਕਿਸਾਨਾਂ ‘ਤੇ ਨਿਰਭਰ ਕਰਦੀ ਹੈ। ਉਦਯੋਗਪਤੀ ਤੇ ਪ੍ਰਬੰਧਕ ਆਪਣੇ-ਆਪ ਨੂੰ ਮਾਲਕ ਸਮਝਣ ਦੀ ਬਜਾਏ ਟਰੱਸਟੀ ਸਮਝਣ। ਉਨ੍ਹਾਂ ਦਾ ਮੰਨਣਾ ਸੀ ਕਿ ਜਿਸ ਤਰ੍ਹਾਂ ਲੋਕਤੰਤਰੀ ਢਾਂਚੇ ਵਿਚ ਸਰਕਾਰ ਲੋਕਾਂ ਵੱਲੋਂ ਚੁਣੀ ਜਾਂਦੀ ਹੈ।

ਦੇ ਦੇ ਲੋਕ ਰਾਜਨੀਤਕ ਲੋਕਾਂ ਨੂੰ ਦੇਸ਼ ਦੀ ਵਾਗਡੋਰ ਇੱਕ ਟਰੱਸਟੀ ਦੇ ਰੂਪ ਵਿਚ ਸੌਂਪਦੇ ਹਨ। ਉਸ ਤੋਂ ਬਾਅਦ ਰਾਜਨੀਤਕ ਲੋਕਾਂ ਦਾ ਪਹਿਲਾ ਫਰਜ ਬਣਦਾ ਹੈ ਕਿ ਉਹ ਸਰਕਾਰ ਬਣਨ ਤੋਂ ਬਾਅਦ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਦੇ ਵਿਕਾਸ, ਭਲਾਈ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਕੇ ਰੱਖਣ ਦੇ ਕੀਤੇ ਵਾਅਦਿਆਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰਨ।

ਕਿਉਂਕਿ ਮਜ਼ਦੂਰਾਂ ਤੇ ਕਿਸਾਨਾਂ ਦਾ ਰਾਜ ਪ੍ਰਬੰਧ ਨੂੰ ਚਲਾਉਣ ਵਿਚ ਵੀ ਵੱਡਾ ਰੋਲ ਹੁੰਦਾ ਹੈ। ਜਿਸ ਕਰਕੇ ਸਰਕਾਰ ਦਾ ਰੋਲ ਉਦਯੋਗਿਕ ਸ਼ਾਂਤੀ, ਉਦਯੋਗਪਤੀਆਂ ਤੇ ਮਜ਼ਦੂਰਾਂ ਦਰਮਿਆਨ ਸ਼ਾਂਤਮਈ ਪਰਿਵਾਰਕ ਸਬੰਧ ਕਾਇਮ ਕਰਨਾ, ਝਗੜੇ ਦੀ ਹਾਲਤ ਵਿਚ ਸੁਲ੍ਹਾ-ਸਫਾਈ ਤੇ ਸਮਝੌਤਾ ਕਰਾਉਣਾ, ਝਗੜਾ ਪੈਦਾ ਕਰਨ ਵਾਲੇ ਮਸਲਿਆਂ ਨੂੰ ਉਦਯੋਗਿਕ ਟ੍ਰਿਬਿਊਨਲ ਬਣਾ ਕੇ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕੁਦਰਤੀ ਨਿਆਂ ਦੇ ਅਸੂਲ ਦੇ ਸਿਧਾਂਤ ਅਨੁਸਾਰ ਇਨਸਾਫ ਦਿਵਾਉਣਾ ਹੋਣਾ ਚਾਹੀਦਾ। ਉਨ੍ਹਾਂ ਦੀ ਬਿਹਤਰੀ ਲਈ ਸਮੇਂ-ਸਮੇਂ ਸਿਰ ਕਾਨੂੰਨੀ ਤੇ ਜਾਬਤਾ ਪ੍ਰਣਾਲੀ ਨਿਰਧਾਰਤ ਕਰਨਾ ਹੁੰਦਾ।

ਅਸੀਂ ਸਾਰੇ ਇਹ ਭਲੀਭਾਂਤ ਜਾਣਦੇ ਹਾਂ ਕਿ ਸਰਕਾਰਾਂ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰੰ ਕਿੰਨਾ ਨਿਭਾਉਂਦੀਆਂ ਹਨ। ਉਧਰ ਦੂਸਰੇ ਪਾਸੇ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਾਲ ਵਿਚ ਸਿਰਫ ਇੱਕ ਦਿਨ ਮਜ਼ਦੂਰ ਦੇ ਹੱਕਾਂ ਦੀ ਗੱਲ ਕਰਨ ਨਾਲ ਮਜ਼ਦੂਰਾਂ ਦੀ ਤਰਸਯੋਗ ਹਾਲਤ ਵਿਚ ਸੁਧਾਰ ਆਉਣਾ ਮੁਸ਼ਕਿਲ ਹੀ ਨਹੀਂ ਬਹੁਤ ਹੀ ਮੁਸ਼ਕਿਲ ਲੱਗ ਰਿਹਾ। ਕਿਉਂਕਿ ਸਾਡੇ ਦੇਸ਼ ਦੇ ਸਿਆਸੀ ਆਗੂ ਤਾਂ ਆਪਣੀ ਕੁਰਸੀ ਨੂੰ ਬਚਾਉਣ ਖਾਤਿਰ ਝੂਠੇ ਵਾਅਦਿਆਂ, ਲਾਲਚਾਂ, ਡਰ-ਭੈਅ ਅਤੇ ਹੋਰ ਪੁੱਠੇ ਸਿੱਧੇ ਤਰੀਕਿਆਂ ਦੇ ਜਾਲ ਵਿਚ ਫਸਾ ਕੇ 5 ਸਾਲ ਲੋਕਾਂ ਨੂੰ ਆਪਣੀਆਂ ਉਂਗਲੀਆਂ ‘ਤੇ ਨਚਾਉਂਦੇ ਰਹਿੰਦੇ ਹਨ।

ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਮਜ਼ਦੂਰਾਂ ਵਾਸਤੇ ਅੱਜ ਤੱਕ ਮਸੀਹਾ ਨਹੀਂ ਬਣ ਸਕਿਆ। ਜੋ ਮਜ਼ਦੂਰਾਂ ਦੀਆਂ ਆਰਥਿਕ ਮਜ਼ਬੂਰੀਆਂ ਤੇ ਉਦਾਸੀਆਂ ਦਾ ਨਕਾਬ ਲਾਹ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ਹਾਲੀ ਦਾ ਨਕਾਬ ਪਹਿਨਾ ਸਕੇ। ਕਿਸੇ ਲਾ-ਇਲਾਜ ਬਿਮਾਰੀ ਨਾਲ ਸੀਰੀਅਸ ਹੋਏ ਮਰੀਜ ਦੀ ਦਿਨ-ਬ-ਦਿਨ ਵਿਗੜਦੀ ਹਾਲਤ ਵਾਂਗ ਦੇਸ਼ ਦੇ ਮਜ਼ਦੂਰ ਦੀ ਮਾਲੀ ਹਾਲਤ ਵੀ ਦਿਨੋਂ-ਦਿਨ  ਵਿਗੜਦੀ ਜਾ ਰਹੀ ਹੈ।

ਕਿਉਂਕਿ ਅੱਜ ਦੇ ਸਮੇਂ ਵਿਚ ਚੱਲ ਰਹੇ ਮਸ਼ੀਨੀਯੁਗ ਕਾਰਨ ਮਹੀਨਿਆਂ ਵਾਲਾ ਕੰਮਾਂ ਦਿਨਾਂ ਤੇ ਘੰਟਿਆਂ ਵਿਚ ਖਤਮ ਹੋ ਜਾਣ ਕਰਕੇ ਅੱਜ ਦਾ ਮਜ਼ਦੂਰ ਦੋ ਵਕਤ ਦੀ ਰੋਟੀ ਨੂੰ ਤਰਸਦਾ ਹੋਇਆ, ਆਪਣੇ ਸਿਰ ਚੜ੍ਹੇ ਹੋਏ ਕਰਜੇ ਦੀ ਪੰਡ ਨੂੰ ਉਤਾਰਨ ਲਈ ਮੌਕੇ ਦੀਆਂ ਸਰਕਾਰਾਂ ਵੱਲ ਦੇਖਦਾ ਹੈ।

ਅਜਿਹਾ ਨਹੀਂ ਕਿ ਮਜ਼ਦੂਰ ਨੇ ਆਪਣੀ ਲਾਚਾਰ ਜਿੰਦਗੀ ਨੂੰ ਬਦਲਣ ਵਾਸਤੇ ਕੋਈ ਯਤਨ ਨਹੀਂ ਕੀਤਾ ਮਜ਼ਦੂਰ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਮਿਹਨਤ ਕਰਨ ਵਿਚ ਤਾਂ ਕਦੇ ਢਿੱਲ ਨਹੀਂ ਕੀਤੀ, ਪਰੰਤੂ ਪਤਾ ਨਹੀਂ ਕੀ ਗੱਲ ਉਸ ਦੀ ਗਰੀਬੀ ਦੂਰ ਹੋਣ ਦਾ ਨਾਂਅ ਤੱਕ ਨਹੀਂ ਲੈਂਦੀ। ਜਦੋਂ ਕਿ ਗਰੀਬ ਦੀ ਸਖ਼ਤ ਮਿਹਨਤ ਨਾਲ ਅਮੀਰ ਘਰਾਣੇ ਦਿਨ-ਬ-ਦਿਨ ਹੋਰ ਵੀ ਅਮੀਰ ਹੋ ਗਏ।

ਜਿਸ ਕਰਕੇ ਗਰੀਬ ਤੇ ਮਜ਼ਦੂਰ ਵਰਗ ਦੇ ਲੋਕ ਅੱਜ ਵੀ ਅਮੀਰ ਲੋਕਾਂ ਦੀ ਗੁਲਾਮੀ ਦਾ ਸੰਤਾਪ ਭੋਗਣ ਲਈ ਮਜ਼ਬੂਰ ਹਨ। ਪਰ ਇੰਜ ਪ੍ਰਤੀਤ ਹੁੰਦਾ, ਜਿਵੇਂ ਮੌਕੇ ਦੀਆਂ ਸਾਰੀਆਂ ਹੀ ਸਰਕਾਰਾਂ ਮਜ਼ਦੂਰ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚੋਂ ਕੱਢਣਾ ਨਾ ਚਾਹੁੰਦੀਆਂ ਹੋਣ। ਇਹ ਗੱਲ ਵੀ ਪ੍ਰਤੀਤ ਹੁੰਦੀ ਹੈ ਕਿ ਜਿਸ ਦਿਨ ਮਜ਼ਦੂਰਾਂ ਤੇ ਕਿਸਾਨਾਂ ਦੀ ਥੋੜ੍ਹੀ ਜਿਹੀ ਵੀ ਆਰਥਿਕ ਸਥਿਤੀ ਵਿਚ ਸੁਧਾਰ ਆ ਗਿਆ, ਉਸ ਦਿਨ ਉਹ ਆਪਣੇ ਬਣਦੇ ਸੰਵਿਧਾਨਕ ਹੱਕਾਂ ਨੂੰ ਸਰਕਾਰ ਤੋਂ ਪੂਰਾ ਕਰਵਾਉਣ ਲਈ ਸੰਘਰਸ਼ਸੀਲ ਤਰੀਕਿਆਂ ਦਾ ਇਸਤੇਮਾਲ ਵੀ ਕਰ ਸਕਦੇ ਹਨ।

ਦੱਬੇ ਕੁਚਲੇ, ਗਰੀਬ ਤੇ ਮਜ਼ਦੂਰ ਲੋਕਾਂ ਦੇ ਹੱਕਾਂ ਦੀ ਗੱਲ ਆਪਣੇ ਸਮੇਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕੀਤੀ, ਉਨ੍ਹਾਂ ਦੇ ਸਮੇਂ ਵਿਚ ਔਰੰਗਜੇਬ ਨੇ ਕਿਸ ਤਰ੍ਹਾਂ ਆਮ ਤੇ ਗਰੀਬ ਵਰਗ ਦੇ ਲੋਕਾਂ ‘ਤੇ ਅੱਤਿਆਚਾਰ ਢਾਹੇ ਸਨ। ਉਨ੍ਹਾਂ ਨੇ ਗਰੀਬ ਤੇ ਮਜ਼ਦੂਰ ਵਰਗ ਦੇ ਹੱਕ ਵਿਚ ਔਰੰਗਜੇਬ ਨੂੰ ਮੂੰਹ ਤੋੜ ਜਵਾਬ ਦੇਕੇ ਠੱਲ੍ਹ ਪਾਈ ਸੀ।

ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਵੀ ਸਮਾਜ ਦੇ ਉੱਚ ਵਰਗ ਵੱਲੋਂ ਅਛੂਤ ਕਹੇ ਜਾਣ ਵਾਲੇ ਮਜ਼ਦੂਰ ਵਰਗ ਦੇ ਲੋਕਾਂ ਖਾਤਿਰ ਕਿਸ ਤਰ੍ਹਾਂ ਕਾਨੂੰਨ ਵਿਚ ਸੋਧ ਕਰਕੇ ਬਣਦਾ ਕਾਨੂੰਨੀ ਹੱਕ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਲਈ ਮਈ ਦਿਵਸ ਦਾ ਇਤਿਹਾਸ ਅੱਜ ਵੀ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਲਈ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦਾ ਹੈ ਤੇ ਦਿੰਦਾ ਰਹੇਗਾ। ਮਈ ਦਿਵਸ ਸਾਨੂੰ ਸੁਚੇਤ ਕਰਦਾ ਹੈ ਕਿ ਮੰਗੇ ਬਿਨਾਂ ਹੱਕ ਕਦੇ ਨਹੀਂ ਮਿਲਦੇ, ਅਤੇ ਹੱਕ ਮੰਗਣ ਲਈ ਏਕਤਾ ਦੀ ਸਖ਼ਤ ਜਰੂਰਤ ਪੈਂਦੀ ਹੈ। ਅੱਜ ਦੇ ਯੁਗ ਵਿਚ ਇਸ ਸੰਘਰਸ ਨੂੰ ਹੋਰ ਵੀ ਤੇਜ ਕਰਨ ਦੀ ਜਰੂਰਤ ਮਹਿਸੂਸ ਹੁੰਦੀ ਹੈ।
 ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।