ਪ੍ਰਭਾਵਸ਼ਾਲੀ ਵੀਡੀਓ ਕਾਨਫਰੰਸਿੰਗ ਲਈ ਨੁਕਤੇ
ਕਰੋਨਾ ਵਾਇਰਸ ਦੇ ਚੱਲਦਿਆਂ ਵੱਖ-ਵੱਖ ਵਿਭਾਗਾਂ ਅਤੇ ਕੰਪਨੀਆਂ ਵੱਲੋਂ ਆਪਣੇ ਕੰਮਾਂ-ਕਾਰਾਂ ਦੀ ਰਫ਼ਤਾਰ ਬਣਾਈ ਰੱਖਣ ਲਈ ਵਰਚੁਅਲ ਮੀਟਿੰਗਾਂ ਯਾਨੀ ਕਿ ਆਨਲਾਈਨ ਮਿਲਣੀਆਂ ਕਰਨ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਵੀਡੀਓ ਕਾਨਫਰੰਸਿੰਗ ਕਰਨ ਲਈ ਵੱਖ-ਵੱਖ ਐਪਸ ਰਾਹੀਂ ਸਕੂਲ ਮੁਖੀਆਂ, ਅਧਿਆਪਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਬਣਾਇਆ ਹੋਇਆ ਹੈ। ਬੱਚੇ ਬਾਲ ਸਭਾਵਾਂ ਕਰ ਰਹੇ ਹਨ।
ਮੈਰੀਟੋਰੀਅਸ ਬੱਚਿਆਂ ਨੂੰ ਵਧੀਆ ਅੰਕ ਪ੍ਰਾਪਤ ਕਰਨ ਦੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਗੂਗਲ ਮੀਟ ਰਾਹੀਂ ਅਧਿਆਪਕ ਜਮਾਤਾਂ ਲੈ ਕੇ ਬਕਾਇਦਾ ਨਿਯਮਿਤ ਤਰੀਕੇ ਨਾਲ ਪੜ੍ਹਾ ਰਹੇ ਹਨ। ਟੈਲੀਫੋਨ ਰਾਹੀਂ ਕੀਤੇ ਆਨਲਾਈਨ ਸਰਵੇ ਅਨੁਸਾਰ ਸਕੂਲ ਅਧਿਆਪਕਾਂ ਨੇ ਮੰਨਿਆ ਹੈ ਕਿ ਇਨ੍ਹਾਂ ਵਰਚੁਅਲ ਮੀਟਿੰਗਾਂ ਰਾਹੀਂ 70 ਪ੍ਰਤੀਸ਼ਤ ਭਾਵਪੂਰਤ ਜਾਣਕਾਰੀ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਨੂੰ ਆਪਣਾ ਕੰਮਕਾਰ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਰਹੀ ਹੈ।
ਸੂਚਨਾ ਤਕਨੀਕ ਦੇ ਯੰਤਰਾਂ ਰਾਹੀਂ ਕੀਤੀਆਂ ਜਾ ਰਹੀਆਂ ਇਨ੍ਹਾਂ ਮੀਟਿੰਗਾਂ ਦੀ ਸਫਲਤਾ ਲਈ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਇਨ੍ਹਾਂ ਮੀਟਿੰਗਾਂ ਦਾ ਇੱਕ ਵਿਅਕਤੀ ਮੇਜ਼ਬਾਨ ਹੁੰਦਾ ਹੈ। ਮੇਜ਼ਬਾਨ ਦਾ ਤੇਜ਼-ਤਰਾਰ ਬੁਲਾਰਾ ਹੋਣਾ ਜ਼ਰੂਰੀ ਹੈ ਤੇ ਮੀਟਿੰਗ ਰਾਹੀਂ ਵਿਚਾਰੇ ਜਾਣ ਵਾਲੇ ਮੁੱਦਿਆਂ ‘ਤੇ ਉਸ ਦੀ ਪੂਰੀ ਪਕੜ ਹੋਣੀ ਚਾਹੀਦੀ ਹੈ।
ਕਿਹੜੇ ਵਿਅਕਤੀ ਨੂੰ ਕਦੋਂ ਬੁਲਾਉਣਾ ਹੈ ਇਹ ਮੇਜ਼ਬਾਨ ਦੇ ਹੱਥ ਹੀ ਹੁੰਦਾ ਹੈ। ਮੀਟਿੰਗਾਂ ਨੂੰ ਸ਼ੋਰ-ਮੁਕਤ ਚਲਾਉਣ ਲਈ ਪ੍ਰਬੰਧਕਾਂ ਨੇ ਬੋਲਣ ਵਾਲੇ ਵਿਅਕਤੀ ਤੋਂ ਬਿਨਾਂ ਸਾਰਿਆਂ ਦੇ ਮਾਈਕ ਬੰਦ ਕਰਕੇ ਰੱਖਣੇ ਹੁੰਦੇ ਹਨ। ਅਸੀਂ ਇਨ੍ਹਾਂ ਵੀਡੀਓ ਕਾਨਫਰੰਸਾਂ ਲਈ ਜੋ ਵੀ ਐਪ ਡਾਊਨਲੋਡ ਕੀਤੀ ਹੈ ਉਸ ਨੂੰ ਅੱਪਡੇਟ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਵਿੱਚ ਰੋਜ਼ ਨਵੇਂ ਫੀਚਰ ਜੋੜ ਦਿੱਤੇ ਜਾਂਦੇ ਹਨ
ਜਿਨ੍ਹਾਂ ਦੀ ਵਰਤੋਂ ਨਾਲ ਇਹ ਮੀਟਿੰਗਾਂ ਪ੍ਰਭਾਵਸ਼ਾਲੀ ਹੋ ਜਾਂਦੀਆਂ ਹਨ। ਆਨਲਾਈਨ ਮੀਟਿੰਗ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਹਾਜ਼ਰ ਹੋਵੋ ਤਾਂ ਜੋ ਤੁਹਾਨੂੰ ਆਪਣੇ ਲੈਪਟਾਪ ਜਾਂ ਮੋਬਾਈਲ ਫੋਨ ਦੇ ਵੀਡੀਓ ਅਤੇ ਆਡੀਓ ਦੇ ਸਹੀ ਪ੍ਰਸਾਰਨ ਬਾਰੇ ਪਤਾ ਲੱਗ ਸਕੇ। ਜੇਕਰ ਤੁਸੀਂ ਮੇਜਬਾਨ ਹੋ ਤਾਂ ਸੁਭਾਵਿਕ ਹੀ ਤੁਹਾਨੂੰ ਪਹਿਲਾਂ ਆਉਣਾ ਪਵੇਗਾ ਤਾਂ ਜੋ ਤੁਸੀਂ ਦੂਜੇ ਵਿਅਕਤੀਆਂ ਨੂੰ ਵੀਡੀਓ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਗਿਆ ਦੇ ਸਕੋ।
ਮੋਬਾਇਲ ਦੀ ਬੈਟਰੀ ਵੀ ਪੂਰੀ ਚਾਰਜ ਕਰਕੇ ਰੱਖੋ। ਵੀਡੀਓ ਕਾਨਫਰੰਸਿੰਗ ਸਾਡੇ ਲਈ ਨਵਾਂ ਤਜਰਬਾ ਹੋਣ ਕਰਕੇ ਜੇਕਰ ਤੁਸੀਂ ਮੇਜ਼ਬਾਨ ਹੋ ਤਾਂ ਸਭ ਤੋਂ ਪਹਿਲਾਂ ਭਾਗ ਲੈ ਰਹੇ ਵਿਅਕਤੀਆਂ ਨੂੰ ਇਸ ਬਾਰੇ ਤਕਨੀਕੀ ਜਾਣਕਾਰੀ ਦੇ ਦਿਓ ਅਰਥਾਤ ਵੀਡੀਓ-ਆਡੀਓ ਨੂੰ ਬੰਦ ਕਰਨ ਜਾਂ ਚਲਾਉਣ ਵਾਲੇ ਬਟਨਾਂ ਨਾਲ ਜਾਣ-ਪਛਾਣ ਕਰਵਾ ਦਿਓ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਕਈ ਵਾਰੀ ਨਵੇਂ ਲੋਕ ਸ਼ਾਮਿਲ ਹੁੰਦੇ ਹਨ ਉਨ੍ਹਾਂ ਨੂੰ ਵੀਡੀਓ ਕਾਨਫਰੰਸ ਦੇ ਸੰਖੇਪ ਵਿਸ਼ਾ-ਵਸਤੂ ਅਤੇ ਆਪਣੇ ਬਾਰੇ ਸੰਖੇਪ ਵਿੱਚ ਦੱਸ ਦਿਓ।
ਭਾਗ ਲੈਣ ਵਾਲੇ ਵਿਅਕਤੀਆਂ ਨੂੰ ਦੱਸ ਦਿਓ ਕਿ ਜੇਕਰ ਉਨ੍ਹਾਂ ਨੇ ਸਵਾਲ ਪੁੱਛਣਾ ਹੈ ਤਾਂ ਕਿਸੇ ਨੂੰ ਵਿਅਕਤੀਗਤ ਤੌਰ ‘ਤੇ ਜਾਂ ਸਾਰੇ ਸਮੂਹ ਨੂੰ ਸੁਨੇਹਾ ਲਿਖ ਕੇ ਪੁੱਛ ਸਕਦੇ ਹਨ। ਮੀਟਿੰਗ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਜੋ ਵਿਅਕਤੀ ਦਾਖ਼ਲ ਹੁੰਦੇ ਹਨ ਉਨ੍ਹਾਂ ਦੀ ਉਨ੍ਹਾਂ ਨੂੰ ਨਾਂਅ ਲੈ ਕੇ ਜੀ ਆਇਆਂ ਕਹਿਣ ਨਾਲ ਵੀਡੀਓ ਕਾਨਫਰੰਸ ਦਾ ਮਾਹੌਲ ਧਨਾਤਮਿਕ ਹੋ ਜਾਂਦਾ ਹੈ।
ਵਰਚੁਅਲ ਮੀਟਿੰਗ ਅਸੀਂ ਘਰ ਬੈਠ ਕੇ ਕਰ ਰਹੇ ਹਾਂ ਪਰ ਫਿਰ ਵੀ ਮੀਟਿੰਗ ਵਕਤ ਦਫ਼ਤਰੀ ਪਹਿਰਾਵਾ ਪਹਿਨ ਕੇ ਰੱਖੋ , ਇਸ ਨਾਲ ਦਫ਼ਤਰੀ ਮਾਹੌਲ ਸਿਰਜਣ ਤੋਂ ਇਲਾਵਾ ਮਰਿਆਦਾ ਵੀ ਬਣੀ ਰਹਿੰਦੀ ਹੈ। ਵੀਡੀਓ ਕਾਨਫਰੰਸ ਵਿੱਚ ਸਾਡਾ ਸੀਨੇ ਤੋਂ ਉੱਪਰ ਵਾਲਾ ਭਾਗ ਹੀ ਨਜ਼ਰ ਆਉਣਾ ਹੁੰਦਾ ਹੈ, ਇਸ ਲਈ ਜ਼ਿਆਦਾ ਚਮਕਦਾਰ ਗਹਿਣੇ ਜਾਂ ਹੋਰ ਸਜਾਵਟੀ ਵਸਤੂਆਂ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਨ੍ਹਾਂ ਨਾਲ ਭਾਗ ਲੈਣ ਵਾਲੇ ਦੂਸਰੇ ਵਿਅਕਤੀਆਂ ਦਾ ਧਿਆਨ ਭੰਗ ਹੋ ਜਾਂਦਾ ਹੈ।
ਜੇਕਰ ਸਾਹਿਤ ਸਭਾ ਦੀ ਮੀਟਿੰਗ ਹੋ ਰਹੀ ਹੈ ਤਾਂ ਤੁਹਾਡਾ ਪਹਿਰਾਵਾ ਲੇਖਕਾਂ ਵਾਲਾ ਹੋਣਾ ਚਾਹੀਦਾ ਹੈ ਤੇ ਤੁਸੀਂ ਜਿੱਥੇ ਬੈਠ ਕੇ ਗੱਲ ਕਰ ਰਹੇ ਹੋ ਪਿੱਛੇ ਕਿਤਾਬਾਂ ਨਜ਼ਰ ਆਉਂਦੀਆਂ ਹੋਣ ਤਾਂ ਵਧੀਆ ਰਹਿੰਦਾ ਹੈ। ਵੀਡੀਓ ਕਾਨਫਰੰਸ ਦੌਰਾਨ ਤੁਹਾਡੇ ਬੈਠਣ ਦਾ ਢੰਗ ਸਹੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਕੈਮਰਾ ਇੰਨਾ ਨੇੜੇ ਹੈ ਕਿ ਕੇਵਲ ਥ੍ਹੋੜਾ ਮੱਥਾ ਹੀ ਦਿਸ ਰਿਹਾ ਹੈ ਤਾਂ ਵਧੀਆ ਨਹੀਂ ਲੱਗਦਾ। ਕੈਮਰੇ ਨੂੰ ਇੱਕ ਥਾਂ ਪੱਕਾ ਫ਼ਿਕਸ ਕਰਕੇ ਸਾਹਮਣੇ ਬੈਠ ਜਾਓ। ਵਾਰ-ਵਾਰ ਹਿੱਲਣ ਨਾਲ ਅਸੀਂ ਪ੍ਰਭਾਵਹੀਣ ਹੋ ਜਾਂਦੇ ਹਾਂ।
ਈਅਰਫੋਨ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਅਸੀਂ ਆਪਣੀ ਗੱਲ ਸਪੱਸ਼ਟ ਤੌਰ ‘ਤੇ ਸੁਣ ਤੇ ਕਹਿ ਸਕੀਏ। ਵਰਚੁਅਲ ਮੀਟਿੰਗ ਘਰ ਸ਼ਾਂਤ ਕਮਰੇ ਵਿੱਚ ਬੈਠ ਕੇ ਕਰੋ। ਪ੍ਰੰਤੂ ਵੀਡੀਓ ਕਾਨਫਰੰਸਿੰਗ ਦੌਰਾਨ ਜੇਕਰ ਅਸੀਂ ਘਰ ਤੋਂ ਬਾਹਰ ਹੋਈਏ ਤਾਂ ਇਸ ਸਮੇਂ ਬਾਹਰਲੀਆਂ ਆਵਾਜ਼ਾਂ ਦਾ ਸ਼ੋਰ ਦੂਸਰਿਆਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ।
ਬਾਹਰ ਕੁੱਤਿਆਂ ਦਾ ਭੌਂਕਣਾ, ਮਸ਼ੀਨਰੀ ਦਾ ਸ਼ੋਰ , ਕਿਸੇ ਧਾਰਮਿਕ ਥਾਂ ਤੋਂ ਸਪੀਕਰ ਦੀ ਆਵਾਜ , ਲੋਕਾਂ ਦੀ ਆਵਾਜ਼ ਦੇ ਸ਼ੋਰ ਆਦਿ ਕਾਰਕਾਂ ਨਾਲ ਕਈ ਵਾਰੀ ਕਿਸੇ ਵਕਤੇ ਵੱਲੋਂ ਕਹੀ ਜਾ ਰਹੀ ਜ਼ਰੂਰੀ ਗੱਲ ਮਿਸ ਹੋ ਜਾਂਦੀ ਹੈ। ਅਜੋਕੇ ਲਾਕ ਡਾਊਨ ਦੇ ਸਮੇਂ ਵਿੱਚ ਵੀਡੀਓ ਕਾਨਫਰੰਸਿੰਗ ਆਦਾਨ-ਪ੍ਰਦਾਨ ਦਾ ਵਧੀਆ ਤਰੀਕਾ ਹੈ ਹੀ , ਪਰ ਆਮ ਹਾਲਤਾਂ ਵਿੱਚ ਵੀ ਇਹ ਰਾਬਤਾ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਹੈ ਕਿਉਂਕਿ ਇਸ ਨਾਲ ਸਮਾਂ, ਸਫ਼ਰ ਅਤੇ ਊਰਜਾ ਦੀ ਬੱਚਤ ਹੁੰਦੀ ਹੈ । ਅਸੀਂ ਵੀਡੀਓ ਤੋਂ ਬਿਨਾਂ ਕੇਵਲ ਆਡੀਓ ਕਾਨਫ਼ਰੰਸ ਕਾਲ ਵੀ ਕਰ ਸਕਦੇ ਹਾਂ।
ਇਸ ਸੰਕਟ ਕਾਲੀਨ ਸਮੇਂ ਵਿੱਚ ਕਾਰਜਸ਼ੀਲ ਰਹਿਣਾ ਬਹੁਤ ਜ਼ਰੂਰੀ ਹੈ। ਸਾਡੀ ਉਤਪਾਦਿਕਤਾ ਦਾ ਆਧਾਰ ਸਾਡਾ ਆਪਸੀ ਆਦਾਨ-ਪ੍ਰਦਾਨ ਹੈ। ਸੂਚਨਾ ਤਕਨੀਕ ਨੂੰ ਕੇਵਲ ਵਟਸਐਪ, ਫੇਸਬੁੱਕ, ਟਿੱਕ ਟਾਕ ਤੱਕ ਹੀ ਸੀਮਤ ਨਾ ਰੱਖੀਏ ਸਗੋਂ ਸਾਰੇ ਕੰਮਾਂ ਦੀ ਰਫਤਾਰ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਵੀ ਇਸ ਦੀ ਵਰਤੋਂ ਕਰੀਏ ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।