ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਵਿਧਾਇਕ ਨਵਤੇਜ ਚੀਮਾ ਦੇਣਗੇ 30 ਫੀਸਦੀ ਤਨਖ਼ਾਹ ਦਾਨ

Tript Bajwa

ਅਗਲੇ 6 ਮਹੀਨੇ ਲਈ ਕੋਰੋਨਾ ਰਲੀਫ਼ ਫੰਡ ਵਿੱਚ ਹਰ ਮਹੀਨੇ ਦਿੱਤੀ ਜਾਏਗੀ 30 ਫੀਸਦੀ ਤਨਖ਼ਾਹ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਜੰਗ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੇ ਆਪਣੀ ਤਨਖ਼ਾਹ ਵਿੱਚੋਂ 30 ਫੀਸਦੀ ਹਿੱਸਾ ਹਰ ਮਹੀਨੇ ਦਾਨ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨਾਂ ਦੋਹਾ ਵਲੋਂ ਹਰ ਮਹੀਨੇ ਕੋਰੋਨਾ ਰਲੀਫ਼ ਫੰਡ ਵਿੱਚ ਇਹ ਪੈਸਾ ਦਿੱਤਾ ਜਾਏਗਾ ਅਤੇ ਅਗਲੇ 6 ਮਹੀਨੇ ਤੱਕ ਇਹ ਪੈਸਾ ਦੇਣਗੇ।

ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੀ ਦੁਨੀਆ ਦੀ ਤਰਾਂ ਪੰਜਾਬ ਵੀ ਇਸ ਵੇਲੇ ਕੋਰੋਨਾ ਦੀ ਕਰੋਪੀ ਕਾਰਨ ਅਤਿ ਗੰਭੀਰ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਿਹਤ, ਪੁਲੀਸ, ਪੇਂਡੂ ਵਿਕਾਸ ਤੇ ਪੰਚਾਇਤ ਸਮੇਤ ਸੂਬੇ ਦੇ ਕਈ ਹੋਰ ਮਹਿਕਮਿਆਂ ਦੇ ਮੁਲਾਜ਼ਮ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਕੋਰੋਨਾ ਵਿਰੁੱਧ ਮੂਹਰੇ ਹੋ ਕੇ ਜੰਗ ਲੜ ਰਹੇ ਹਨ। ਜੰਗ ਲੜ ਰਹੇ ਇਹਨਾਂ ਯੋਧਿਆਂ ਨੂੰ ਸੁਰੱਖਿਆ ਕਿੱਟਾਂ ਅਤੇ ਮਾਸਕਾਂ ਦੀ ਲੋੜ ਹੈ ਜਦੋਂ ਕਿ ਮਰੀਜ਼ਾਂ ਲਈ ਦਵਾਈਆਂ ਅਤੇ ਵੈਂਟੀਲੇਟਰ ਚਾਹੀਦੇ ਹਨ। ਉਹਨਾਂ ਕਿਹਾ ਕਿ ਰੋਗ ਦੀ ਛੇਤੀ ਪਛਾਣ ਕਰ ਕੇ ਇਸ ਨੂੰ ਠੱਲਣ ਲਈ ਟੈਸਟਿੰਗ ਵਧਾਉਣ ਦੀ ਲੋੜ ਹੈ ਜਿਸ ਲਈ ਟੈਸਟਿੰਗ ਕਿੱਟਾਂ ਖ਼ਰੀਦੀਆਂ ਜਾਣੀਆਂ ਹਨ। ਇਹ ਸਾਰਾ ਸਾਜ਼ੋ-ਸਮਾਨ ਖਰੀਦਣ ਲਈ ਪੈਸੇ ਦੀ ਬੜੀ ਵੱਡੀ ਲੋੜ ਹੈ।ਇਸ ਲਈ ਉਨਾਂ ਵਲੋਂ ਇਸ ਮੌਕੇ ਆਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਦੇਣ ਦਾ ਐਲਾਨ ਕੀਤਾ ਹੈ। ਇਥੇ ਵਿਧਾਇਕ ਨਵਤੇਜ ਚੀਮਾ ਨੇ ਵੀ ਇਹੋ ਹੀ ਐਲਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।