ਪੰਜਾਬ ‘ਚ ਕੋਰੋਨਾ ਮੌਤ ਦਰ ਉੱਤਰੀ ਸੂਬਿਆ ‘ਚੋਂ ਸਭ ਤੋਂ ਜਿਆਦਾ, ਇਲਾਜ ‘ਤੇ ਉੱਠ ਚੁੱਕੀ ਐ ਉਂਗਲੀ

Fight with Corona

ਪੰਜਾਬ ਸਰਕਾਰ ਦੇ ਇੰਤਜ਼ਾਮ ਤੋਂ ਸੰਤੁਸ਼ਟ ਨਹੀਂ ਹਨ ਲੋਕ, ਕਈ ਕਰ ਚੁੱਕੇ ਹਨ ਸ਼ਿਕਾਇਤ

ਪੰਜਾਬ ਵਿੱਚ ਮੌਤ ਫੀਸਦੀ ਦਰ 8 ਫੀਸਦੀ ਜਦੋਂ ਕਿ ਠੀਕ ਹੋਣ ਵਾਲੇ ਮਰੀਜ਼ਾ ਦੀ ਦਰ ਸਿਰਫ਼ 13 ਫੀਸਦੀ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਾਰ ਵਿਚਕਾਰ ਪੰਜਾਬ ਵਿੱਚ ਸਿਹਤ ਸੇਵਾਵਾਂ ‘ਤੇ ਵੀ ਬਹੁਤ ਜਿਆਦਾ ਉਂਗਲੀ ਉੱਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਉੱਤਰੀ ਭਾਰਤ ਵਿੱਚ ਪੰਜਾਬ ਵਿੱਚ ਕੋਰੋਨਾ ਨਾਲ ਮੌਤ ਦੀ ਫ਼ੀਸਦੀ ਦਰ ਕਾਫ਼ੀ ਜਿਆਦਾ ਹੈ, ਜਦੋਂ ਕਿ ਪੰਜਾਬ ਦੇ ਗੁਆਂਢੀ ਸੂਬਿਆ ਵਿੱਚ ਮੌਤ ਦੀ ਫੀਸਦੀ ਦਰ ਘੱਟ ਹੋਣ ਦੇ ਨਾਲ ਹੀ ਉਥੇ ਮਰੀਜ਼ਾ ਦੇ ਠੀਕ ਹੋਣ ਦੀ ਫੀਸਦੀ ਪੰਜਾਬ ਨਾਲੋਂ ਜਿਆਦਾ ਹੈ। ਪੰਜਾਬ ਦੀ ਰਾਜਧਾਨੀ ਵਿਖੇ ਵੀ ਸਥਿਤੀ ਕਾਫ਼ੀ ਜਿਆਦਾ ਚੰਗੀ ਹੈ, ਜਿਥੇ ਹੁਣ ਤੱਕ 19 ਕੋਰੋਨਾ ਮਰੀਜ਼ ਆਏ ਤਾਂ ਉਨ੍ਹਾਂ ਵਿੱਚੋਂ 37 ਫੀਸਦੀ ਦਰ ਨਾਲ ਠੀਕ ਹੋ ਕੇ 8 ਮਰੀਜ਼ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ, ਜਦੋਂ ਕਿ ਇਥੇ ਮੌਤ ਇੱਕ ਵੀ ਨਹੀਂ ਹੋਈ ਹੈ।

ਇਸ ਦੇ ਉਲਟ ਪੰਜਾਬ ਵਿੱਚ 158 ਕੋਰੋਨਾ ਪੀੜਤਾਂ ਵਿੱਚੋਂ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਮੌਤ ਫੀਸਦੀ ਦਰ 8 ਦਰਜ਼ ਕੀਤੀ ਜਾ ਰਹੀਂ ਹੈ, ਜਦੋਂ ਕਿ ਠੀਕ ਹੋਣ ਵਾਲੀਆ ਵਿੱਚ ਸਿਰਫ਼ 20 ਹੀ ਸਾਹਮਣੇ ਆਏ ਹਨ, ਜਿਸ ਕਾਰਨ ਠੀਕ ਹੋਣ ਵਾਲੇ ਮਰੀਜ਼ਾ ਦੀ 13 ਫੀਸਦੀ ਦਰ ਹੀ ਹੈ।

ਇਥੇ ਹੀ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਉਂਗਲੀ ਉੱਠ ਚੁੱਕੀ ਹੈ। ਇੱਕ ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਠੀਕ ਨਾ ਹੋਣ ਦੇ ਕਾਰਨ ਮੌਤ ਹੋਣ ਦਾ ਦੋਸ਼ ਲਗਾਇਆ ਹੋਇਆ ਹੈ ਤਾਂ ਇੱਕ ਸਿਹਤ ਵਿਭਾਗ ਦੇ ਅਧਿਕਾਰੀ ਦਾ ਇਸ ਕਰਕੇ ਤਬਾਦਲਾ ਕਰ ਦਿੱਤਾ ਗਿਆ ਕਿ ਉਸ ਵਲੋਂ ਕੋਰੋਨਾ ਦੇ ਮਾਮਲੇ ਵਿੱਚ ਡਿਊਟੀ ਦੌਰਾਨ ਅਣਗਹਿਲੀ ਵਰਤੀ ਗਈ ਸੀ। ਜਿਸ ਕਾਰਨ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਉਂਗਲੀ ਲਗਾਤਾਰ ਉੱਠ ਰਹੀਂ ਹੈ। ਜਿਸ ਬਾਰੇ ਸਿਹਤ ਵਿਭਾਗ ਦੇ ਅਧਿਕਾਰੀ ਕੋਈ ਜਿਆਦਾ ਜਾਣਕਾਰੀ ਨਹੀਂ ਦੇ ਰਹੇ।

ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਲਾਕ ਡਾਊਨ ਦੇ ਨਾਲ ਹੀ ਪੰਜਾਬ ਵਿੱਚ ਕਰਫਿਊ ਲਗਾਉਂਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸਖ਼ਤੀ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ ਸੀ। ਇਸ ਸਖ਼ਤੀ ਨੂੰ ਜਿਥੇ ਪੰਜਾਬੀਆਂ ‘ਤੇ ਲਾਗੂ ਕੀਤਾ ਗਿਆ ਤਾਂ ਉਥੇ ਹੀ ਸਿਹਤ ਸੇਵਾਵਾਂ ਵਿੱਚ ਵੀ ਕੋਈ ਵੀ ਕੁਤਾਹੀ ਨਾ ਵਰਤਣ ਦੇ ਆਦੇਸ਼ ਸਨ ਪਰ ਫਿਰ ਵੀ ਪੰਜਾਬ ਵਿੱਚ ਮੌਜੂਦਾ ਕੋਰੋਨਾ ਪੀੜਤਾਂ ਦੇ ਇਲਾਜ ਅਤੇ ਮੌਤ ਦੇ ਅੰਕੜਿਆਂ ਬਾਰੇ ਸੁਆਲ ਵੱਡੇ ਪੱਧਰ ‘ਤੇ ਉੱਠ ਰਹੇ ਹਨ।

ਪੰਜਾਬ ਵਿੱਚ ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਦਿੱਲੀ ਅਤੇ ਰਾਜਸਥਾਨ ਸਣੇ ਉੱਤਰੀ ਭਾਰਤ ਦੇ ਲਗਭਗ ਸਾਰੇ ਸੂਬਿਆ ਵਿੱਚੋਂ ਮੌਤ ਦੀ ਦਰ ਵਿੱਚ ਪੰਜਾਬ ਹੀ ਸਭ ਤੋਂ ਅੱਗੇ ਚਲ ਰਿਹਾ ਹੈ। ਮਰੀਜ਼ਾਂ ਦੀ ਰਿਕਵਰੀ ਦੇ ਮਾਮਲੇ ਵਿੱਚ ਵੀ ਪੰਜਾਬ ਵਿੱਚ ਕੋਈ ਜ਼ਿਆਦਾ ਮਰੀਜ਼ ਠੀਕ ਹੋ ਕੇ ਹੁਣ ਤੱਕ ਆਪਣੇ ਘਰਾਂ ਨੂੰ ਨਹੀਂ ਪਹੁੰਚੇ ਹਨ।

ਗੁਆਂਢੀ ਸੂਬੇ ਹਰਿਆਣਾ ਵਿੱਚ ਸਥਿਤੀ ਬਿਲਕੁਲ ਉਲਟ

ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਸਥਿਤੀ ਇਸ ਤੋਂ ਬਿਲਕੁਲ ਹੀ ਉਲਟ ਹੈ। ਜਿਥੇ ਕਿ ਇਸ ਸਮੇਂ ਤੱਕ ਸਿਰਫ਼ 1 ਫੀਸਦੀ ਦਰ ਨਾਲ 162 ਵਿੱਚੋਂ ਸਿਰਫ਼ 2 ਹੀ ਮੌਤਾਂ ਹੋਈਆ ਹਨ, ਜਦੋਂ ਕਿ ਪੰਜਾਬ ਵਿੱਚ 158 ਦੇ ਮੁਕਾਬਲੇ 12 ਮੌਤਾਂ ਹੋ ਗਈਆਂ ਹਨ। ਇਸ ਨਾਲ ਹਰਿਆਣਾ ਵਿੱਚ 162 ਵਿੱਚੋਂ 22 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ, ਜਦੋਂ ਕਿ ਪੰਜਾਬ ਵਿੱਚ 158 ਵਿੱਚੋਂ ਹੁਣ ਤੱਕ ਸਿਰਫ਼ 20 ਮਰੀਜ਼ ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤੇ ਹਨ।

ਉੱਤਰੀ ਭਾਰਤ ਦੇ ਸੂਬਿਆ ਵਿੱਚ ਮੌਤ ਅਤੇ ਠੀਕ ਹੋਣ ਦੀ ਫੀਸਦੀ

  • ਸੂਬਾ  ਕੋਰੋਨਾ ਪੀੜਤ  ਠੀਕ ਹੋਏ  ਮੌਤ
  • ਪੰਜਾਬ   158   20  12
  • ਹਰਿਆਣਾ 162   22  2
  • ਹਿਮਾਚਲ ਪ੍ਰਦੇਸ਼ 30   2  2
  • ਜੰਮੂ ਕਸ਼ਮੀਰ 207   6  4
  • ਦਿੱਲੀ  903   27  14
  • ਉੱਤਰ ਪ੍ਰਦੇਸ਼ 433   32   4
  • ਰਾਜਸਥਾਨ 579   60  3
  • ਚੰਡੀਗੜ੍ਹ   19   7  0

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।