ਕਰਫਿਊ ਦਾ ਸੁਖ਼ਦ ਪਹਿਲੂ : ‘ਕੋਵਿਡ-19’ ਦੀ ਲੜੀ ਬੇਸ਼ੱਕ ਨਹੀਂ ਟੁੱਟੀ ਪਰ ‘ਡਰੱਗਜ਼’ ‘ਤੇ ਕਸਿਆ ਸ਼ਿਕੰਜਾ

ਪਿੰਡ-ਪਿੰਡ ਠੀਕਰੀ ਪਹਿਰੇ, ਨਸ਼ੇੜੀ ਤੇ ਸਮੱਗਲਰ ਮਾਰਨ ਲੱਗੇ ਧਾਹਾਂ

ਨਸ਼ਾ ਛੁਡਾਊ ਕੇਂਦਰਾਂ ‘ਚ ਵਧਣ ਲੱਗੀ ਮਰੀਜ਼ਾਂ ਦੀ ਗਿਣਤੀ

ਸੰਗਰੂਰ, (ਗੁਰਪ੍ਰੀਤ ਸਿੰਘ) ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਭਾਵੇਂ ਦੇਸ਼ ਦੀ ਆਰਥਿਕਤਾ ਤੇ ਲੋਕਾਂ ਦੀ ਵਿੱਤੀ ਹਾਲਤ ‘ਤੇ ਵੱਡੀ ਸੱਟ ਲੱਗੀ ਹੈ ਪਰ ਇਸ ਕਸਾਅ ਭਰੇ ਮਾਹੌਲ ਵਿੱਚ ਕੁਝ ਬੇਹੱਦ ਚੰਗੀਆਂ ਗੱਲਾਂ ਬਾਹਰ ਨਿੱਕਲ ਕੇ ਆਉਣ ਲੱਗੀਆਂ ਹਨ ਪੰਜਾਬ ਵਿੱਚ ਪੰਦਰਾਂ ਦਿਨਾਂ ਤੋਂ ਜ਼ਿਆਦਾ ਕਰਫਿਊ ਲੱਗੇ ਹੋਣ ਕਾਰਨ ਭਾਵੇਂ ਕੋਰੋਨਾ ਵਾਇਰਸ ਦੀ ਚੇਨ ਹਾਲੇ ਤੱਕ ਨਹੀਂ ਟੁੱਟੀ ਪਰ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਪੰਜਾਬ ਵਿੱਚ ਵੱਡੇ ਪੱਧਰ ‘ਤੇ ਫੈਲੇ ਨਸ਼ਿਆਂ ਦੇ ਜਾਲ ‘ਤੇ ਕਾਬੂ ਜ਼ਰੂਰ ਪਿਆ ਹੈ

ਮਿਲ ਰਹੀਆਂ ਰਿਪੋਰਟਾਂ ਤੋਂ ਪਤਾ ਲੱਗ ਰਿਹਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿਚ ਨਸ਼ਿਆਂ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਹਰ ਰੋਜ਼ ਰਿਪੋਰਟਾਂ ਜਾਣ ਲੱਗੀਆਂ ਹਨ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ ਬੇਸ਼ੱਕ ਨਸ਼ਿਆਂ ਨੂੰ ਕਾਬੂ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਨੇ ਵਿਸ਼ੇਸ਼ ਵਿੰਗ ਕਾਇਮ ਕੀਤੇ ਹੋਏ ਹਨ ਪਰ ਨਸ਼ਿਆਂ ਦੀ ਸਪਲਾਈ ਤੋੜਨ ਦਾ ਸਭ ਤੋਂ ਵੱਡਾ ਅਸਰ ਪਿੰਡਾਂ ਵਿੱਚ ਲੱਗੇ ਲੋਕ ਨਾਕਿਆਂ ਦਾ ਹੋਣ ਲੱਗਿਆ ਹੈ ਪਿੰਡਾਂ ਵਿੱਚ ਲੱਗੇ ਨਾਕਿਆਂ ‘ਤੇ ਲੋਕ ਦਿਨ ਰਾਤ ਪਹਿਰਾ ਦੇ ਰਹੇ ਹਨ,

ਇੱਥੋਂ ਤੱਕ ਕਿ ਪਿੰਡਾਂ ਵਿੱਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਪਿੰਡ ਵਾਸੀਆਂ ਵੱਲੋਂ ਪੁਲਿਸ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਪੁਲਿਸ ਦੇ ਨਸ਼ਾ ਰੋਕੂ ਵਿੰਗ ਨੂੰ ਅਜਿਹੇ ਮਾਹੌਲ ਦਾ ਜ਼ਬਰਦਸਤ ਫਾਇਦਾ ਹੋ ਰਿਹਾ ਹੈ ਕਿਉਂਕਿ ਪਹਿਲਾਂ ਨਸ਼ੇੜੀਆਂ ਤੇ ਸਮਲਗਰਾਂ ਦਾ ਪਿੱਛਾ ਕਰਨ ਲਈ ਵੱਡੀ ਘਾਲਣਾ ਘਾਲਣੀ ਪੈਂਦੀ ਸੀ ਪਰ ਹੁਣ ਸਾਰਿਆਂ ਪਾਸਿਓਂ ਰਸਤੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਿਧਰੇ ਰਾਹ ਨਹੀਂ ਮਿਲ ਰਿਹਾ ਜਿਨ੍ਹਾਂ ਸਮਗਲਰਾਂ ਕੋਲ ਨਸ਼ਿਆਂ ਦਾ ਸਟਾਕ ਪਿਆ ਹੈ, ਉਨ੍ਹਾਂ ਨੇ ਚਿੱਟੇ ਦੀ ਕੀਮਤ ਵਿੱਚ ਚਾਰ ਗੁਣਾ ਵਾਧਾ ਕਰ ਦਿੱਤਾ ਜਿਸ ਕਾਰਨ ਉਹ ਆਮ ਨਸ਼ੇੜੀਆਂ ਦੀ ਪਹੁੰਚ ਤੋਂ ਦੂਰ ਹੋ ਗਿਆ

ਨਸ਼ੇੜੀਆਂ ਦੇ ਜੀਵਨ ਲਈ ਵਰਦਾਨ ਸਾਬਤ ਹੋ ਸਕਦਾ ਇਹ ਕਰਫਿਊ : ਮੁਖੀ ਐਸ.ਟੀ.ਐਫ. ਸੰਗਰੂਰ

ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਐਸ.ਟੀ.ਐਫ. ਦੇ ਇੰਚਾਰਜ ਰਵਿੰਦਰ ਭੱਲਾ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਹ ਨਸ਼ੇੜੀਆਂ ਤੇ ਸਮਗਲਰਾਂ ਲਈ ਬੇਹੱਦ ਔਖਿਆਈ ਵਾਲਾ ਹੈ ਕਿਉਂਕਿ ਪੁਲਿਸ ਵੱਲੋਂ ਪਹਿਲਾਂ ਨਾਲੋਂ ਵੀ ਸਖ਼ਤੀ ਕੀਤੀ ਹੋਈ ਹੈ ਅਤੇ ਪਿੰਡਾਂ ਵਿੱਚ ਲੱਗੇ ਲੋਕਾਂ ਦੇ ਪਹਿਰਿਆਂ ਕਾਰਨ ਸਮਗਲਰਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਪਿਛਲੇ ਦਿਨੀਂ ਇੱਕ ਵਪਾਰੀ ਮੋਟਰ ਸਾਇਕਲ ਤੇ ਦਿੱਲੀ ਚਲਿਆ ਗਿਆ ਅਤੇ ਉੱਥੋਂ 600 ਗ੍ਰਾਮ ਚਿੱਟਾ ਫੜ ਲਿਆ ਗਿਆ ਇਹ ਵਿਅਕਤੀ ਘੜੈਲਾ ਪਿੰਡ ਦਾ ਸੀ ਅਤੇ ਇਸ ਨੇ ਇਹ ਸਾਮਾਨ ਸੁਨਾਮ ਭੇਜਣਾ ਸੀ ਉਨ੍ਹਾਂ ਦੱਸਿਆ ਕਿ ਅਸੀਂ ਹਰ ਰੋਜ਼ ਰਿਪੋਰਟ ਮੁੱਖ ਮੰਤਰੀ ਦਫ਼ਤਰ ਵਿੱਚ ਭੇਜ ਰਹੇ ਹਨ  ਉਨ੍ਹਾਂ ਕਿਹਾ ਕਿ ਇਸ ਕਸਾਅ ਭਰੇ ਮਾਹੌਲ ਕਾਰਨ ਨਸ਼ੇੜੀ ਵੱਡੀ ਗਿਣਤੀ ਵਿੱਚ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਦਵਾਈ ਲੈਣ ਲੱਗੇ ਹਨ

ਅਜਿਹਾ ਮਾਹੌਲ ਕਾਇਮ ਰੱਖਿਆ ਜਾਵੇ : ਡਾ. ਏਐਸ ਮਾਨ

ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਸਮਾਜ ਸੇਵੀ ਅਤੇ ਨਸ਼ਿਆਂ ਵਿਰੁੱਧ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਡਾ: ਏ.ਐਸ. ਮਾਨ ਨੇ ਕਿਹਾ ਕਿ ਕਰਫਿਊ ਕਾਰਨ ਬੇਸ਼ੱਕ ਆਮ ਲੋਕਾਂ ਨੂੰ ਵੱਡੀਆਂ ਤਕਲੀਫ਼ਾਂ ਝੱਲਣੀਆਂ ਪੈ ਰਹੀਆਂ ਹਨ ਪਰ ਇਸ ਕਾਰਨ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ ਅਤੇ ਪਿੰਡ ਪਿੰਡ ਪਹਿਰੇ ਲੱਗੇ ਹੋਣ ਕਾਰਨ ਸਮਗਲਰਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਤੋਂ ਲੋਕਾਂ ਨੂੰ ਇਹੀ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਨਸ਼ਿਆਂ ਵਿਰੁੱਧ ਪਿੰਡ-ਪਿੰਡ ਪਹਿਰੇ ਲਾਉਣ ਦੀ ਲੋੜ ਹੈ ਇਸ ਤਰ੍ਹਾਂ ਦਾ ਮਾਹੌਲ ਪਿੰਡਾਂ ਵਿੱਚ ਅੱਗੇ ਵੀ ਰਹਿਣਾ ਚਾਹੀਦਾ ਹੈ ਜਿਸ ਨਾਲ ਨੌਜਵਾਨੀ ਨੂੰ ਨਸ਼ਿਆਂ ‘ਚ ਜਾਣ ਤੋਂ ਅਸੀਂ ਬਚਾ ਲਵਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।