ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੋਨੀਟਰਿੰਗ ਸਟੇਸ਼ਨ ਦਰਸ਼ਾ ਰਹੇ ਨੇ ਹਵਾ ਦੀ ਬਹੁਤ ਵਧੀਆ ਮਾਤਰਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਰੋਨਾ ਕਾਰਨ ਲੱਗੇ ਕਰਫਿਊ ਨੇ ਨਾ ਰੁਕਣ ਵਾਲੀ ਦੁਨੀਆਂ ਅਤੇ ਸਾਧਨਾਂ ਦੀ ਪੈੜ-ਚਾਲ ਕੀ ਰੋਕੀ ਸਮੁੱਚੇ ਵਾਤਾਵਰਨ ਦੀ ਆਬੋ ਹਵਾ ਹੀ ਅੰਮ੍ਰਿਤ ਬਣ ਗਈ। ਪੰਜਾਬ ਦੇ ਜਿਹੜੇ ਸ਼ਹਿਰ ਅੱਜ ਤੱਕ ਪ੍ਰਦੂਸ਼ਣ ਦੀ ਮਾਰ ਹੇਠ ਰਹੇ ਸਨ, ਹੁਣ ਉਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਾਏ ਗਏ ਮੋਨੀਟਰਿੰਗ ਸਟੇਸ਼ਨ ਹਵਾ ਦੀ ਮਾਤਰਾ ਬਹੁਤ ਵਧੀਆ (ਟਾਪ ਕੁਆਲਟੀ) ਦਰਸਾ ਰਹੇ ਹਨ ਜਿਹੜਾ ਅੱਜ ਤੱਕ ਕਦੇ ਦਰਜ਼ ਨਹੀਂ ਕੀਤਾ ਗਿਆ। ਉਂਜ ਸਰਕਾਰਾਂ ਅਤੇ ਆਮ ਲੋਕਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਸਨ, ਪਰ ਇਹ ਹੀਲੇ ਵਸੀਲੇ ਵੀ ਵਾਤਾਵਰਣ ਦੀ ਸ਼ੁੱਧਤਾ ਨਾ ਬਣਾ ਸਕੇ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਆਫ਼ਤ ਕਾਰਨ ਦੇਸ਼ ਅੰਦਰ ਲੱਗੇ ਕਰਫਿਊ ਕਾਰਨ ਭਾਵੇਂ ਜਨ ਜੀਵਨ ਅਸਤ ਵਿਅਸਤ ਹੋਇਆ ਪਿਆ ਹੈ, ਪਰ ਇਸ ਨਾਲ ਪੰਜਾਬ ਦੇ ਵਾਤਾਵਰਣ ਨੂੰ ਵੱਖਰੀ ਹੀ ਰਾਹਤ ਮਿਲੀ ਹੈ। ਸੂਬੇ ਅੰਦਰ ਲੱਖਾਂ ਵਾਹਨਾਂ, ਫੈਕਟਰੀਆਂ ਅਤੇ ਉਦਯੋਗਾਂ ਦੇ ਖਤਰਨਾਕ ਧੂੰਏ ਕਾਰਨ ਪਲੀਤ ਹੋਇਆ ਵਾਤਾਵਰਣ ਇੱਕ-ਦਮ ਸ਼ੁੱਧ ਹੋ ਗਿਆ ਹੈ ਅਤੇ ਸੂਬੇ ਦੀ ਹਵਾ ਮਨੁੱਖ ਲਈ ਅੰਮ੍ਰਿਤ ਵੰਡ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਅੰਦਰ ਵੱਖ-ਵੱਖ ਸ਼ਹਿਰਾਂ ਅੰਦਰ ਹਵਾ ਦੀ ਕੁਆਲਟੀ ਦਰਸਾਉਣ ਲਈ ਆਪਣੇ ਮੋਨੀਟਰਿੰਗ ਸਟੇਸ਼ਨ ਲਗਾਏ ਗਏ ਹਨ, ਜੋ ਕਿ ਅੱਜ ਕੱਲ੍ਹ ਪੰਜਾਬ ਦੀ ਅਜਿਹੀ ਆਬੋ ਹਵਾ ਦਰਸ਼ਾ ਰਹੇ ਹਨ, ਜਿਸ ਦੀ ਕਦੇ ਕਲਪਨਾ ਹੀ ਨਹੀਂ ਕੀਤੀ ਗਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਫੈਕਟਰੀਆਂ ਦਾ ਗੜ੍ਹ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਖੰਨਾ ਆਦਿ ਵਿੱਚ ਹਵਾ ਦੀ ਮਾਤਰਾ ਗੰਧਲੀ ਦੀ ਥਾਂ ਸ਼ੁੱਧਤਾ ਵਿੱਚ ਬਦਲ ਗਈ ਹੈ। ਮੰਡੀ ਗੋਬਿੰਦਗੜ੍ਹ ਦੇ ਏਕਿਊਆਈ 37 (ਏਅਰ ਕੁਆਇੰਲਟੀ ਇਨਡੈਕਸ) ਦਰਜ਼ ਕੀਤਾ ਗਿਆ ਹੈ ਜੋ ਕਿ ਬਹੁਤ ਵਧੀਆ ਸ੍ਰੇਣੀ ਵਿੱਚ ਆਉਂਦਾ ਹੈ।
ਇਸ ਤੋਂ ਇਲਾਵਾ ਲੁਧਿਆਣਾ ਵਿਖੇ ਏਕਿਊਆਈ 35 ਅਤੇ ਖੰਨਾ ਵਿੱਚ ਵੀ ਏਕਿਊਆਈ 35 ਦਰਜ ਕੀਤਾ ਗਿਆ ਹੈ। ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵਾਤਾਰਣ ਦੀ ਵਧੇਰੇ ਸ਼ੁੱਧਤਾ ਪਾਈ ਗਈ ਹੈ। ਪ੍ਰਦੂਸ਼ਨ ਕੰਟਰੋਲ ਬੋਰਡ ਅਨੁਸਾਰ ਇੱਥੇ ਅੱਜ ਦਾ ਏਕਿਊਆਈ 21 ਦਰਜ਼ ਕੀਤਾ ਗਿਆ ਹੈ ਜੋ ਕਿ ਪਹਿਲਾਂ ਇੱਥੋਂ ਤੱਕ ਕਦੇ ਨਹੀਂ ਪੁੱਜਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਏਕਿਊਆਈ 60 ਜਦਕਿ ਜਲੰਧਰ ਦਾ ਏਕਿਊਆਈ 39 ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦਾ ਏਕਿਊਆਈ 97 ਜਦਕਿ ਰੋਪੜ ਦਾ ਏਕਿਊਆਈ 28 ਦਰਜ਼ ਕੀਤਾ ਗਿਆ ਹੈ। ਉਂਜ ਜੇਕਰ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਅੰਦਰ ਰੂਟੀਨ ਦੇ ਏਕਿਊਆਈ ਦੀ ਗੱਲ ਕੀਤੀ ਜਾਵੇ ਤਾਂ ਇਹ 150 ਤੋਂ 200 ਦੇ ਵਿਚਕਾਰ ਹੁੰਦਾ ਹੈ। ਇੱਥੋਂ ਤੱਕ ਕਿ ਝੋਨੇ ਦੇ ਸੀਜ਼ਨ ਮੌਕੇ ਜਦੋਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਸ ਮੌਕੇ ਪੰਜਾਬ ਦਾ ਏਕਿਊਆਈ 400 ਦੇ ਕਰੀਬ ਪੁੱਜ ਜਾਂਦਾ ਹੈ ਜੋਕਿ ਅਤਿ ਖਤਰਨਾਕ ਸਥਿਤੀ ਬਿਆਨਦਾ ਹੈ।
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸੂਬੇ ਅੰਦਰ ਏਅਰ ਕੁਆਲਟੀ ਇਨਡੈਕਸ ਅੱਜ ਕੱਲ੍ਹ ਬਹੁਤ ਹੀ ਵਧੀਆ ਸਥਿਤੀ ‘ਤੇ ਹੈ ਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਨੁੱਖੀ ਭੱਜ ਦੌੜ ਅਤੇ ਤਰੱਕੀ ਦੀ ਲਾਲਸਾ ਵੱਧਣ ਨੇ ਵਾਤਾਰਵਣ ਦੀ ਸਥਿਤੀ ਨੂੰ ਵਿਗਾੜਿਆ ਹੈ। ਅੱਜ ਜੇਕਰ ਮਨੁੱਖ ਘਰ ‘ਚ ਕੈਦ ਹੈ ਤਾਂ ਵਾਤਾਵਰਨ ਦੀ ਆਬੋ ਹਵਾ ਮਹਿਕਾਂ ਵੰਡ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਨਾਲ ਹੀ ਪੂਰੇ ਭਾਰਤ ਦੀ ਹੀ ਆਬੋਹਵਾ ਵਿੱਚ ਵੱਡਾ ਫਰਕ ਪਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।