ਅਮਲੋਹ ਹਲਕੇ ਦੇ ਪਿੰਡ ਮਾਲੋਵਾਲ ਵਿਚ ਕੋਰੋਨਾ ਦੇ 2 ਸ਼ੱਕੀ ਮਰੀਜ

ਕਿਸੇ ਵਿੱਚ ਵੀ ਨਹੀਂ ਪਾਏ ਗਏ ਕੋਰੋਨਾ ਦੇ ਲੱਛਣ : ਸਿਵਲ ਸਰਜਨ

ਅਮਲੋਹ, (ਅਨਿਲ ਲੁਟਾਵਾ)। ਸਬ ਡਵੀਜਨ ਅਮਲੋਹ ਦੇ ਪਿੰਡ ਮਾਲੋਵਾਲ ਵਿਖੇ ਕਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼ ਸਾਹਮਣੇ ਆਉਣ ਨਾਲ ਜਿੱਥੇ ਪ੍ਰਸ਼ਸਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਉਥੇ ਹੀ ਇਨ੍ਹਾਂ ਸ਼ਕੀ ਮਰੀਜਾਂ ਨੂੰ ਲੈਕੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜਾਰ ਗਰਮ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਜਿਸਦੇ ਸਹੁਰੇ ਪਿੰਡ ਮਾਲੋਵਾਲ ਹਨ ਪਿਛਲੇ ਦਿਨੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਹ ਆਪਣੇ ਸਹੁਰੇ ਪਿੰਡ ਮਾਲੋਵਾਲ ਵਿਖੇ ਰਹਿ ਰਿਹਾ ਸੀ। ਪਿਛਲੇ ਕਈ ਦਿਨਾਂ ਤੋਂ ਬਲਵਿੰਦਰ ਸਿੰਘ ਬੁਖਾਰ ਨਾਲ ਪੀੜਤ ਸੀ ।

ਪਿੰਡ ਦੇ ਸਰਪੰਚ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇਣ ‘ਤੇ ਪੁਲਿਸ ਅਤੇ ਸਿਹਤ ਵਿਭਾਗ ਹਰਕਤ ਵਿਚ ਆਇਆ। ਲੋਕਿਨ ਜਦੋਂ ਤੱਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਪਿੰਡ ਮਾਲੋਵਾਲ ਪੰਹੁਚੀ ਤਾਂ ਬਲਵਿੰਦਰ ਸਿੰਘ ਮੋਟਰ ਸਾਇਕਲ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਜਦੋਂ ਐਸਐਮਓ ਚਨਾਰਥਲ ਡਾਕਟਰ ਰਮਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋ ਆਪਣੀ ਟੀਮ ਪਿੰਡ ਮਾਲੋਵਾਲ ਵਿਖੇ ਭੇਜੀ ਗਈ ਸੀ ਪਰ ਪਤਾ ਲੱਗਾ ਕਿ ਉਹ ਫਰਾਰ ਹੋ ਗਿਆ।

ਜਦੋ ਕਿ ਦੂਸਰਾ ਮਾਮਲਾ ਵੀ ਪਿੰਡ ਮਾਲੋਵਾਲ ਦਾ ਹੈ ਪਿੰਡ ਵਾਸੀ ਚਰਨ ਸਿੰਘ ਜੋ ਕਿ ਪਿਛਲੇ ਦਿਨੀ ਲਿਬਨਾਨ ਤੋ ਵਾਪਸ ਆਇਆ ਸੀ ਦੇ 5 ਪਰਿਵਾਰਕ ਮੈਬਰਾਂ ਕਰਨੈਲ ਸਿੰਘ,ਰੁਪਿੰਦਰ ਕੋਰ,ਹਰਮਨ ਸਿੰਘ ਤੇ ਜਸਰਾਜ ਸਿੰਘ ਨੂੰ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਅਮਲੋਹ ਵਿਖੇ ਭਰਤੀ ਕੀਤਾ ਗਿਆ ਹੈ ।

ਉਨ੍ਹਾਂ ਦੇ ਚੈਕਅਪ ਕੀਤਾ ਜਾ ਰਿਹਾ ਹੈ ਚਰਨ ਸਿੰਘ ਦੇ ਨਮੂਨੇ ਲੈ ਕੇ ਲੈਬਾਟਰੀ ਭੇਜੇ ਗਏ ਹਨ। ਐਸ ਐਮ ਓ ਅਮਲੋਹ ਡਾਕਟਰ ਲਾਜਿੰਦਰ ਵਰਮਾ ਨੇ ਦਸਿਆ ਕਿ ਚਰਨ ਸਿੰਘ ਦੇ 5 ਪਰਿਵਾਰਕ ਮੈਬਰਾਂ ਨੂੰ ਸ਼ੱਕ ਦੇ ਆਧਾਰ ਤੇ ਸਿਵਲ ਹਸਪਤਾਲ ਵਿਖੇ ਲਿਆਦਾ ਗਿਆ ਸੀ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚਲੇਗਾ ਕਿ ਇਹ ਕੋਰੋਨਾ ਵਾਇਰਸ ਤਂੋ ਪੀੜਤ ਹਨ ਕਿ ਨਹੀ। ਜਦੋ ਇਸ ਸੰਬਧੀ ਸਿਵਲ ਸਰਜਨ ਫ਼ਤਹਿਗੜ ਸਾਹਿਬ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਚਰਨ ਸਿੰਘ ਦੇ ਪਰਿਵਾਰਕ ਮੈਬਰਾਂ ਦਾ ਚੈਕਅਪ ਕੀਤਾ ਗਿਆ ਉਨ੍ਹਾਂ ਵਿਚ ਕਰੋਨਾ ਵਾਇਰਸ ਦੇ ਕੋਈ ਲੱਛਣ ਨਹੀ ਪਾਏ ਗਏ।

ਉਨ੍ਹਾਂ ਨੂੰ ਮਾਮੂਲੀ ਬੁਖਾਰ ਸੀ। ਉੁਨ੍ਹਾਂ ਨੂੰ ਉਨ੍ਹਾਂ ਦੇ ਘਰ ਭੇਜ ਦਿਤਾ ਗਿਆ ਹੈ। ਜਦੋ ਕਿ ਦੁਬਈ ਤੋ ਵਾਪਸ ਆਇਆ ਬਲਵਿੰਦਰ ਸਿੰਘ ਨਾਭਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੈ । ਐਸ ਡੀ ਐਮ ਆਨੰਦ ਸਾਗਰ ਸ਼ਰਮਾ ਤੋਂ ਇਲਾਵਾ ਪੁਲਿਸ ਅਧਿਕਾਰੀਆ ਵੱਲੋਂ ਪਿੰਡ ਮਾਲੋਵਾਲ ਦਾ ਦੌਰਾ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।