ਭਾਰੀ ਬਾਰਿਸ਼ ਕਾਰਨ ਪਿੰਡ ਮਾਹੋਰਾਣਾ ਵਿਖੇ ਮਕਾਨ ਦੀ ਛੱਤ ਡਿੱਗੀ

ਭਾਰੀ ਬਾਰਿਸ਼ ਕਾਰਨ ਪਿੰਡ ਮਾਹੋਰਾਣਾ ਵਿਖੇ ਮਕਾਨ ਦੀ ਛੱਤ ਡਿੱਗੀ

ਮਾਲੇਰਕੋਟਲਾ, (ਗੁਰਤੇਜ ਜੋਸੀ) ਬੀਤੀ ਦੇਰ ਰਾਤ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਨਜ਼ਦੀਕੀ ਪਿੰਡ ਮਾਹੋਰਾਣਾ ਵਿਖੇ ਇੱਕ ਮਕਾਨ ਦੀ ਛੱਤ ਡਿੱਗ ਗਈ ਪਰ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।ਇਸ ਦਾ ਪਤਾ ਲੱਗਦਿਆਂ ਹੀ ਮਕਾਨ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ੍ਰੀ ਨਰਿੰਦਰਪਾਲ ਸਿੰਘ ਵੜੈਚ ਨਾਇਬ ਤਹਿਸੀਲਦਾਰ ਮਾਲੇਰਕੋਟਲਾ ਪਿੰਡ ਮਾਹੋਰਾਣਾ ਪੁੱਜੇ।ਇਸ ਸਬੰਧੀ ਸ੍ਰੀ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਐਸ.ਡੀ.ਐਮ. ਸ੍ਰੀ ਵਿਕਰਮਜੀਤ ਸਿੰਘ ਪਾਂਥੇ ਦੀਆਂ ਹਦਾਇਤਾਂ ਅਨੁਸਾਰ ਅੱਜ ਪਿੰਡ ਮਾਹੋਰਾਣਾ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ । ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਸ੍ਰੀਮਤੀ ਸਵਰਨ ਕੌਰ ਪਤਨੀ ਸ੍ਰੀ ਮਹਿੰਦਰ ਸਿੰਘ ਦੇ ਮਕਾਨ ਦੇ ਇੱਕ ਕਮਰੇ ਦੀ ਛੱਤ ਅੱਜ ਬਾਅਦ ਦੁਪਹਿਰ 12 ਵਜੇ ਦੇ ਲਗਭਗ ਅਚਾਨਕ ਡਿੱਗ ਗਈ।

ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।ਸ੍ਰੀ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਹੋਏ ਨੁਕਸਾਨ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕ ਦਰਖਾਸਤ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਖੇ ਵੀ ਦੇਣ ਤਾਂ ਜੋ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਿੰਦਰ ਸਿੰਘ ਹਲਕਾ ਪਟਵਾਰੀ, ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।