ਕਰੋਨਾ ਵਾਇਰਸ ਨਾਲ ਕਿਵੇਂ ਲੜਨਗੇ ਡਾਕਟਰ, ਬਚਾਅ ਕਿੱਟ ਨਹੀਂ ਖਰੀਦ ਸਕੀ ਸਰਕਾਰ

ਸਿਹਤ ਵਿਭਾਗ ਕੋਲ ਸਿਰਫ਼ 90 ਦਾ ਕੋਟਾ ਰਹਿ ਗਿਆ ਐ ਬਕਾਇਆ, 1 ਹਜ਼ਾਰ ਦੀ ਤੁਰੰਤ ਲੋੜ

ਕਰੋਨਾ ਵਾਇਰਸ ਦੇ ਇੰਤਜ਼ਾਮ ਇੰਨੇ ਢਿੱਲੇ ਕਿ ਡਾਕਟਰ ਕਿੱਟ ਦਾ ਸਮਾਂ ਰਹਿੰਦੇ ਇੰਤਜ਼ਾਮ ਨਹੀਂ ਕਰ ਸਕੈ ਸਰਕਾਰ

ਕਰੋਨਾ ਵਾਇਰਸ ਕਾਰਨ ਡਾਕਟਰੀ ਕਿੱਟ ਦੀ ਹੋ ਗਈ ਐ ਹਰ ਪਾਸੇ ਘਾਟ, 600 ਦੀ ਕਿੱਟ ਦਾ ਰੇਟ ਪੁੱਜ ਗਿਐ 2200

ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ (Corona virus) ਨਾਲ ਲੜਨ ਦਾ ਐਲਾਨ ਕਰਨ ਵਾਲੀ ਪੰਜਾਬ ਸਰਕਾਰ ਵਲੋਂ ਕੀਤੀ ਗਈ ਤਿਆਰੀਆਂ ਦੀ ਹਾਲਤ ਇਹੋ ਜਿਹੀ ਹੈ ਕਿ ਉਹ ਸਮਾਂ ਰਹਿੰਦੇ ਡਾਕਟਰ ਕਿੱਟ ਦਾ ਹੀ ਇੰਤਜ਼ਾਮ ਨਹੀਂ ਕਰ ਸਕੀ, ਜਿਸ ਕਾਰਨ ਇਸ ਸਮੇਂ ਪੰਜਾਬ ਦੇ ਸਰਕਾਰੀ ਡਾਕਟਰ ਬਚਾਅ ਕਿੱਟ ਦੀ ਘਾਟ ਦਾ ਹੀ ਸਾਹਮਣਾ ਕਰ ਰਹੇ ਹਨ। ਇਸ ਸਮੇਂ ਪੰਜਾਬ ਸਰਕਾਰ ਕੋਲ ਸਿਰਫ਼ 90 ਕਿੱਟ ਦਾ ਹੀ ਕੋਟਾ ਬਕਾਇਆ ਪਿਆ ਹੈ, ਜਦੋਂ ਕਿ ਆਉਣ ਵਾਲੇ ਅਗਲੇ ਇੱਕ ਹਫ਼ਤੇ ਵਿੱਚ ਹੀ 1 ਹਜ਼ਾਰ ਤੋਂ ਜਿਆਦਾ ਕਿੱਟਾਂ ਦੀ ਪੰਜਾਬ ਨੂੰ ਜਰੂਰਤ ਪੈਣ ਵਾਲੀ ਹੈ।

ਹਾਲਾਂਕਿ ਸਿਹਤ ਵਿਭਾਗ ਵਲੋਂ 1 ਹਜ਼ਾਰ ਕਿੱਟ ਖਰੀਦਣ ਲਈ ਆਰਡਰ ਤਾਂ ਦੇ ਦਿੱਤਾ ਹੈ ਪਰ ਇਸ ਕਿੱਟ ਦਾ ਘਾਟ ਦੇ ਚਲਦੇ ਸਰਕਾਰ ਨੂੰ ਸਪਲਾਈ ਕਦੋਂ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ, ਇਸ ਸਬੰਧੀ ਖ਼ੁਦ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਮੰਤਰੀ ਤੱਕ ਨੂੰ ਕੁਝ ਨਹੀਂ ਪਤਾ ਹੈ।

ਪੰਜਾਬ ਦੇ ਸਿਹਤ ਵਿਭਾਗ ਦੀ ਇਸ ਤਿਆਰੀ ਨੂੰ ਦੇਖਦੇ ਹੋਏ ਹਰ ਕੋਈ ਹੈਰਾਨ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਸਿਹਤ ਵਿਭਾਗ ਹੁਣ ਤੱਕ ਪੂਰੀ ਤਿਆਰੀ ਕਰਨ ਦਾ ਐਲਾਨ ਕਰਦਾ ਆਇਆ ਹੈ ਅਤੇ ਕਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਪਹਿਲੇ ਹਫ਼ਤੇ ਵਿੱਚ ਹੀ ਸਿਹਤ ਵਿਭਾਗ ਦੀ ਤਿਆਰੀ ਦੀ ਪੋਲ ਖੁੱਲਣੀ ਸ਼ੁਰੂ ਹੋ ਗਈ ਹੈ।

ਜਾਣਕਾਰੀ ਅਨੁਸਾਰ ਕਰੋਨਾ ਵਾਇਰਸ ਵਰਗੇ ਵਾਇਰਸ ਨਾਲ ਜੂਝ ਰਹੇ ਮਰੀਜ਼ਾ ਦਾ ਇਲਾਜ ਕਰਨ ਲਈ ਇੱਕ ਖਾਸ ਕਿਸਮ ਦੀ ਡਾਕਟਰ ਕਿੱਟ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਇਲਾਜ ਕਰਨ ਵਾਲੇ ਡਾਕਟਰ ਨੂੰ ਕਿਸੇ ਵੀ ਤਰਾਂ ਇਸ ਵਾਇਰਸ ਦਾ ਡਰ ਨਹੀਂ ਰਹਿੰਦਾ ਹੈ। ਇਸ ਕਿੱਟ ਵਿੱਚ ਪੈਰ ਤੋਂ ਲੈ ਕੇ ਸਿਰ ਤੱਕ ਡਾਕਟਰ ਨੂੰ ਪੂਰੀ ਤਰਾਂ ਕਵਰ ਕੀਤਾ ਜਾਂਦਾ ਹੈ ਅਤੇ ਡਾਕਟਰ ਦੇ ਸਰੀਰ ਦਾ ਕੋਈ ਵੀ ਹਿੱਸਾ ਇਸ ਕਿੱਟ ਤੋਂ ਬਾਹਰ ਨਹੀਂ ਹੁੰਦਾ ਹੈ।

ਦੇਸ਼ ਵਿੱਚ ਕਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਜ਼ਿਆਦਾਤਰ ਸੂਬਿਆ ਵਲੋਂ ਡਾਕਟਰ ਕਿੱਟ ਨੂੰ ਖਰੀਦਣ ਦੇ ਆਰਡਰ ਦੇ ਦਿੱਤੇ ਗਏ ਸਨ ਅਤੇ ਇਸ ਆਰਡਰ ਨੂੰ ਦੇਣ ਵਿੱਚ ਪੰਜਾਬ ਦੇ ਸਿਹਤ ਵਿਭਾਗ ਨੇ ਜਿਥੇ ਦੇਰੀ ਕੀਤੀ ਉਥੇ ਹੀ ਘੱਟ ਗਿਣਤੀ ‘ਚ ਕਿੱਟਾ ਦਾ ਆਰਡਰ ਕੀਤਾ। ਜਿਸ ਨਾਲ ਹੁਣ ਡਾਕਟਰ ਕਿੱਟ ਹੀ ਪੰਜਾਬ ਦੇ ਸਿਹਤ ਵਿਭਾਗ ਨੂੰ ਮਿਲ ਨਹੀਂ ਰਹੀਂ ਹੈ।

ਇਸ ਸਮੇਂ ਸਿਹਤ ਵਿਭਾਗ ਕੋਲ ਸਿਰਫ਼ 90 ਕਿੱਟਾ ਦੇ ਲਗਭਗ ਦਾ ਕੋਟਾ ਬਕਾਇਆ ਪਿਆ ਹੈ, ਜਦੋਂ ਕਿ ਜਿਸ ਤਦਾਦ ਨਾਲ ਮਰੀਜ਼ਾ ਦੀ ਗਿਣਤੀ ਸੂਬੇ ਵਿੱਚ ਵੱਧ ਰਹੀਂ ਹੈ, ਉਸ ਹਿਸਾਬ ਨਾਲ ਹੀ ਇਸੇ ਹਫ਼ਤੇ ਤੱਕ 1 ਹਜ਼ਾਰ ਕਿੱਟ ਦੀ ਹੋਰ ਜਰੂਰਤ ਦਾ ਅਨੁਸਾਰ ਹੈ। ਸਿਹਤ ਵਿਭਾਗ ਵਲੋਂ ਇਸ ਡਾਕਟਰ ਕਿੱਟ ਦਾ ਆਰਡਰ ਤਾਂ ਜਾਰੀ ਕਰ ਦਿੱਤਾ ਹੈ ਪਰ ਇਸ ਆਰਡਰ ਦੀ ਸਪਲਾਈ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਰਿਹਾ ਹੈ ਕਿ ਕਦੋਂ ਤੱਕ ਇਹ ਡਾਕਟਰੀ ਕਿੱਟ ਪੰਜਾਬ ਵਿੱਚ ਪੁੱਜੇਗੀ।

ਇਥੇ ਹੀ ਕੈਬਨਿਟ ਮੰਤਰੀਆਂ ਦੀ ਕਰੋਨਾ ਵਾਇਰਸ ਨੂੰ ਲੈ ਕੇ ਮੀਟਿੰਗ ਤੋਂ ਬਾਅਦ ਮੰਤਰੀ ਭਾਰਤ ਭੂਸ਼ਨ ਆਸੂ ਨੇ ਦੱਸਿਆ ਕਿ ਡਾਕਟਰ ਕਿੱਟ ਦੀ ਘਾਟ ਕਾਰਨ ਰੇਟ ਕਾਫ਼ੀ ਜਿਆਦਾ ਵੱਧ ਗਏ ਹਨ, ਜਿਹੜੀ ਕਿੱਟ 600-650 ਰੁਪਏ ਵਿੱਚ ਮਿਲਦੀ ਸੀ, ਉਹ ਕਿੱਟਾਂ ਹੁਣ 2200 ਰੁਪਏ ਤੱਕ ਪੁੱਜ ਗਈ ਹੈ।

ਸਿਰਫ਼ ਇੱਕ ਵਾਰ ਹੀ ਹੁੰਦੀ ਐ ਕਿੱਟ ਦੀ ਵਰਤੋਂ, ਹਰ ਵਾਰ ਨਵੀਂ ਕਿੱਟ ਦੀ ਜਰੂਰਤ : ਡਾ. ਪਾਂਡਵ

ਪਟਿਆਲਾ ਰਾਜਿੰਦਰ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਵਾਇਰਸ ਤੋਂ ਬਚਣ ਲਈ ਡਾਕਟਰ ਦੀ ਕਿੱਟ ਵਾਰ ਵਾਰ ਵਰਤੋਂ ਵਿੱਚ ਨਹੀਂ ਲਿਆਂਦੀ ਜਾ ਸਕਦੀ । ਡਾਕਟਰ ਵਲੋਂ ਇੱਕ ਵਾਰ ਇਲਾਜ ਕਰਨ ਮੌਕੇ ਇਸ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਮੁੜ ਨਹੀਂ ਵਰਤੀਆਂ ਜਾਂਦਾ ਹੈ, ਇਸ ਲਈ ਹਰ ਵਾਰ ਨਵੀਂ ਕਿੱਟ ਦੀ ਜਰੂਰਤ ਪੈਂਦੀ ਹੈ। ਉਨਾਂ ਦੱਸਿਆ ਕਿ ਰਾਜਿੰਦਰ ਹਸਪਤਾਲ ਵਿਖੇ ਡਾਕਟਰ ਕਿੱਟ ਮੌਜੂਦ ਹੈ ਅਤੇ ਫਿਲਹਾਲ ਉਨਾਂ ਕੋਲ ਘਾਟ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।