ਸਾਬਕਾ ਮੇਅਰ ਜਸਪਾਲ ਪ੍ਰਧਾਨ ਦੇ ਘਰ ਪਹੁੰਚੇ ਚੰਦੂਮਾਜਰਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ 4300 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਨੂੰ ਛੁਪਾਉਣ ਲਈ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦੇ ਜਾਣ ਬੁੱਝ ਕੇ ਨੁਕਸ ਕੱਢ ਰਹੀ ਹੈ, ਤਾਂ ਕਿ ਬਿਜਲੀ ਕੰਪਨੀਆਂ ਤੋਂ ਕੇਸ ਹਾਰਨ ਦੀ ਨਾਕਾਮੀ ਨੂੰ ਛੁਪਾਇਆ ਜਾ ਸਕੇ। ਉਹ ਸਾਬਕਾ ਮੇਅਰ ਜਸਪਾਲ ਪ੍ਰਧਾਨ ਨਾਲ ਉਹਨਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਕਰਨ ਗਏ ਸਨ ਅਤੇ ਦੋਵਾਂ ਆਗੁਆਂ ਨੇ ਇੱਕ ਘੰਟਾ ਬੰਦ ਕਮਰਾ ਮੀਟਿੰਗ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਕੇਸ ਜਿੱਤਿਆ ਗਿਆ ਸੀ ਤਾਂ ਉਹ ਕਾਂਗਰਸ ਦੇ ਸਮੇਂ ਕਿਸ ਤਰ੍ਹਾਂ ਹਾਰ ਗਏ। ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੂੰ 4300 ਰੁਪਏ ਦੇ ਕੀਤੇ ਬਿਜਲੀ ਘੁਟਾਲੇ ਦਾ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਵੀ ਬੇਨਕਾਬ ਹੋ ਗਿਆ ਹੈ, ਸੰਪੂਰਨ ਕਰਜ਼ਾ ਮੁਆਫੀ ਦੀ ਗੱਲ ਕਰਨ ਵਾਲੀ ਕਾਂਗਰਸ ਨੇ 70 ਹਜ਼ਾਰ ਕਰੋੜ ਤੋਂ ਜਿਆਦਾ ਦੇ ਕਿਸਾਨੀ ਕਰਜ਼ੇ ਨੂੰ ਮੁਆਫ ਕਰਨ ਲਈ ਸਿਰਫ ਦੋ ਹਜ਼ਾਰ ਕਰੋੜ ਰੱਖੇ ਹਨ ਅਤੇ ਹੈਰਾਨ ਕਰਨ ਵਾਲੀ ਗੱਲ ਕਿ ਜਿਹੜੇ ਪਿਛਲੇ ਬਜਟ ਵਿੱਚ ਰੱਖੇ ਸਨ, ਉਹ ਵੀ ਪੂਰੇ ਨਹੀਂ ਖਰਚੇ ਗਏ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ, ਜਰਨੈਲ ਸਿੰਘ ਕਰਤਾਰਪੁਰ ਆਦਿ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।