ਮਾਲਵੇ ਖੇਤਰ ਦਾ ਪਹਿਲਾ ਸੀ.ਐਨ.ਜੀ. ਫਿਲਿੰਗ ਸਟੇਸ਼ਨ ਸਥਾਪਤ

ਇੰਡੀਅਨ ਆਈਲ ਵਾਤਾਵਰਣ ਸੁਰੱਖਿਆ ਵੱਲ ਵੱਧ ਰਿਹੈ: ਸੁਜੋਏ ਚੌਧਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਟੋਰੈਂਟ ਗੈਸ ਦੇ ਸਹਿਯੋਗ ਨਾਲ ਸੰਗਰੂਰ ਡਵੀਜ਼ਨ ਦਾ ਪਹਿਲਾ ਸੀ.ਐਨ.ਜੀ. ਗੈਸ ਪ੍ਰੋਜੈਕਟ ਸੈਣੀ ਫਿਲਿੰਗ ਸਟੇਸ਼ਨ, ਸਰਹੰਦ ਰੋਡ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ। ਇਸ ਫਿਲਿੰਗ ਸਟੇਸ਼ਨ ਦਾ ਉਦਘਾਟਨ ਇੰਡੀਅਨ ਆਈਲ ਕਾਰਪੋਰੇਸ਼ਨ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ, ਇੰਜੀ. ਕਰਨੇਸ਼ ਗਰਗ ਦੁਆਰਾ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਸੁਜੋਏ ਚੌਧਰੀ ਨੇ ਕਿਹਾ ਕਿ ਇੰਡੀਅਨ ਆਈਲ ਵਾਤਾਵਰਣ ਸੁਰੱਖਿਆ ਵੱਲ ਵੱਧ ਰਿਹਾ ਹੈ ਅਤੇ ਸਿਰਫ ਸੀ.ਐਨ.ਜੀ. ਹੀ ਨਹੀਂ ਬਲਕਿ ਸੀ.ਪੀ.ਜੀ. ਵੱਲ ਵੀ ਪ੍ਰੋਤਸਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸੀ.ਐਨ.ਜੀ. ਲਗਾਉਣ ਲਈ 46 ਜੀ.ਐਲ ਅਲਾਟ ਹੋਏ ਹਨ। ਅੱਜ ਸਰਕਾਰ ਦੀ ਵਾਤਾਵਰਨ ਸੁਰੱਖਿਆ ਮੁਹਿੰਮ ਦਾ ਨੀਂਹ ਪੱਥਰ ਸੈਣੀ ਫਿਲਿੰਗ ਸਟੇਸ਼ਨ ਵਿਖੇ ਰੱਖਿਆ ਜਾ ਰਿਹਾ ਹੈ ਕਿਉਂਕਿ ਸੈਣੀ ਫਿਲਿੰਗ ਸਟੇਸ਼ਨ ਸੰਗਰੂਰ ਡਿਵੀਜ਼ਨ ਦਾ 3 ਵਾਰ ਦੂਜੇ ਨੰਬਰ ਦਾ ਅਵਾਰਡ ਵਿਜੇਤਾ ਰਹਿ ਚੁੱਕਾ ਹੈ ਅਤੇ ਪੂਰੇ ਖੇਤਰ ਵਿੱਚ ਸ਼ੁੱਧ ਅਤੇ ਨਿਯਤ ਮਾਤਰਾ ਵਿੱਚ ਈਂਧਨ ਦੇਣ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਦੀ ਗੱਲ ਵਿੱਚ ਵਾਧਾ ਕਰਦੇ ਕਰਨੇਸ਼ ਗਰਗ, ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਪਟਿਆਲਾ ਵਿਖੇ ਖੁੱਲ੍ਹ ਰਹੇ ਪਹਿਲੇ ਸੀ.ਐਨ.ਜੀ. ਸਟੇਸ਼ਨ ਵਿੱਚ ਸ਼ਾਮਲ ਹੋਣ ਤੋਂ ਉਹ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਨ੍ਹਾਂ ਕਿਹਾ ਕਿ ਸੀ.ਐਨ.ਜੀ. ਇੱਕ ਕਲੀਨਰ ਫਿਯੂਲ ਵਾਂਗ ਵੱਧ ਰਿਹਾ ਹੈ ਅਤੇ ਵੱਖ-ਵੱਖ ਕੰਪਨੀਆਂ ਨੂੰ ਸੀ.ਐਨ.ਜੀ. ਖੋਲ੍ਹਣ ਲਈ ਕਿਹਾ ਗਿਆ ਹੈ।

ਇਸ ਮੌਕੇ ਫਿਲਿੰਗ ਸਟੇਸ਼ਨ ਦੇ ਮਾਲਕ ਤਰਸੇਮ ਸੈਣੀ ਅਤੇ ਮੈਨੇਜਿੰਗ ਡਾਇਰੈਕਟਰ ਰਮਨ ਸੈਣੀ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਟੋਰੈਂਟ ਗੈਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਸੀ.ਐਨ.ਜੀ. ਪ੍ਰੋਜੈਕਟ ਲਗਾਉਣ ਲਈ ਸੈਣੀ ਫਿਲਿੰਗ ਸਟੇਸ਼ਨ ਦੀ ਚੋਣ ਕੀਤੀ ਅਤੇ ਦੱਸਿਆ ਕਿ ਭਵਿੱਖ ਦੀ ਲੋੜ ਅਤੇ ਵਾਤਾਵਰਨ ਨੂੰ ਸੁਰੱਖਿਅਤ ਬਣਾਉਣ ਲਈ ਸੀ.ਐਨ.ਜੀ. ਪਲਾਂਟ ਲਗਾਉਣ ਦੀ ਬਹੁਤ ਲੋੜ ਹੈ।   ਇਸ ਮੌਕੇ ਮੋਹਿਤ ਗੋਇਲ, ਚੀਫ਼ ਡਿਵੀਜ਼ਨਲ ਮੈਨੇਜਰ, ਸੰਗਰੂਰ, ਸ਼ਲਬ ਸ਼ਰਮਾ, ਐਗਜੈਕਟਿਵ ਟੋਰੈਂਟ ਗੈਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।