ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ
ਸੈਮੀਫਾਈਨਲ 5 ਮਾਰਚ ਨੂੰ
ਮੈਲਬਰਨ, ਏਜੰਸੀ। ਮਹਿਲਾ ਟੀ-20 ਵਿਸ਼ਵ ਕੱਪ ‘ਚ ਸ਼ਨਿੱਚਰਵਾਰ ਨੂੰ ਭਾਰਤ ਨੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਆਸਟਰੇਲੀਆ ਦੇ ਮੈਲਬਰਨ ‘ਚ ਖੇਡੇ ਗਏ ਮੈਚ ‘ਚ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਨੇ ਭਾਰਤ ਨੂੰ 114 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਇਸ ਨੂੰ 14.4 ਓਵਰਾਂ ‘ਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਓਪਨਰ ਸ਼ੇਫਾਲੀ ਵਰਮਾ 47 ਦੌੜਾਂ ਬਣਾ ਕੇ ਰਨ ਆਊਟ ਹੋਈ। ਉਹ ਲਗਾਤਾਰ ਦੂਜੀ ਵਾਰ ਅਰਧ ਸੈਂਕੜਾ ਨਹੀਂ ਲਗਾ ਸਕੀ। ਕਪਤਾਨ ਹਰਮਨਪ੍ਰੀਤ ਕੌਰ 15 ਦੌੜਾਂ ਬਣਾ ਕੇ ਆਊਟ ਹੋਈ। ਸਮ੍ਰਿਤੀ ਮੰਧਾਨਾ ਨੇ 17 ਦੌੜਾਂ ਬਣਾਈਆਂ।
ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 9 ਵਿਕਟਾਂ ਦੇ ਨੁਕਸਾਨ ‘ਤੇ 113 ਦੌੜਾਂ ਬਣਾਈਆਂ ਸਨ। ਕਪਤਾਨ ਚਮਾਰੀ ਅੱਟਾਪੱਟੂ ਨੇ ਸਭ ਤੋਂ ਜ਼ਿਆਦਾ 33 ਅਤੇ ਕਵਿਤਾ ਦਿਲਹਾਰੀ ਨੇ 25 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਰਾਧਾ ਯਾਦਵ ਨੇ ਬਿਹਤਰੀਨ ਗੇਂਦਬਾਜੀ ਕੀਤੀ। ਉਨ੍ਹਾਂ ਨੇ 4 ਓਵਰਾਂ ‘ਚ 23 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਲਈ ਰਾਧਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਭਾਰਤੀ ਟੀਮ ਸ਼ੁਰੂਆਤੀ ਤਿੰਨ ਮੁਕਾਬਲੇ ਜਿੱਤ ਕੇ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ। ਦੂਜੇ ਪਾਸੇ ਸ੍ਰੀਲੰਕਾ ਦੀ ਟੀਮ ਤਿੰਨੇ ਮੈਚ ਹਾਰਕੇ ਸੈਮੀਫਾਈਨਲ ਦੀ ਰੇਸ ‘ਚੋਂ ਬਾਹਰ ਹੋ ਚੁੱਕੀ ਹੈ। ਸੈਮੀਫਾਈਨਲ 5 ਮਾਰਚ ਨੂੰ ਹੋਵੇਗਾ।