ਨਸ਼ਾ ਦੇ ਫੋਕੇ ਦਿਖਾਵੇ ਹਨ ਕਰਜੇ ਦੀ ਅਸਲੀ ਜੜ੍ਹ

ਨਸ਼ਾ ਦੇ ਫੋਕੇ ਦਿਖਾਵੇ ਹਨ ਕਰਜੇ ਦੀ ਅਸਲੀ ਜੜ੍ਹ

ਕੋਈ ਦਿਨ ਹੀ ਇਹੋ-ਜਿਹਾ ਹੋਵੇਗਾ ਜਿਸ ਦਿਨ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੀ ਮਾਰ ਹੇਠ ਆ ਕੇ ਕਿਸੇ ਨੇ ਮੌਤ ਨੂੰ ਗਲੇ ਨਾ ਲਾਇਆ ਹੋਵੇ। ਨਹੀਂ ਤਾਂ ਹਰ ਰੋਜ਼ ਇਹੋ-ਜਿਹੀਆਂ ਖਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀ ਹੀ ਰਹਿੰਦੀਆਂ ਹਨ। ਖੁਦਕੁਸ਼ੀ ਕੀਤਿਆਂ ਨਾ ਕਰਜ਼ਾ ਲੱਥਦਾ ਹੈ ਅਤੇ ਨਾ ਹੀ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਹੈ ਪਰ ਫ਼ਿਰ ਵੀ ਖੁਦਕੁਸ਼ੀਆਂ ਦੇ ਹਾਦਸਿਆਂ ਨਾਲ ਅਖਬਾਰਾਂ ਦੇ ਪੰਨੇ ਭਰੇ ਹੀ ਨਜ਼ਰ ਆਉਂਦੇ ਹਨ।

ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਕਦੇ ਆਪਾਂ ਇਸ ਵੱਲ ਗਹੁ ਨਾਲ ਧਿਆਨ ਦਿੱਤਾ ਹੈ? ਨਹੀਂ, ਕਿਉਂਕਿ ਇਹ ਸਭ ਕੁਝ ਆਪਣੇ ਨਾਲ ਨਹੀਂ ਸਗੋਂ ਗੁਆਂਢੀਆਂ ਨਾਲ ਵਾਪਰ ਰਿਹਾ ਹੈ। ਜਿਸ ਦਿਨ ਆਪਣੇ ਨਾਲ ਵਾਪਰਿਆ ਤਾਂ ਹੋ ਸਕਦਾ ਹੈ ਉਸ ਦਿਨ ਆਪਾਂ ਵੀ ਸੋਚਣ ਲਈ ਮਜ਼ਬੂਰ ਹੋ ਜਾਵਾਂਗੇ। ਪਰ ਜੇ ਥੋੜ੍ਹੀ ਜਿਹੀ ਪੰਛੀ ਝਾਤ ਮਾਰ ਕੇ ਵੇਖੀਏ ਤਾਂ ਬਹੁਤੀ ਦੇਰ ਨਹੀਂ ਲੱਗੇਗੀ ਇਹ ਸਭ ਕੁਝ ਵੇਖਣ ਲਈ।

ਉਂਜ ਤਾਂ ਸਾਰਾ ਦੇਸ਼ ਹੀ ਇਸ ਸਮੇਂ ਕਰਜ਼ੇ, ਨਸ਼ੇ ਤੇ ਦਿਖਾਵੇ ਦੀਆਂ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ ਪਰ ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕੁਝ ਜ਼ਿਆਦਾ ਹੀ ਇਹ ਪ੍ਰੇਸ਼ਾਨੀਆਂ ਵਧ ਗਈਆਂ ਹਨ। ਹੁਣ ਗੱਲ ਕਰ ਲਈਏ ਇਹਨਾਂ ਬਿਮਾਰੀਆਂ ਦੀ ਜੋ ਸਮਾਜ ਨੂੰ ਘੁੰਣ ਵਾਂਗੂੰ ਖਾ ਰਹੀਆਂ ਹਨ। ਨਸ਼ਾ ਅੱਜ ਸਮੁੱਚੇ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ ਪਰ ਪੰਜਾਬ ਵਿਚ ਇਸ ਦਾ ਕਹਿਰ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਹਟਾਉਣ ਵਾਸਤੇ ਸਰਕਾਰਾਂ ਸਹੁੰ ਤੱਕ ਖਾ ਚੁੱਕੀਆਂ ਹਨ। ਬੜੇ ਹੀਲੇ ਵੀ ਕੀਤੇ ਗਏ ਤੇ ਹੋਰ ਹੋ ਵੀ ਰਹੇ ਹਨ, ਪਰ ਜ਼ਮੀਨੀ ਪੱਧਰ ‘ਤੇ ਅਸਰ ਤੇ ਰਿਜ਼ਲਟ ਜ਼ੀਰੋ ਹੀ ਹੁੰਦਾ ਨਜ਼ਰ ਆਉਂਦਾ ਹੈ।

ਥੋੜ੍ਹੇ ਦਿਨ ਹੀ ਬੀਤਦੇ ਹਨ ਕਿ ਬਹੁਤ ਵੱਡੀਆਂ-ਵੱਡੀਆਂ ਖੇਪਾਂ ਫੜ੍ਹੀਆਂ ਜਾਂਦੀਆਂ ਹਨ। ਇੱਕ ਖੇਪ ਦੀ ਗੱਲ ਮੁੱਕਦੀ ਨਹੀਂ ਤੇ ਫਿਰ ਇਸ ਤੋਂ ਵੀ ਵੱਡੀ ਖੇਪ ਫੜ੍ਹਨ ਦੀਆਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਹਨ ਭਾਵੇਂ ਪਾਕਿਸਤਾਨ ਤੋਂ ਨਮਕ ਦੇ ਬਹਾਨੇ ਹੈਰੋਇਨ ਆਈ ਹੋਵੇ ਜਾਂ ਫਿਰ ਅੰਮ੍ਰਿਤਸਰ ਤੋਂ ਲੀਡਰਾਂ ਦੀ ਕੋਠੀ ਵਿੱਚੋਂ ਫੜ੍ਹੀ ਗਈ ਹੋਵੇ। ਇੱਕਾ-ਦੁੱਕਾ ਤਾਂ ਹਰ ਰੋਜ਼ ਹੀ ਕਈ ਥਾਵਾਂ ‘ਤੇ ਕਰੋੜਾਂ ਰੁਪਈਆਂ ਦੀਆਂ ਖੇਪਾਂ ਫੜ੍ਹੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਕੀ ਹੈ? ਪੰਜਾਬ ਨੂੰ ਤਹਿਸ-ਨਹਿਸ ਕਰਨ ਦੀਆਂ ਘਿਨੌਣੀਆਂ ਹਰਕਤਾਂ ਨਹੀਂ ਹਨ ਤਾਂ ਹੋਰ ਕੀ ਹੈ?

ਜੇਕਰ ਹੁਣ ਕਰਜ਼ੇ ਦੀ ਗੱਲ ਕਰ ਲਈਏ ਤਾਂ ਭਾਵੇਂ ਪੰਜਾਬ ਦੇ ਬਜਟ ਦੀ ਗੱਲ ਕਰ ਲਈਏ ਤੇ ਭਾਵੇਂ ਘਰਾਂ ਦੀ ਗੱਲ ਕਰ ਲਈਏ ਕਰਜ਼ਾ ਬੇਸ਼ੁਮਾਰ ਚੜ੍ਹਿਆ ਪਿਆ ਹੈ। ਕਰਜ਼ਾ ਕੋਈ ਆਪਣੇ-ਆਪ ਨਹੀਂ ਚੜ੍ਹਦਾ ਸਗੋਂ ਚੜ੍ਹਾਇਆ ਜਾਂਦਾ ਹੈ ਉਹ ਵੀ ਵੇਖਾ-ਵੇਖੀ ਕਿ ਫਲਾਣਾ ਕੰਮ ਉਸ ਨੇ ਕਰ ਲਿਆ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਗੁਆਂਢੀਆਂ ਨੇ ਵਿਆਹ ਪੈਲੇਸ ਵਿਚ ਕੀਤਾ ਹੈ ਅਸੀਂ ਵੀ ਉੱਥੇ ਹੀ ਕਰਾਂਗੇ, ਫਲਾਣੇ ਨੇ ਗੱਡੀ ਵੱਡੀ ਲਿਆਂਦੀ ਹੈ ਹੁਣ ਅਸੀਂ ਵੀ ਲੈ ਕੇ ਆਵਾਂਗੇ।

ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਵਾਲੀ ਗੱਲ ਅਸੀਂ ਭੁੱਲ ਗਏ ਹਾਂ ਤੇ ਸਾਨੂੰ ਇੱਕੋ ਗੱਲ ਯਾਦ ਹੈ ਕਿ ਜੇ ਅਗਲੇ ਦਾ ਮੂੰਹ ਘਿਉ ਖਾ ਕੇ ਲਾਲ ਹੋਇਆ ਹੈ ਤਾਂ ਅਸੀਂ ਆਪਣਾ ਮੂੰਹ ਚਪੇੜਾਂ ਮਾਰ ਕੇ ਲਾਲ ਕਰ ਲਈਏ। ਗੱਲ ਉਹੀ ਹੋ ਰਹੀ ਹੈ।

ਮੁੰਡੇ-ਕੁੜੀਆਂ ਵੱਧ ਤੋਂ ਵੱਧ ਇੱਕ-ਦੂਸਰੇ ਤੋਂ ਦਿਖਾਵਾ ਕਰਨ ‘ਤੇ ਤੁਲੇ ਹੋਏ ਹਨ ਭਾਵੇਂ ਵਿਆਹ ਸਾਡੇ ਹੋਵੇ ਜਾਂ ਫਿਰ ਭਾਵੇਂ ਹੋਰ ਕਿਧਰੇ ਜਾਣਾ ਹੋਵੇ। ਬੱਸ ਸਾਡਾ ਟੌਹਰ ਕਿਸੇ ਨਾਲੋਂ ਘੱਟ ਨਹੀਂ ਹੋਣਾ ਚਾਹੀਦਾ ਭਾਵੇਂ ਜ਼ਮੀਨ ਗਹਿਣੇ ਪਾ ਕੇ ਹੀ ਕਿਉਂ ਨਾ ਕੱਢਣਾ ਪਏ। ਇਹ ਤਾਂ ਅੱਜ ਦੇ ਹਾਲਾਤ ਹੋ ਗਏ ਹਨ

ਜੇ ਅੱਜ-ਕੱਲ੍ਹ ਦੀ ਮਹਿੰਗਾਈ ਦੇ ਜਮਾਨੇ ਵਿਚ ਕਿਸੇ ਨੇ ਬਚਣਾ ਹੈ ਤਾਂ ਇਹਨਾਂ ਬਿਮਾਰੀਆਂ ਤੋਂ ਦੂਰ ਹੋਣਾ ਪਵੇਗਾ। ਇੱਕ ਆਫ਼ਤ ਕੁਦਰਤੀ ਹੁੰਦੀ ਇੱਕ ਮਨੁੱਖ ਵੱਲੋਂ ਸਹੇੜੀ ਜਾਂਦੀ ਹੈ ਪਰਮਾਤਮਾ ਦੀ ਕੀਤੀ ਸਾਰੇ ਜ਼ਰ ਜਾਂਦੇ ਹਨ ਪਰ ਆਪਣੇ ਵੱਲੋਂ ਸਹੇੜੀ ਆਫ਼ਤ ਫਿਰ ਖੁਦਕੁਸ਼ੀਆਂ ਦੇ ਰਾਹ ‘ਤੇ ਲੈ ਜਾਂਦੀ ਹੈ। ਅਸੀਂ ਇਨਸਾਨ ਹਾਂ ਸਾਨੂੰ ਸਾਰੀ ਸੋਝੀ ਹੈ ਕਿ ਕੀ ਚੰਗਾ ਹੈ ਤੇ ਕੀ ਮਾੜਾ ਹੈ ਇਸ ਬਾਰੇ ਅਸੀਂ ਆਪ ਨਿਰਣਾ ਲੈਣਾ ਹੈ। ਜੇ ਚੰਗੀ ਜਿੰਦਗੀ ਜਿਉਣੀ ਹੈ ਤਾਂ ਹੱਥੀਂ ਮਿਹਨਤ ਕਰਨੀ ਪਏਗੀ ਤੇ ਫੋਕੇ ਟੌਹਰ-ਟਪੱਲੇ ਛੱਡਣੇ ਪੈਣਗੇ।

ਨਸ਼ਾ ਤੇ ਦਿਖਾਵਾ ਖਾਸ ਕਰਕੇ ਇਹ ਹੀ ਕਰਜੇ ਦੀ ਜੜ੍ਹ ਹਨ ਜਿੱਥੋਂ ਤੱਕ ਮੇਰੀ ਸੋਚਣੀ ਹੈ ਬਾਕੀ ਸਾਰੀ ਦੁਨੀਆਂ ਆਪ ਸਿਆਣੀ ਹੈ। ਜੇ ਅਸੀਂ ਇਹਨਾਂ ਲਾਹਨਤਾਂ ਨੂੰ ਛੱਡ ਦੇਈਏ ਤਾਂ ਫਿਰ ਵੇਖੋ ਤਰੱਕੀ ਤੁਹਾਡੇ ਕਿਵੇਂ ਪੈਰ ਚੁੰਮਦੀ ਫਿਰੇਗੀ। ਫਿਰ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਇੱਥੇ ਰਹਿ ਕੇ ਹੀ ਸਾਰੇ ਮਸਲੇ ਹੱਲ ਹੋ ਜਾਣਗੇ ਇੱਕ ਵਾਰ ਹਿੰਮਤ ਕਰਕੇ ਤਾਂ ਵੇਖੀਏ।
ਮਮਦੋਟ (ਫਿਰੋਜ਼ਪੁਰ)
ਮੋ. 75891-55501
ਸੂਬੇਦਾਰ ਜਸਵਿੰਦਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।