ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਣ ਲਈ ਹੋਈ ਝੜਪ, ਵਿਧਾਇਕ ਜੈ ਕ੍ਰਿਸ਼ਨ ਰੋੜੀ ਅਤੇ ਪੁਲਿਸ ਆਪਸ ‘ਚ ਭਿੜੀ
ਡੀਜੀਪੀ ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸੂ ਦੀ ਬਰਖ਼ਾਸਤਗੀ ਲਈ ਸਾਰਾ ਦਿਨ ਚਲਦਾ ਰਿਹਾ ਵਿਰੋਧ
ਪ੍ਰਸ਼ਨ ਕਾਲ ਦੌਰਾਨ ਸ਼ੁਰੂ ਹੋਇਆ ਹੰਗਾਮਾ ਸ਼ਾਮ ਤੱਕ ਰਿਹਾ ਜਾਰੀ, ਸਦਨ ਦੀ ਕਾਰਵਾਈ ਮੰਗਲਵਾਰ ਤੱਕ ਹੋਈ ਮੁਲਤਵੀ
ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂਆਤ ਤੋਂ ਹੀ ਹੰਗਾਮਾ
ਅਮਰਿੰਦਰ ਸਿੰਘ ਨਹੀਂ ਆਏ ਸਦਨ ਦੀ ਕਾਰਵਾਈ ਵਿੱਚ, ਸਪੀਕਰ ਨੇ ਵਾਰ ਵਾਰ ਕੀਤੀ ਸ਼ਾਂਤ ਹੋਣ ਦੀ ਕੀਤੀ ਅਪੀਲ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਸਾਰਾ ਦਿਨ ਹੀ ਹੰਗਾਮਾ (Budget Session) ਚੱਲਦਾ ਰਿਹਾ। ਇਸ ਦੌਰਾਨ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ ਪਰ ਦੋਵਾਂ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਜਾਰੀ ਰੱਖੇ ਜਾਣ ਕਰਕੇ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਲੋਂ ਸਦਨ ‘ਚ ਲਗੇ ਸਪੀਕਰਾਂ ਨਾਲ ਛੇੜ-ਛਾੜ ਕਰਨ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ 12 ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ 12 ਵਿਧਾਇਕਾਂ ਨੂੰ ਨੇਮ ਕਰਦੇ ਹੋਏ ਸਦਨ ਤੋਂ ਬਾਹਰ ਕਰਨ ਦੇ ਆਦੇਸ਼ ਤੱਕ ਜਾਰੀ ਕਰ ਦਿੱਤੇ ਗਏ।
ਇਸ ਦੌਰਾਨ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕੀਤੀ ਗਈ। ਸਪੀਕਰ ਰਾਣਾ ਕੇ.ਪੀ. ਸਿੰਘ ਦੇ ਆਦੇਸ਼ਾਂ ਕਰਕੇ ਮਾਰਸ਼ਲਾਂ ਵੱਲੋਂ ਵਿਧਾਇਕਾਂ ਨੂੰ ਖਿੱਚ-ਧੂਹ ਕਰਕੇ ਬਾਹਰ ਕੱਢਣ ਦੀ ਕੋਸ਼ਸ਼ ਕੀਤੀ ਅਤੇ ਪਹਿਲਾਂ ਨਿਸ਼ਾਨਾ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਬਣਾਇਆ ਗਿਆ ਪਰ ਇਸੇ ਦੌਰਾਨ ਜੈ ਕ੍ਰਿਸ਼ਨ ਰੋੜੀ ਅਤੇ ਪੁਲਿਸ ਵਿਚਕਾਰ ਕਾਫ਼ੀ ਜਿਆਦਾ ਖਿੱਚ ਧੂਹ ਹੋਈ, ਜਿਸ ਨਾਲ ਹੰਗਾਮਾ ਹੋਇਆ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਜੈ ਕ੍ਰਿਸ਼ਨ ਰੋੜੀ ਦਾ ਸਾਥ ਦਿੱਤਾ। 15 ਮਿੰਟ ਬੀਤਣ ਤੋਂ ਬਾਅਦ ਵੀ ਵਿਧਾਇਕਾਂ ਨੂੰ ਬਾਹਰ ਨਹੀਂ ਕੱਢਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਿਰੋਧੀ ਧਿਰਾਂ ਵਲੋਂ ਸਪੀਕਰ ਨਾਲ ਛੇੜ-ਛਾੜ ਨੂੰ ਗਲਤ ਕਰਾਰ ਦਿੰਦੇ ਹੋਏ ਨਾ ਸਿਰਫ਼ ਨਿੰਦਾ ਕੀਤੀ, ਸਗੋਂ ਦੋਵੇਂ ਪਾਰਟੀਆਂ ਨੂੰ ਵਾਰ ਵਾਰ ਇੰਜ ਕਰਨ ਦਾ ਕਾਰਨ ਪੁੱਛਿਆ। ਇਥੇ ਹੀ ਸਦਨ ਦੀ ਕਾਰਵਾਈ ਕੱਲ੍ਹ ਲਈ ਮੁਲਤਵੀ ਕਰ ਦਿੱਤੀ ਗਈ।
ਸੋਮਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕਰਦੇ ਹੋਏ ਸੱਤਾ ਧਿਰ ਨੂੰ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਮੁੱਦੇ ਘੇਰਦੇ ਹੋਏ ਉਨਾਂ ਦੀ ਬਰਖ਼ਾਸਤਗੀ ਦੀ ਮੰਗ ਕਰ ਦਿੱਤੀ ਹੈ।
ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸ਼ਾਂਤ ਕਰਵਾਉਣ ਦੀ ਕਾਫ਼ੀ ਕੋਸ਼ਸ਼ ਕੀਤੀ ਗਈ ਪਰ ਦੋਵੇਂ ਧਿਰਾਂ ਵੱਲੋਂ ਹੰਗਾਮਾ ਬੰਦ ਨਾ ਕਰਨ ਕਰਕੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਦਨ ਦੀ ਕਾਰਵਾਈ ਨੂੰ 30 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ ਇਸ ਦੌਰਾਨ ਪ੍ਰਸ਼ਨ ਕਾਲ ਦੀ ਸ਼ੁਰੂਆਤ ਹੋਈ ਹੀ ਸੀ ਪਰ ਹੰਗਾਮੇ ਕਰਕੇ ਮੁਲਤਵੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਮੁੜ ਤੋਂ 10:40 ‘ਤੇ ਸ਼ੁਰੂ ਹੋਈ ਹੋਈ ਸਦਨ ਦੀ ਕਾਰਵਾਈ ਨੂੰ 6-7 ਮਿੰਟ ਹੀ ਹੋਏ ਸਨ ਕਿ ਦੋਵੇਂ ਧਿਰਾਂ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਕਾਰਨ ਸਾਹਮਣੇ ਬੈਠੇ ਕਾਂਗਰਸੀ ਵਿਧਾਇਕਾਂ ਨੇ ਵੀ ਹੰਗਾਮਾ ਕਰਦੇ ਹੋਏ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਸੀ।
ਸਦਨ ਵਿੱਚ ਹੰਗਾਮਾ ਹੁੰਦੇ ਦੇਖ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਦਨ ਦੀ ਕਾਰਵਾਈ ਨੂੰ ਮੁੜ ਤੋਂ 30 ਮੁਲਤਵੀ ਕਰਨਾ ਪਿਆ, ਕਿਉਂਕਿ ਵਿਰੋਧੀ ਧਿਰਾਂ ਹੰਗਾਮੇ ਨੂੰ ਬੰਦ ਕਰਨ ਦੇ ਮੂਡ ਵਿੱਚ ਹੀ ਦਿਖਾਈ ਨਹੀਂ ਦੇ ਰਹੇ ਹਨ।
ਸਦਨ ਦੀ ਕਾਰਵਾਈ ਮੁੜ 30 ਮਿੰਟ ਬਾਅਦ ਸ਼ੁਰੂ ਹੋਣ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸਦਨ ਦਾ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਦੋਂ ਕਿ ਇਸੇ ਸਮੇਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੋਲਦੇ ਹੋਏ ਡੀ.ਜੀ.ਪੀ. ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕਰਦੇ ਹੋਏ ਕਿਹਾ ਕਿ ਹਾਉਸ ਡੀ.ਜੀ.ਪੀ. ਨੂੰ ਬਰਖ਼ਾਸਤ ਕਰ ਸਕਦਾ ਹੈ ਅਤੇ ਜਦੋਂ ਤੱਕ ਇੰਜ ਨਹੀਂ ਹੁੰਦਾ ਹੈ, ਉਨਾਂ ਦਾ ਵਿਰੋਧ ਬੰਦ ਨਹੀਂ ਹੋਏਗਾ। ਅਕਾਲੀ ਦਲ ਵਲੋਂ ਵੀ ਇਹੋ ਮੰਗ ਕੀਤੀ ਗਈ।
ਇਸੇ ਦੌਰਾਨ ਦੋਵਾਂ ਧਿਰਾਂ ਵਲੋਂ ਹੰਗਾਮਾ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਕਿ ਲਗਭਗ 5:20 ਤੱਕ ਜਾਰੀ ਰਿਹਾ। ਇਸ ਦੌਰਾਨ ਹੰਗਾਮਾ ਕਰ ਰਹੇ ਕਿਸੇ ਵਿਧਾਇਕ ਵੱਲੋਂ ਰਿਪੋਰਟਰ ਦੇ ਕੋਲ ਲਗੇ ਸਪੀਕਰ ਨਾਲ ਛੇੜ-ਛਾੜ ਕਰਦੇ ਹੋਏ ਬੰਦ ਕਰ ਦਿੱਤਾ ਗਿਆ। ਜਿਸ ਦੀ ਜਾਣਕਾਰੀ ਮਿਲਦੇ ਸਾਰ ਹੀ ਸਪੀਕਰ ਵਲੋਂ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਗਿਆ, ਕਿਉਂਕਿ ਜੇਕਰ ਰਿਪੋਰਟਰਾਂ ਨੂੰ ਸੁਣਾਈ ਹੀ ਨਹੀਂ ਦੇਵੇਗਾ ਤਾਂ ਸਦਨ ਦੀ ਕਾਰਵਾਈ ਦਾ ਰਿਕਾਰਡ ਕਿਵੇਂ ਤਿਆਰ ਕੀਤਾ ਜਾ ਸਕੇਗਾ।
ਇਸ ਮਾਮਲੇ ਵਿੱਚ ਸਖ਼ਤੀ ਦਿਖਾਉਂਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਮ ਆਦਮੀ ਪਾਰਟੀ ਦੇ 12 ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ 12 ਵਿਧਾਇਕਾਂ ਨੂੰ ਨੇਮ ਕਰਦੇ ਹੋਏ ਸਦਨ ਤੋਂ ਬਾਹਰ ਕਰਨ ਦਾ ਆਦੇਸ਼ ਦਿੰਦੇ ਹੋਏ ਤੀਜੀ ਵਾਰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਜਿਸ ਤੋਂ ਬਾਅਦ ਵੀ ਇਹ ਸਾਰੇ ਵਿਧਾਇਕ ਬਾਹਰ ਨਹੀਂ ਕੱਢੇ ਜਾ ਸਕੇ ਅਤੇ ਸਦਨ ਦੀ ਕਾਰਵਾਈ ਅਗਲੇ ਦਿਨ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।