ਨਹਿਰਬੰਦੀ ਨੇ ਕਿੰਨੂ ਕਾਸ਼ਤਕਾਰਾਂ ਦੇ ਚਿਹਰਿਆਂ ਤੋਂ ਉਡਾਈ ਚਮਕ

ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਜਿਆਦਾ ਹੋਣ ਦੇ ਬਾਵਜੂਦ ਕਾਸ਼ਤਕਾਰ ਉਦਾਸ

ਨਹਿਰਬੰਦੀ ਕਾਰਨ ਕਿੰਨੂ ਦਾ ਸਾਇਜ਼ ਤੇ ਭਾਰ ਰਿਹਾ ਘੱਟ

ਅਬੋਹਰ, (ਸੁਧੀਰ ਅਰੋੜਾ) ਪੰਜਾਬ ਵਿੱਚ ਇਸ ਵਾਰ ਕਿੰਨੂ ਦੀ ਫਸਲ ਨਾਲ ਕਾਸ਼ਤਕਾਰਾਂ (Farmers) ਦੇ ਚਿਹਰਿਆਂ ‘ਤੇ ਜੋ ਚਮਕ ਸੀਜਨ ਦੀ ਸ਼ੁਰੂਆਤ ਵਿੱਚ ਆਈ ਸੀ, ਉਹ ਸੀਜਨ ਦੇ ਅੰਤਿਮ ਦੌਰ ਵਿੱਚ ਪੁੱਜਦੇ-ਪੁੱਜਦੇ ਫਿੱਕੀ ਪੈ ਗਈ ਇੱਕ ਪਾਸੇ ਜਿੱਥੇ ਲਗਾਤਾਰ ਨਹਿਰਬੰਦੀ ਕਾਰਨ ਕਿੰਨੂ ਦਾ ਭਾਰ ਘੱਟ ਰਿਹਾ ਉਥੇ ਹੀ ਇਸ ਵਾਰ ਠੇਕੇ ‘ਤੇ ਚੜੇ ਬਾਗ਼ਾਂ ਦੇ ਰੇਟ ਵੀ ਠੀਕ ਨਹੀਂ ਮਿਲੇ, ਜਿਸ ਕਾਰਨ ਬਾਗਵਾਨ ਨਿਰਾਸ਼ ਦਿਸ਼ ਰਹੇ ਹਨ

ਬਾਗਵਾਨੀ ਵਿੱਚ ਮਾਹਰ ਪਿੰਡ ਸ਼ੇਰਗੜ ਦੇ ਕਾਸ਼ਤਕਾਰ ਵਿਕਾਸ ਭਾਦੂ ਨੇ ਦੱਸਿਆ ਕਿ ਉਨ੍ਹਾਂ ਦੇ 12 ਸਾਲਾਂ ਤੋਂ 13 ਏਕੜ ਜ਼ਮੀਨ ਵਿੱਚ ਲੱਗੇ ਬਾਗ ਵਿੱਚ ਪਿਛਲੇ ਸਾਲ ਘੱਟ ਫਸਲ ਦੇ ਬਾਵਜੂਦ ਕਿੰਨੂ ਦਾ ਭਾਰ ਜ਼ਿਆਦਾ ਰਿਹਾ, ਜਦੋਂ ਕਿ ਇਸ ਸਾਲ ਫਸਲ ਦੇ ਜ਼ਿਆਦਾ ਉਤਪਾਦਨ ਦੇ ਹਿਸਾਬ ਨਾਲ ਵਜ਼ਨ ਘੱਟ ਰਿਹਾ ਉਨ੍ਹਾਂ ਇਸ ਪਿੱਛੇ ਕਾਰਨ ਇਸ ਵਾਰ ਨਹਿਰਬੰਦੀ ਨੂੰ ਦੱਸਿਆ ਉਹਨਾਂ ਕਿਹਾ ਕਿ ਨਹਿਰਬੰਦੀ ਕਾਰਨ ਕਿੰਨੂ ਦਾ ਸਾਇਜ ਅਤੇ ਭਾਰ ਦੋਵੇਂ ਹੀ ਘੱਟ ਰਹੇ

ਉਨ੍ਹਾਂ ਦੱਸਿਆ ਕਿ ਇਸ ਸੀਜਨ ਵਿੱਚ ਜਨਵਰੀ ਦੇ ਲਾਸਟ ਤੱਕ ਮੌਸਮ ਸਥਿਰ ਨਾ ਰਹਿਣ ਕਾਰਨ ਅਤੇ ਪਾਣੀ ਨਾ ਲੱਗਣ ਕਾਰਨ ਡਰਾਪਿੰਗ ਬਹੁਤ ਰਹੀ ਪਰ ਹੁਣ ਫਰਵਰੀ ਦੇ ਪਹਿਲੇ ਹਫ਼ਤੇ ਦੇ ਬਾਅਦ ਡਰਾਪਿੰਗ ਵਿੱਚ ਕਾਫ਼ੀ ਕਮੀ ਪਾਈ ਗਈ ਹੈ ਕਿੰਨੂ ਦਾ ਭਾਰ ਘੱਟ ਹੋਣ ਦਾ ਇੱਕ ਕਾਰਨ ਕੋਹਰੇ ਦੀ ਮਾਰ ਨੂੰ ਵੀ ਦੱਸਿਆ ਉਹਨਾਂ ਕਿਹਾ ਕਿ ਕਿੰਨੂ ਲਈ ਟਿਊਬਵੈੱਲ ਦਾ ਪਾਣੀ ਨੁਕਸਾਨ ਦਾਇਕ ਹੈ, ਜੇਕਰ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਨਹਿਰਬੰਦੀ ਜਿਆਦਾ ਨਾ ਹੋਵੇ ਤਾਂ ਕਿਸਾਨਾਂ ਨੂੰ ਆਪਣੀ ਮਿਹਨਤ ਦੀ ਭਰਪਾਈ ਪੂਰੀ ਹੋ ਸਕਦੀ ਹੈ

ਉਹਨਾਂ ਕਿਹਾ ਕਿ ਨਹਿਰਬੰਦੀ ਦੀ ਸਮੱਸਿਆ ਤਾਂ ਹੁਣ ਵੀ ਬਣੀ ਹੋਈ ਹੈ ਇਸ ਵਾਰ ਨਵੇਂ ਕਿੰਨੂ ਦੀ ਫੁਟਾਰ ਦਿਨ ਵਿੱਚ ਪੈ ਰਹੀ ਗਰਮੀ ਦੇ ਕਾਰਨਾਂ ਕਰਕੇ 15 ਦਿਨ ਪਹਿਲਾਂ ਸ਼ੁਰੂ ਹੋ ਗਈ ਹੈ ਅਗਲੀ ਫਸਲ ਲੈਣ ਲਈ ਉਹ ਖਾਧ ਆਦਿ ਬਾਗਾਂ ਨੂੰ ਦੇਣ ਲੱਗੇ ਹਨ ਉਹਨਾ ਕਿਹਾ ਕਿ ਬਾਗਾਂ ਵਿੱਚ ਹੁਣ ਵੀ ਪਾਣੀ ਦੀ ਜਿਆਦਾ ਲੋੜ ਹੈ ਪਰ ਹੁਣ ਜਿੰਨਾਂ ਪਾਣੀ ਉਨ੍ਹਾਂ ਨੂੰ ਮਿਲ ਰਿਹਾ ਹੈ, ਉਸ ਕਰਕੇ ਉਹ ਦੋਚਿੱਤੀ ਵਿੱਚ ਹਨ ਕਿ ਪਾਣੀ ਪਹਿਲਾਂ ਕਿਸ ਫਸਲ ਨੂੰ ਲਾਉਣ ਕਿਉਂਕਿ ਹੁਣ ਕਣਕ ਦੀ ਫਸਲ ਅਤੇ ਹਰੇ ਚਾਰੇ ਲਈ ਵੀ ਪਾਣੀ ਦੀ ਬੇਹੱਦ ਲੋੜ ਹੈ

ਰੇਟ ਵਿੱਚ ਨਹੀਂ ਇਕਸਾਰਤਾ

ਉਹਨਾਂ ਦੱਸਿਆ ਕਿ ਇਸ ਵਾਰ ਕਿੰਨੂ ਦਾ ਜ਼ਿਆਦਾ ਤੋਂ ਜਿਆਦਾ ਰੇਟ ਦਸਬੰਰ ਦੇ ਆਖਰ ਤੱਕ 18 ਰੁਪਏ ਹੀ ਮਿਲਿਆ ਹੁਣ ਫਰਵਰੀ ਦੇ ਇਸ ਤੀਜੇ ਹਫ਼ਤੇ ਵਿੱਚ 12 ਤੋਂ 14 ਰੁਪਏ ਤੱਕ ਮਿਲ ਰਿਹਾ ਹੈ ੱਿਛਲੀ ਵਾਰ ਕਿੰਨੂ ਦੇ ਸੌਦੇ 12 ਰੁਪਏ  ਦੇ ਕਰੀਬ ਹੋਏ ਜੋਕਿ ਇਸ ਵਾਰ 14 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਸੌਦੇ ਹੋ ਰਹੇ ਹਨ  ਕਈ ਹੋਰ ਬਾਗਬਾਨਾਂ ਦਾ ਕਹਿਣਾ ਹੈ ਕਿ ਬਾਗਬਾਨਾਂ ਨੂੰ ਮਾਰਕੀਟਿੰਗ ਵਿੱਚ ਠੇਕੇਦਾਰਾਂ ਦੁਆਰਾ ਠੀਕ ਮੁੱਲ ਨਹੀਂ ਮਿਲ ਰਿਹਾ ਇੱਕ ਜਗ੍ਹਾ ਰੇਟ 17 ਰੁਪਏ ਤੇ ਕਈ ਜਗ੍ਹਾ 12 ਰੁਪਏ ਦੇ ਕਰੀਬ ਕਿੰਨੂ ਦਾ ਰੇਟ ਮਿਲ ਰਿਹਾ ਹੈ ਪਰ ਦੋਵਾਂ ਦੀ ਕੁਆਲਿਟੀ ਵਿੱਚ ਜ਼ਿਆਦਾ ਅੰਤਰ ਵਿਖਾਈ ਨਹੀਂ ਦਿੰਦਾ

ਐਨਪੀਆਰ ਅਤੇ ਸੀਏਏ ਦਾ ਅਸਰ ਕਿੰਨੂ ਦੀ ਮਾਰਕੀਟਿੰਗ ‘ਤੇ

ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ ਨਾਗਰਿਕ ਸੋਧ ਕਾਨੂੰਨ (ਸੀਏਏ) ਲਾਗੂ ਹੋਣ ਕਾਰਨ ਪੂਰੇ ਦੇਸ਼ ਵਿੱਚ ਹੋਏ ਵਿਰੋਧ ਦੇ ਚਲਦੇ ਇਸਦਾ ਸਭ ਤੋਂ ਜ਼ਿਆਦਾ ਅਸਰ ਕਿੰਨੂ ਦੀ ਮਾਰਕੀਟਿੰਗ ‘ਤੇ ਪਿਆ 10 ਜਨਵਰੀ ਤੋਂ 10 ਫਰਵਰੀ  ਵਿੱਚ ਵਪਾਰੀਆਂ ਨੇ ਇਸ ਫਸਲ ਨੂੰ ਖਰੀਦਿਆ ਹੀ ਨਹੀਂ, ਜਿਸ ਕਾਰਨ ਬਾਗਾਂ ਵਿੱਚ ਪਏ ਸਟਾਕ ਖ਼ਰਾਬ ਹੋ ਗਏ ਅਤੇ ਕਾਸ਼ਤਕਾਰਾਂ ਨੂੰ ਨੁਕਸਾਨ ਝੱਲਣਾ ਪਿਆ

ਪੰਜਾਬ ਦੇ ਨਾਲ ਦੂਜੇ ਰਾਜਾਂ ‘ਚ ਅਬੋਹਰ ਦੇ ਕਿੰਨੂ ਮਸ਼ਹੂਰ

ਅਬੋਹਰ ਦੇ ਕਿੰਨੂ ਆਪਣੀ ਮਿਠਾਸ ਕਾਰਨ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਵਿੱਚ ਵੀ ਮਸ਼ਹੂਰ ਹਨ, ਜਿਸ ਕਰਕੇ ਇਹਨਾਂ ਨੂੰ ਬੰਗਲਾਦੇਸ਼ ਦੇ ਨਾਲ-ਨਾਲ ਗੁਜਰਾਤ, ਪੱਛਮੀ ਬੰਗਾਲ, ਅਸਮ, ਦਿੱਲੀ, ਉੱਤਰਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਨੇਪਾਲ, ਕਰਨਾਟਕ ਵਿੱਚ ਸਭ ਤੋਂ ਜ਼ਿਆਦਾ ਭੇਜਿਆ ਜਾਂਦਾ ਹੈ ਜਿੱਥੇ ਕਿ ਇਹਨਾਂ ਦੀ ਕਾਫੀ ਮੰਗ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।